ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਵੱਡੀ ਕਾਰਵਾਈ, ਸਰਵਿਸ ਰੋਡ ਤੋਂ ਚੁਕਵਾਈਆਂ ਰੇਹੜੀਆਂ

Friday, Jun 12, 2026 - 11:56 AM (IST)

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੀ ਵੱਡੀ ਕਾਰਵਾਈ, ਸਰਵਿਸ ਰੋਡ ਤੋਂ ਚੁਕਵਾਈਆਂ ਰੇਹੜੀਆਂ

ਭਵਾਨੀਗੜ੍ਹ (ਕਾਂਸਲ)– ਸਥਾਨਕ ਸ਼ਹਿਰ ਵਿਚ ਟ੍ਰੈਫਿਕ 'ਚ ਵੱਡਾ ਅੜਿੱਕਾ ਬਣਦੇ ਫਲ-ਸਬਜ਼ੀ ਦੀਆਂ ਰੇਹੜੀਆਂ ਵਾਲਿਆਂ ਵੱਲੋਂ ਵੱਖ-ਵੱਖ ਥਾਵਾਂ ਉੱਪਰ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਐੱਸ.ਡੀ.ਐੱਮ. ਭਵਾਨੀਗੜ੍ਹ ਮਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਰਜ ਸਾਧਕ ਅਫਸਰ ਦੀਪਕ ਗੋਇਲ, ਸਨੈਟਰੀ ਇੰਸਪੈਕਟਰ ਬੋਬੀ ਕੁਮਾਰ ਅਤੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦੀ ਅਗਵਾਈ ਵਾਲੀ ਨਗਰ ਕੌਂਸਲ ਅਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਰੇਹੜੀਆਂ ਵਾਲਿਆਂ ਦੇ ਸਮਾਨ ਨੂੰ ਰੇਹੜੀਆਂ ਸਮੇਤ ਚੁੱਕ ਕੇ ਨਗਰ ਕੌਂਸਲ ਲਿਜਾਇਆ ਗਿਆ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਦੀਪਕ ਗੋਇਲ ਅਤੇ ਸਨੈਟਰੀ ਇੰਸਪੈਕਟਰ ਬੋਬੀ ਕੁਮਾਰ ਨੇ ਦੱਸਿਆ ਕਿ ਸਥਾਨਕ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਦੀਆਂ ਸਰਵਿਸ ਰੋਡਾਂ ਉੱਪਰ ਫਲ ਫਰੂਟ ਅਤੇ ਸਬਜੀ ਦੀਆਂ ਰੇਹੜੀਆਂ ਵਾਲਾ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਇੱਥੇ ਟ੍ਰੈਫਿਕ ਦੀ ਸਮੱਸਿਆ ਕਾਫੀ ਗੰਭੀਰ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਇਥੇ ਹਾਦਸੇ ਵੀ ਵਾਪਰਦੇ ਸਨ। ਇੱਥੇ ਸਰਵਿਸ ਰੋਡਾਂ ਉੱਪਰ ਸਥਿਤ ਦੁਕਾਨਾਂ ਵਾਲੇ ਦੁਕਾਨਦਾਰ ਵੀ ਇਨ੍ਹਾਂ ਨਜਾਇਜ਼ ਕਬਜ਼ਿਆਂ ਕਾਰਨ ਕਾਫੀ ਪ੍ਰੇਸ਼ਾਨ ਸਨ। ਜਿਨਾਂ ਵੱਲੋਂ ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਨਗਰ ਕੌਂਸਲ ਅਤੇ ਪੁਲਸ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਅੱਜ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਇਥੋਂ ਹਟਾਉਣ ਦੀ ਕਾਰਵਾਈ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਅਗਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਸਾਰੀਆਂ ਜਨਤਕ ਥਾਵਾਂ ਦੇ ਉੱਪਰ ਮੁਨਿਆਦੀ ਕਰਵਾ ਕੇ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਖੁਦ ਹੀ ਆਪਣੇ ਨਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਨਾ ਰੇੜੀਆਂ ਵਾਲਿਆਂ ਵੱਲੋਂ ਇਸ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਅੱਜ ਨਗਰ ਕੌਂਸਲ ਨੂੰ ਮਜਬੂਰ ਹੋ ਕੇ ਇਹ ਸਖਤ ਕਦਮ ਚੁੱਕਣੇ ਪਏ ਹਨ। 

