ਸਵੇਰੇ ਹੋਈ ਕਿਡਨੈਪਿੰਗ, ਦੇਰ ਸ਼ਾਮ ਪੁਲਸ ਨੇ ਦਬੋਚੇ ਅਗਵਾਕਾਰ
Friday, Dec 06, 2019 - 08:15 PM (IST)
ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)— ਥਾਣਾ ਸਿਟੀ ਪੁਲਸ ਨੇ ਸ਼ੁੱਕਰਵਾਰ ਦੀ ਸਵੇਰ ਵਾਪਰੇ ਅਗਵਾ ਮਾਮਲੇ 'ਚ ਦੇਰ ਸ਼ਾਮ ਸ਼ਫਲਤਾ ਹਾਸਿਲ ਕਰਦੇ ਹੋਏ ਜਿੱਥੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਉੱਥੇ ਹੀ ਅਗਵਾ ਹੋਏ ਨੌਜਵਾਨ ਨੂੰ ਵੀ ਉਨ੍ਹਾਂ ਦੇ ਕਬਜ਼ੇ 'ਚੋਂ ਛੁੜਵਾਇਆ ਹੈ। ਅਗਵਾ ਕਰਨ ਵਾਲੇ ਦੋਸ਼ੀਆਂ ਦੀ ਗਿਣਤੀ ਲਗਭਗ 9 ਦੱਸੀ ਜਾ ਰਹੀ ਹੈ। ਫਿਲਹਾਲ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਨੇ ਦੇਰ ਸ਼ਾਮ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਸਵਾਰ ਕੁਝ ਲੋਕ ਮੋਟਰਸਾਈਕਲ 'ਤੇ ਜਾ ਰਹੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਲੈ ਗਏ ਸਨ।
ਪੁਲਸ ਨੂੰ ਦਿੱਤੀ ਜਾਣਕਾਰੀ 'ਚ ਲਵਜੋਤ ਸਿੰਘ ਪੁੱਤਰ ਗੁਰਮੁੱਖ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਗਲੀ ਨੰ: 01 ਨੇੜੇ ਦਾਤਣ ਸਾਹਿਬ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਸੀ ਕਿ ਉਹ ਤੇ ਉਸਦਾ ਦੋਸਤ ਲਵਦੀਪ ਸਿੰਘ (ਉਮਰ ਕਰੀਬ 17-18 ਸਾਲ) ਪੁੱਤਰ ਗੁਰਮੀਤ ਸਿੰਘ ਵਾਸੀ ਚੱਕ ਰੋਹੀਵਾਲਾ ਜ਼ਿਲ੍ਹਾ ਫਾਜ਼ਿਲਕਾ ਸ਼ੁੱਕਰਵਾਰ ਦੀ ਸਵੇਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਮਲੋਟ ਰੋਡ ਬਾਈਪਾਸ ਜਾ ਰਹੇ ਸੀ। ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਲਵਦੀਪ ਸਿੰਘ ਪਿੱਛੇ ਬੈਠਾ ਸੀ। ਜਦੋਂ ਉਹ ਸੁੱਖ ਹਸਪਤਾਲ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਪੁੱਜੇ ਤਾਂ ਉਨ੍ਹਾਂ ਦੇ ਪਿਛੇ ਇੱਕ ਸਕਾਰਪੀਓ ਗੱਡੀ ਆਈ ਤੇ ਉਨਾਂ ਦੇ ਮੋਟਰਸਾਇਕਲ ਦੇ ਅੱਗੇ ਲਗਾ ਦਿੱਤੀ। ਜਦੋਂ ਉਨਾਂ ਨੇ ਆਪਣਾ ਮੋਟਰਸਾਇਕਲ ਇਕ ਦਮ ਪਿੱਛੇ ਮੋੜ ਲਿਆ ਤਾਂ ਪਿਛੇ ਤੋਂ ਸਫੈਦ ਰੰਗ ਦੀ ਬਿਨਾਂ ਨੰਬਰੀ ਗੱਡੀ ਪੋਲੋ ਆਈ, ਜਿਸ 'ਚ 05 ਮੋਨੇ ਨੌਜਵਾਨ ਸਵਾਰ ਸਨ ਨੇ ਆਪਣੀ ਗੱਡੀ ਉਨਾਂ ਦੇ ਮੋਟਰਸਾਇਕਲ ਦੇ ਅੱਗੇ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਦਾ ਮੋਟਰਸਾਇਕਲ ਰੁੱਕ ਗਿਆ। ਇਸੇ ਦੌਰਾਨ ਪੋਲੋ ਗੱਡੀ ਤੇ ਸਕਾਰਪੀਓ ਗੱਡੀ 'ਚੋਂ ਉਤਰ ਕੇ ਆਏ 7 ਨੌਜਵਾਨਾਂ ਨੇ ਆਉਂਦੇ ਹੀ ਉਸਨੂੰੰ ਤੇ ਲਵਦੀਪ ਸਿੰਘ ਨੂੰ ਫੜ ਲਿਆ, ਅਤੇ ਉਨ੍ਹਾਂ ਨਾਲ ਕਾਫੀ ਹੱਥੋ ਪਾਈ ਕੀਤੀ ਤੇ ਉਸ ਦੇ ਦੋਸਤ ਲਵਦੀਪ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਅਗਵਾ ਕਰਕੇ ਸਕਾਰਪੀਓ ਗੱਡੀ 'ਚ ਸੁੱਟ ਲਿਆ ਤੇ ਆਪਣੇ ਨਾਲ ਲੈ ਗਏ। ਜਾਂਦੇ ਸਮੇਂ ਉਕਤ ਨੌਜਵਾਨ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦੇ ਗਏ।
ਐਸ.ਐਸ.ਪੀ. ਅਨੁਸਾਰ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਚ ਜਸਮੀਤ ਸਿੰਘ ਪੀ.ਪੀ.ਐੱਸ ਉੱਪ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਦੀ ਅਗਵਾਈ ਹੇਠ ਇੰਸਪੈਕਟਰ ਤੇਜਿੰਦਰਪਾਲ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਝੁੱਗੀਆਂ ਵਾਲਾ ਚੌਂਕ, ਪਿੰਡ ਕਾਲੇਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਅਗਵਾਹ ਹੋਏ ਲੜਕੇ ਲਵਦੀਪ ਸਿੰਘ ਨੂੰ ਕੁਝ ਘੰਟਿਆਂ 'ਚ ਹੀ ਬਰਾਮਦ ਕਰ ਲਿਆ। ਜਦਕਿ ਮੌਕੇ 'ਤੇ ਹੀ ਹਰਵਿੰਦਰ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਤੋਤਿਆਂਵਾਲੀ ਥਾਣਾ ਵੈਰੋਕੇ, ਅਨੀਕੇਤ ਪੁੱਤਰ ਸਤਪਾਲ ਵਾਸੀ ਦਸ਼ਮੇਸ ਨਗਰ ਜਲਾਲਾਬਾਦ ਤੇ ਸਤਬੀਰ ਸਿੰਘ ਪੁੱਤਰ ਰਾਮਬੀਰ ਵਾਸੀ ਜੰਡਵਾਲਾ ਖਰਤਾ ਨੂੰ ਸਫੈਦ ਰੰਗ ਦੀ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ। ਐੱਸ.ਐੱਸ.ਪੀ. ਅਨੁਸਾਰ ਇਸ ਮਾਮਲੇ 'ਚ ਜਲਦੀ ਬਾਕੀ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।