ਉਧਾਰ ਦਿੱਤੇ ਪੈਸਿਆਂ ਕਾਰਨ ਫਾਈਨਾਂਸਰ ਕਰ ਰਿਹਾ ਸੀ ਪ੍ਰੇਸ਼ਾਨ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, Nov 14, 2023 - 06:45 PM (IST)
ਦੀਨਾਨਗਰ (ਕਪੂਰ) : ਦੀਨਾਨਗਰ ਦੇ ਪਿੰਡ ਆਨੰਦਪੁਰ 'ਚ ਇਕ ਵਿਅਕਤੀ ਨੇ ਫਾਈਨਾਂਸਰ ਵਲੋਂ ਵਾਰ-ਵਾਰ ਜ਼ਲੀਲ ਕੀਤੇ ਜਾਣ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ (45) ਪੁੱਤਰ ਸੰਤੋਖ ਰਾਜ ਵਾਸੀ ਆਨੰਦਪੁਰ ਵਜੋਂ ਹੋਈ ਹੈ। ਪੁਲਸ ਨੇ ਉਸ ਦੇ ਭਰਾ ਵਿਜੇ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਫਾਈਨਾਂਸਰ ਹਰਦੀਪ ਸਿੰਘ ਉਰਫ਼ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਹਰੀਜਨ ਕਲੋਨੀ, ਦੀਨਾਨਗਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਭਰਾ ਵਿਜੇ ਕੁਮਾਰ ਅਨੁਸਾਰ ਰਾਜ ਕੁਮਾਰ ਉਰਫ਼ ਰਾਜੂ ਨੇ ਉਕਤ ਫਾਈਨਾਂਸਰ ਤੋਂ ਵਿਆਜ 'ਤੇ 8 ਹਜ਼ਾਰ ਰੁਪਏ ਲਏ ਸਨ, ਜਿਸ ਨੂੰ ਵਾਪਸ ਕਰਨ ਲਈ ਫਾਈਨਾਂਸਰ ਉਸ 'ਤੇ ਦਬਾਅ ਪਾ ਰਿਹਾ ਸੀ। ਵਿਜੇ ਕੁਮਾਰ ਅਨੁਸਾਰ ਫਾਈਨਾਂਸਰ ਸੋਮਵਾਰ ਸਵੇਰੇ ਰਾਜੂ ਦੇ ਘਰ ਆਇਆ ਅਤੇ ਉਸ 'ਤੇ ਦਬਾਅ ਪਾ ਕੇ ਸ਼ਾਮ ਤੱਕ ਸਾਰੇ ਪੈਸੇ ਵਾਪਸ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਘਰ ਨੂੰ ਤਾਲਾ ਲਗਾ ਦੇਵੇਗਾ। ਮ੍ਰਿਤਕ ਦੀ ਪਤਨੀ ਕੰਸੋ ਦੇਵੀ ਨੇ ਇਹ ਵੀ ਦੋਸ਼ ਲਾਇਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਪਤੀ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਫਾਈਨਾਂਸਰ ਨੇ ਉਸ ਦੇ ਨਾਨਕੇ ਘਰ ਵੀ ਪਹੁੰਚ ਕੇ ਪਰਿਵਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
ਸੋਮਵਾਰ ਨੂੰ ਜਦੋਂ ਫਾਈਨਾਂਸਰ ਨੇ ਉਸ ਨਾਲ ਹੱਦੋਂ ਵੱਧ ਦੁਰਵਿਵਹਾਰ ਕੀਤਾ ਤਾਂ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਆਪਣੇ ਨਾਲ ਰਹਿੰਦੇ ਭਰਾਵਾਂ ਨੂੰ ਦੱਸਿਆ ਕਿ ਉਸ ਨੇ ਫਾਈਨਾਂਸਰ ਹਰਦੀਪ ਸਿੰਘ ਉਰਫ਼ ਕਾਲਾ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਫਿਰ ਨਿੱਜੀ ਹਸਪਤਾਲ ਲੈ ਗਏ। ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਕ ਰਿਸ਼ਤੇਦਾਰ ਨੇ ਇਸ ਦੀ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਹ ਆਪਣੀ ਮੌਤ ਲਈ ਉਕਤ ਫਾਇਨਾਂਸਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਮੰਗਲਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਫਾਈਨਾਂਸਰ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਦੌਰਾਨ ਪਰਿਵਾਰ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਇਹ ਵੀ ਮੰਗ ਕੀਤੀ ਕਿ ਲੋਕਾਂ ਨੂੰ ਵਿਆਜ ’ਤੇ ਪੈਸੇ ਦੇਣ ਵਾਲੇ ਹਰਦੀਪ ਸਿੰਘ ਉਰਫ਼ ਕਾਲਾ ਦੇ ਲਾਇਸੈਂਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਬਿਨਾਂ ਕਿਸੇ ਇਜਾਜ਼ਤ ਤੋਂ ਇਹ ਧੰਦਾ ਕਰ ਰਿਹਾ ਹੈ। ਇਸ ਦੌਰਾਨ ਕੁਝ ਹੋਰ ਵਿਅਕਤੀਆਂ ਨੇ ਵੀ ਉਕਤ ਫਾਈਨਾਂਸਰ 'ਤੇ ਲਗਾਤਾਰ ਵਿਆਜ ਵਧਾਉਣ, ਧਮਕੀਆਂ ਦੇਣ ਅਤੇ ਉਨ੍ਹਾਂ ਦਾ ਕੀਮਤੀ ਸਮਾਨ ਜ਼ਬਤ ਕਰਨ ਦੇ ਦੋਸ਼ ਲਗਾਉਂਦੇ ਹੋਏ ਦਸਤਾਵੇਜ਼ ਪੇਸ਼ ਕੀਤੇ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8