ਸੜਕ ਹਾਦਸੇ ’ਚ ਮਹਿਲਾ ਅਧਿਆਪਕ ਦੀ ਮੌਤ

Thursday, Apr 16, 2026 - 10:40 AM (IST)

ਸੜਕ ਹਾਦਸੇ ’ਚ ਮਹਿਲਾ ਅਧਿਆਪਕ ਦੀ ਮੌਤ

ਜ਼ੀਰਾ (ਰਾਜੇਸ਼ ਢੰਡ, ਮਨਜੀਤ ਢਿੱਲੋਂ) : ਜ਼ੀਰਾ-ਮੱਲਾਂਵਾਲਾ ਰੋਡ ’ਤੇ ਟਰੈਕਟਰ ਅਤੇ ਐਕਟਿਵਾ ਦੀ ਟੱਕਰ ਹੋਣ ਨਾਲ ਵਾਪਰੇ ਇਕ ਸੜਕ ਹਾਦਸੇ ’ਚ ਇਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ, ਜਦੋਂ ਕਿ ਸਾਥੀ ਇਕ ਹੋਰ ਅਧਿਆਪਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਖਮੀ ਅਧਿਆਪਕ ਦੀਪਕ ਕੰਬੋਜ 6635 ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਨ। ਸਵੇਰੇ ਕਰੀਬ 7:30 ਵਜੇ ਸਾਥੀ ਮਹਿਲਾ ਅਧਿਆਪਕ ਕਾਜਲ (25) ਪੁੱਤਰੀ ਮਹਿੰਗਾ ਰਾਮ ਵਾਸੀ ਪਿੰਡ ਚੱਕ ਮਹੰਤਾਂ (ਫਿਰੋਜ਼ਪੁਰ) ਨੂੰ ਨਾਲ ਲੈ ਕੇ ਜ਼ੀਰਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਠੱਠਾ ਦਲੇਲ ਸਿੰਘ ਵਾਲਾ ਵਿਖੇ ਆਪਣੀ ਡਿਊਟੀ ’ਤੇ ਜਾ ਰਹੇ ਸਨ।

ਅਚਾਨਕ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ-ਟਰਾਲੀ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਐਕਟਿਵਾ ਚਾਲਕ ਦੋਵੇਂ ਅਧਿਆਪਕ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਮਹਿਲਾ ਅਧਿਆਪਕ ਕਾਜਲ ਦੇ ਜ਼ਿਆਦਾ ਜ਼ਖਮੀ ਹੋਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਮਹਿਲਾ ਅਧਿਆਪਕ ਕਾਜਲ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ, ਜੋ ਆਪਣੇ ਮਾਪਿਆਂ ਨੂੰ ਰੋਂਦਿਆਂ-ਕੁਰਲਾਉਂਦਿਆ ਛੱਡ ਗਈ।
 


author

Babita

Content Editor

Related News