ਕਰਜ਼ੇ ਅਤੇ ਘਰੇਲੂ ਪਰੇਸ਼ਾਨੀਆਂ ਤੋਂ ਤੰਗ ਕਿਸਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Wednesday, Jun 10, 2026 - 06:05 PM (IST)
ਮਹਿਲ ਕਲਾਂ (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਦੀਵਾਨਾ ਵਿਖੇ ਇਕ ਕਿਸਾਨ ਨੇ ਕਰਜ਼ੇ ਅਤੇ ਘਰੇਲੂ ਪਰੇਸ਼ਾਨੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ (36) ਪੁੱਤਰ ਮੇਜਰ ਸਿੰਘ ਢਿੱਲੋਂ ਵਾਸੀ ਪਿੰਡ ਦੀਵਾਨਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਅਤੇ ਆਰਥਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ। ਉਸ ਦੀ ਪਤਨੀ ਕਿਰਨਦੀਪ ਕੌਰ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ, ਜਿਸ ਕਾਰਨ ਪਰਿਵਾਰ ਉੱਤੇ ਆਰਥਿਕ ਬੋਝ ਲਗਾਤਾਰ ਵੱਧਦਾ ਜਾ ਰਿਹਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਦੇ ਸਿਰ ਕਾਫ਼ੀ ਕਰਜ਼ਾ ਵੀ ਚੜ੍ਹਿਆ ਹੋਇਆ ਸੀ। ਕਰਜ਼ੇ ਦੀ ਮਾਰ ਕਾਰਨ ਉਸ ਨੇ ਆਪਣੇ ਦੁਧਾਰੂ ਪਸ਼ੂ, ਟਰੈਕਟਰ ਅਤੇ ਕਿਰਾਏ 'ਤੇ ਚਲਦੀਆਂ ਟੈਕਸੀਆਂ ਵੀ ਵੇਚ ਦਿੱਤੀਆਂ ਸਨ, ਪਰ ਇਸ ਦੇ ਬਾਵਜੂਦ ਕਰਜ਼ੇ ਦਾ ਬੋਝ ਘੱਟ ਨਹੀਂ ਹੋ ਸਕਿਆ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਸ਼ਾਮ ਕਰੀਬ 3 ਵਜੇ ਉਹ ਆਪਣੇ ਖੇਤ ਵਿਚ ਗਿਆ, ਜਿੱਥੇ ਉਸ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਉਸ ਦੀ ਹਾਲਤ ਵਿਗੜਣ 'ਤੇ ਪਰਿਵਾਰ ਵੱਲੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਸਵੇਰੇ ਕਰੀਬ 3 ਵਜੇ ਉਸ ਦੀ ਮੌਤ ਹੋ ਗਈ। ਸਰਬਜੀਤ ਸਿੰਘ ਰੰਗੀਆਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 195 ਬੀਐਨਐਸਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਭਾਕਿਯੂ ਵੱਲੋਂ ਮੁਆਵਜ਼ੇ ਦੀ ਮੰਗ
ਉੱਧਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰਵਿੰਦਰ ਸਿੰਘ ਦੀ ਮੌਤ ਨੇ ਇਕ ਵਾਰ ਫਿਰ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਸਿਰ ਚੜ੍ਹੇ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਨੂੰ ਤੁਰੰਤ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ। ਪਿੰਡ ਵਿਚ ਇਸ ਦੁਖਦਾਈ ਘਟਨਾ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
