ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ ਦੀ ਠੱਗੀ, 4 ਨਾਮਜ਼ਦ

Monday, Oct 22, 2018 - 07:42 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ 13 ਲੱਖ ਦੀ ਠੱਗੀ, 4 ਨਾਮਜ਼ਦ

ਸਮਾਣਾ (ਦਰਦ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਆਪਣੇ ਰਿਸ਼ਤੇਦਾਰ ਨੌਜਵਾਨਾਂ ਤੋਂ 13 ਲੱਖ ਰੁਪਏ ਹਡ਼ੱਪਣ ਦੇ ਮਾਮਲੇ ਵਿਚ ਸਿਟੀ ਪੁਲਸ ਨੇ ਇਕ ਅੌਰਤ ਸਮੇਤ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਮਨਦੀਪ ਸਿੰਘ ਵਾਸੀ ਪਿੰਡ ਸ਼ਾਦੀਪੁਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਨੇ ਆਪਣੇ ਭਰਾ ਧਨਵੰਤ ਸਿੰਘ ਅਤੇ ਮਮੇਰੇ ਭਰਾ ਗੁਰਵਿੰਦਰ ਸਿੰਘ ਨੂੰ ਅਮਰੀਕਾ ਤੇ ਯੂਰਪ ਭੇਜਣ ਲਈ ਆਪਣੇ ਰਿਸ਼ਤੇਦਾਰ ਗੁਰਮੀਤ ਸਿੰਘ, ਉਸ ਦੇ ਪੁੱਤਰ ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਭਿੰਡਰ ਕੋਲਣੀ ਸਮਾਣਾ ਤੇ ਮੀਤੋ ਵਾਸੀ ਪਿੰਡ ਖਾਨਪੁਰ ਗਾਡ਼ੀਆ ਨਾਲ 33 ਲੱਖ ਰੁਪਏ ਵਿਚ ਗੱਲਬਾਤ ਫਾਈਨਲ ਕਰ ਲਈ। ਇਸ ਤੋਂ ਬਾਅਦ ਬੈਂਕ ਟਰਾਂਸਫਰ, ਨਕਦੀ ਤੇ ਪੈਸੇ ਖਾਤੇ ਵਿਚ ਪਾਉਣ ਸਮੇਤ ਉਨ੍ਹਾਂ ਨੂੰ 13 ਲੱਖ ਰੁਪਏ ਦੇ ਦਿੱਤੇ। ਉਹ ਲੋਕ ਉਸ ਦੇ ਭਰਾਵਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਝੂਠੇ ਵਾਅਦੇ ਕਰਦੇ ਰਹੇ। ਅਖੀਰ ਵਿਚ ਉਨ੍ਹਾਂ ਵੱਲੋਂ ਦਿੱਤੀ ਰਕਮ ਬਦਲੇ  ਚੈੱਕ ਦੇ ਦਿੱਤੇ, ਜੋ ਬਾਊਂਸ ਹੋ ਗਏ। 
  ਮਨਦੀਪ ਸਿੰਘ ਅਨੁਸਾਰ ਉਨ੍ਹਾਂ ਤੋਂ ਰਕਮ ਪ੍ਰਾਪਤ ਕਰ ਕੇ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਤੇ ਮੀਤੋ ਨੇ ਆਪਣੇ ਪੁੱਤਰ ਨੂੰ ਅਮਰੀਕਾ ਭੇਜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਨਾ ਤਾਂ ਰਕਮ ਵਾਪਸ ਦਿੱਤੀ ਤੇ ਨਾ ਹੀ ਉਸ ਦੇ ਭਰਾਵਾਂ ਨੂੰ ਵਿਦੇਸ਼ ਭੇਜਿਆ। ਸਿਟੀ ਪੁਲਸ ਸਮਾਣਾ ਨੇ ਧਾਰਾ 420, 406, 120-ਬੀ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਪੁਲਸ ਦੋਸ਼ੀਅਾਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ।


Related News