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਰੇਹੜੀ ਵਾਲੇ ਨੇ ਇਹਨਾਂ ਥਾਵਾਂ ਦੇ ਉੱਪਰ ਦੁਬਾਰਾ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਉਸ ਦਾ ਸਾਰਾ ਸਮਾਨ ਜਬਤ ਕਰਕੇ ਉਸ ਨੂੰ ਵੱਡਾ ਜੁਰਮਾਨਾ ਕੀਤਾ ਜਾਵੇਗਾ। 

ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਮੇਨ ਬਾਜ਼ਾਰ, ਹਸਪਤਾਲ ਰੋਡ, ਬਲਿਆਲ ਰੋਡ ਤੇ ਕਾਕੜਾ ਰੋਡ ਸਮੇਤ ਹੋਰ ਥਾਵਾਂ ਉੱਪਰ ਦੁਕਾਨਦਾਰਾਂ ਵੱਲੋਂ ਵੀ ਆਪਣਾ ਸਮਾਨ ਦੁਕਾਨਾਂ ਦੀਆਂ ਹੱਦਾਂ ਤੋਂ ਬਾਹਰ ਕੱਢ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੀ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਬਤ ਕਰਕੇ ਇਹਨਾਂ ਨੂੰ ਵੀ ਜੁਰਮਾਨੇ ਕੀਤੇ ਜਾਣਗੇ। ਉਹਨਾਂ ਇਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਖੁਦ ਹੀ ਚੁੱਕ ਕੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਖਤਮ ਕਰ ਦੇਣ। ਨਗਰ ਕੌਸਲ ਵੱਲੋਂ ਸ਼ਹਿਰ ਦੀਆਂ ਸਰਵਿਸ ਰੋਡਾਂ ਉੱਪਰੋਂ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਕੀਤੀ ਗਈ ਇਸ ਵੱਡੀ ਕਾਰਵਾਈ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। 

ਇਸ ਮੌਕੇ ਕੁਝ ਰੇਹੜੀਆਂ ਵਾਲਿਆਂ ਵੱਲੋਂ ਇਹ ਦੋਸ਼ ਲਾਏ ਗਏ ਕਿ ਨਗਰ ਕੌਸਲ ਵੱਲੋਂ ਉਨ੍ਹਾਂ ਦੀਆਂ ਰੇਹੜੀਆਂ ਅਤੇ ਸਾਰਾ ਸਮਾਨ ਚੁੱਕ ਲਿਆ ਹੈ ਜਦੋਂ ਕਿ ਹੋਰ ਰੇਹੜੀਆਂ ਵਾਲੀਆਂ ਦੀਆਂ ਰੇਹੜੀਆਂ ਉਥੇ ਹੀ ਛੱਡ ਦਿੱਤੀਆਂ ਹਨ ਜਿਨਾਂ ਵੱਲੋਂ ਦੁਬਾਰਾ ਉੱਥੇ ਹੀ ਨਜਾਇਜ਼ ਕਬਜ਼ਾ ਕਰਕੇ ਆਪਣਾ ਕੰਮ ਉਸੇ ਤਰ੍ਹਾਂ ਹੀ ਸ਼ੁਰੂ ਕਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਇਸ ਪੱਖਪਾਤ ਨੂੰ ਛੱਡ ਕੇ ਨਗਰ ਕੌਂਸਲ ਨੂੰ ਸਾਰਿਆਂ ਵਿਰੁੱਧ ਇੱਕੋ ਤਰ੍ਹਾਂ ਦੀ ਹੀ ਕਾਰਵਾਈ ਕਰਨੀ ਚਾਹੀਦੀ ਹੈ।


 


author

Anmol Tagra

Content Editor

Related News