ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
Sunday, Jul 05, 2026 - 04:53 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਨੈਸ਼ਨਲ ਹਾਈਵੇ-54 'ਤੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧ ਵਿੱਚ ਥਾਣਾ ਸਦਰ ਪੁਲਸ ਕੋਟਕਪੂਰਾ ਨੂੰ ਦਿੱਤੇ ਬਿਆਨਾਂ ਅਨੁਸਾਰ ਸਤਨਾਮ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਢਿੱਲਵਾਂ ਕਲਾਂ ਨੇ ਦੱਸਿਆ ਕਿ ਅੱਜ ਸਵੇਰੇ ਉਸਦਾ ਪਿਤਾ ਕੇਵਲ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੇਤ ਗੇੜਾ ਮਾਰਨ ਜਾ ਰਿਹਾ ਸੀ। ਸਵੇਰੇ 9 ਵਜੇ ਉਹ ਵੀ ਆਪਣੇ ਦੂਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖੇਤ ਵੱਲ ਜਾ ਰਿਹਾ ਸੀ। ਉਸਨੇ ਦੱਸਿਆ ਕਿ ਜਦੋਂ ਉਹ ਸਿਵੀਆਂ ਰੋਡ ਵਾਲੇ ਕੱਟ 'ਤੇ ਨੈਸ਼ਨਲ ਹਾਈਵੇ-54 ਕੋਲ ਪੁੱਜਾ ਤਾਂ ਹਾਈਵੇ 'ਤੇ ਬਠਿੰਡੇ ਵਾਲੀ ਸਾਈਡ ਤੋਂ ਫਰੀਦਕੋਟ ਸਾਈਡ ਨੂੰ ਜਾ ਰਹੀ ਇੱਕ ਹੁੰਡਾਈ ਵਰਨਾ ਕਾਰ ਨੇ ਬੜੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਉਸਦੇ ਵੇਖਦੇ ਹੀ ਵੇਖਦੇ ਉਸਦੇ ਪਿਤਾ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ।
ਉਸਨੇ ਦੱਸਿਆ ਕਿ ਕਾਰ ਦੀ ਟੱਕਰ ਵੱਜਣ ਕਾਰਨ ਉਸ ਦਾ ਪਿਤਾ ਕਾਫੀ ਦੂਰ ਜਾ ਕੇ ਸੜਕ ਦੇ ਨਾਲ ਲੱਗਦੇ ਦਰਖੱਤਾਂ ਵਿੱਚ ਡਿੱਗ ਪਿਆ ਅਤੇ ਮੋਟਰਸਾਈਕਲ ਵੀ ਕਾਫੀ ਦੂਰ ਜਾ ਕੇ ਸੜਕ ਦੇ ਕਿਨਾਰੇ ਡਿੱਗ ਪਿਆ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਜਲਦੀ ਨਾਲ ਆਪਣੇ ਮੋਟਰਸਾਈਕਲ ਤੋਂ ਉਤਰ ਕੇ ਆਪਣੇ ਪਿਤਾ ਕੋਲ ਗਿਆ ਅਤੇ ਦੇਖਿਆ ਕਿ ਇਸ ਐਕਸੀਡੈਂਟ ਦੌਰਾਨ ਉਸਦੇ ਪਿਤਾ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਹ ਹੋਸ਼ ਵਿੱਚ ਨਹੀਂ ਸਨ। ਉਸਨੇ ਦੱਸਿਆ ਕਿ ਇਸ ਦੌਰਾਨ ਉਸਨੇ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧ ਵਿੱਚ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਨਾਮ ਮਾਲੂਮ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
