ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

Wednesday, May 20, 2026 - 08:19 PM (IST)

ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

ਲੌਂਗੋਵਾਲ, (ਵਸ਼ਿਸਟ,ਵਿਜੇ)- ਸੁਨਾਮ ਰੋਡ 'ਤੇ ਸਥਿਤ ਇਕ ਫੈਕਟਰੀ ਵਿਚ ਬੁੱਧਵਾਰ ਨੂੰ ਅਚਾਨਕ  ਭਿਆਨਕ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਖਦਸ਼ਾ ਹੈ। ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਨਹੀਂ ਪਾ ਸਕੀਆਂ। 

ਇਸ ਘਟਨਾ ਦੌਰਾਨ ਭਾਵੇਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਖ਼ਬਰ ਲਿਖੇ ਜਾਣ ਤਕ ਵੀ ਅੱਗ 'ਤੇ ਕਾਬੂ ਪਾਉਣ ਲਈ 6 ਗੱਡੀਆ ਵਲੋਂ ਯਤਨ ਜਾਰੀ ਸਨ। ਜਾਣਕਾਰੀ ਅਨੁਸਾਰ ਗੋਇਲ ਇੰਡਸਟਰੀਜ਼ ਸ਼ੇਰੋਂ ਰੋਡ 'ਤੇ ਪਰਾਲੀ ਤੋਂ ਗਿੱਟੀਆਂ ਬਣਾਉਣ ਵਾਲੀ ਫੈਕਟਰੀ ਵਿਚ ਅਚਾਨਕ ਬਿਜਲੀ ਦਾ ਸਪਾਰਕ ਹੋ ਗਿਆ। ਜਿਸ ਕਾਰਨ ਫੈਕਟਰੀ ਦੀ ਮਸੀਨਰੀ ਨੂੰ ਅੱਗ ਲੱਗ ਗਈ। 

ਗੋਇਲ ਇੰਡਸਟਰੀਜ਼ ਦੇ ਹਿੱਸੇਦਾਰ ਮਨੀ ਗੋਇਲ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਵੇਲੇ ਫੈਕਟਰੀ ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਵੇਖਦਿਆਂ-ਵੇਖਦਿਆਂ ਭਿਆਨਕ ਅੱਗ ਫੈਕਟਰੀ ਦੇ ਅੰਦਰ ਪਏ ਸਮਾਨ ਨੂੰ ਜਾ ਪਈ। ਇਸ ਘਟਨਾ ਦੀ ਸੂਚਨਾ ਥਾਣਾ ਲੌਂਗੋਵਾਲ ਅਤੇ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਤਾਂ ਥਾਣਾ ਲੌਂਗੋਵਾਲ ਦੇ ਐੱਸ.ਐੱਚ. ਓ. ਇੰਸਪੈਕਟਰ ਬਲਵੰਤ ਸਿੰਘ ਬਲਿੰਗ ਪੁਲਸ ਪਾਰਟੀ ਨਾਲ ਘਟਨਾ ਸਥਾਨ ਤੇ ਪੁੱਜ ਗਏ। 

PunjabKesari

ਥਾਣਾ ਮੁਖੀ ਨੇ ਦੱਸਿਆ ਕਿ ਸੰਗਰੂਰ, ਧੂਰੀ, ਸੁਨਾਮ ਆਦਿ ਤੋਂ 6 ਫਾਇਰ ਬ੍ਰਿਗੇਡ ਗੱਡੀਆ ਅੱਗ ਬੁਝਾਉਣ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਸਬੇ ਦੇ ਲੋਕਾਂ ਵਲੋਂ ਅੱਗ ਬੁਝਾਉਣ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਗ ਬੁਝਾਉਣ ਦੇ ਯਤਨਾਂ ਦੌਰਾਨ ਅੱਗ ਨੇੜੇ ਲਗਦੇ ਸ਼ੈਲਰ ਦੇ ਫੂਸ ਨੂੰ ਵੀ ਜਾ ਲੱਗੀ। ਇਸ ਘਟਨਾ ਵਿਚ ਹੋਏ ਪੂਰੇ ਨੁਕਸਾਨ ਦਾ ਪਤਾ ਤਾਂ ਅੱਗ ਬੁਝਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪਰ ਫਿਰ ਵੀ ਕਰੋੜਾਂ ਰੁਪਏ ਦਾ ਨੁਕਸਾਨ ਸਮਝਿਆ ਜਾ ਰਿਹਾ ਹੈ।


author

Rakesh

Content Editor

Related News