ਗੋਦਾਮ ’ਚ ਅੱਗ ਲੱਗਣ ਕਾਰਨ ਕਬਾੜ ਸੜ ਕੇ ਸੁਆਹ

Sunday, Nov 03, 2024 - 05:18 PM (IST)

ਗੋਦਾਮ ’ਚ ਅੱਗ ਲੱਗਣ ਕਾਰਨ ਕਬਾੜ ਸੜ ਕੇ ਸੁਆਹ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਗਾਂਧੀ ਨਗਰ ਵਿਖੇ ਦੀਵਾਲੀ ਦੀ ਰਾਤ ਕਬਾੜ ਦਾ ਕੰਮ ਕਰਦੇ ਇਕ ਵਿਅਕਤੀ ਦੇ ਗੋਦਾਮ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਡੇਢ ਲੱਖ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਜੈ ਕੁਮਾਰ ਵਾਸੀ ਗਾਂਧੀ ਨਗਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਉਸ ਦੇ ਗਾਂਧੀ ਨਗਰ ਸਥਿਤ ਗੋਦਾਮ ’ਚ ਖੁੱਲ੍ਹੇ ਆਸਮਾਨ ਹੇਠ ਪਏ ਕਬਾੜ ਨੂੰ ਅਚਾਨਕ ਅੱਗ ਲੱਗ ਗਈ।

ਉਨ੍ਹਾਂ ਦੱਸਿਆ ਕਿ ਰਾਤ ਸਮੇਂ ਗੋਦਾਮ ਵਾਲੀ ਸਾਈਡ ਤੋਂ ਆਸਮਾਨ ਛੂੰਹਦੀਆਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦੇਖ ਕੇ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਗੋਦਾਮ ’ਚ ਪਿਆ ਕਬਾੜ ਪੂਰੀ ਤਰ੍ਹਾਂ ਅੱਗ ਦੀ ਲਪੇਟ ’ਚ ਆ ਚੁੱਕਾ ਸੀ ਤੇ ਅੱਗ ਬਹੁਤ ਭਿਆਨਕ ਹੋਣ ਕਾਰਨ ਉਹ ਇਸ ਉਪਰ ਕਾਬੂ ਪਾਉਣ ’ਚ ਬੇਵੱਸ ਨਜ਼ਰ ਆਏ। ਫਿਰ ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਪੁਲਸ ਵੱਲੋਂ ਭੇਜੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਇਸ ਅੱਗ ਉਪਰ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਅਜੈ ਕੁਮਾਰ ਨੇ ਦੱਸਿਆ ਕਿ ਇਸ ਘਟਨਾ ’ਚ ਉਸ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਵੱਲੋਂ ਇਸ ਸਬੰਧੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਦਿੰਦਿਆਂ ਇਸ ਨੁਕਸਾਨ ਦੀ ਪੂਰਤੀ ਲਈ ਸਰਕਾਰ ਤੋਂ ਵੱਧ ਤੋਂ ਵੱਧ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ। 


author

Babita

Content Editor

Related News