ਕਿਸਾਨਾਂ ਲਈ ਵੱਡਾ ਕਦਮ ਚੁੱਕ ਰਹੀ ਪੰਜਾਬ ਸਰਕਾਰ, ਕੀਤੀ ਗਈ ਇਹ ਅਪੀਲ

Tuesday, Nov 05, 2024 - 05:29 PM (IST)

ਚੰਡੀਗੜ੍ਹ : ਮਿੱਟੀ ਦੀ ਪਰਖ ਕਰਵਾ ਕੇ ਘੱਟ ਲਾਗਤ ਨਾਲ ਵੱਧ ਝਾੜ ਹਾਸਲ ਕਰਨ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਮਿੱਟੀ ਦੇ ਇਕ ਲੱਖ ਤੋਂ ਵੱਧ ਨਮੂਨੇ ਲਏ ਅਤੇ ਸਬੰਧਤ ਕਿਸਾਨਾਂ ਨੂੰ ਮੁਫ਼ਤ ਟੈਸਟ ਰਿਪੋਰਟਾਂ ਸੌਂਪੀਆਂ ਹਨ ਤਾਂ ਜੋ ਟਿਕਾਊ ਖੇਤੀ ਅਭਿਆਸਾਂ ਰਾਹੀਂ ਕਿਸਾਨਾਂ ਦੀ ਫ਼ਸਲ ਦੇ ਝਾੜ ਨੂੰ ਵਧਾਉਣ ਵਿਚ ਸਹਾਇਤਾ ਕੀਤੀ ਜਾ ਸਕੇ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੌਰਾਨ ਘੱਟੋ-ਘੱਟ 2.50 ਲੱਖ ਮਿੱਟੀ ਦੇ ਨਮੂਨਿਆਂ ਦੀ ਪਰਖ ਕਰਨ ਦਾ ਟੀਚਾ ਮਿੱਥਿਆ ਹੈ। ਵਿਭਾਗ ਨੇ ਹੁਣ ਤੱਕ 1,16,117 ਨਮੂਨਿਆਂ ਦੇ ਸਫਲਤਾਪੂਰਵਕ ਟੈਸਟ ਕੀਤੇ ਹਨ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿਚ 58 ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਹੂਰ ਮੈਰਿਜ ਪੈਲੇਸ ਵਿਚ ਲੱਗੀ ਭਿਆਨਕ ਅੱਗ

ਸੂਬੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਉਣ ਦੀ ਅਪੀਲ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਿੱਟੀ ਵਿਚ ਮੌਜੂਦ ਉਪਜਾਊ ਤੱਤਾਂ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਸੂਖਮ ਤੱਤਾਂ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਉਣੀ ਲਾਜ਼ਮੀ ਹੈ ਕਿਉਂਕਿ ਇਹ ਕਿਸਾਨਾਂ ਨੂੰ ਫ਼ਸਲਾਂ ਦਾ ਵੱਧ ਝਾੜ ਲੈਣ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ। ਨਿਯਮਤ ਜਾਂਚ ਨਾਲ ਮਿੱਟੀ ਦੀ ਸਿਹਤ ਦੀ ਨਿਗਰਾਨੀ ਕਰਨ, ਇਸ ਵਿਚ ਮੌਜੂਦ ਤੱਤਾਂ ਦੀ ਪਛਾਣ ਤੋਂ ਇਲਾਵਾ ਮਿੱਟੀ ਦੀ ਕਿਸਮ ਤੇਜ਼ਾਬੀ ਜਾਂ ਖਾਰੀ ਦਾ ਪਤਾ ਕਰਕੇ ਬਿਜਾਈ ਲਈ ਉਚਿਤ ਫ਼ਸਲਾਂ ਦੀ ਚੋਣ ਕਰਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਵਿਚਲੇ ਮੌਜੂਦ ਉਪਜਾਊ ਤੱਤਾਂ ਬਾਰੇ ਜਾਣ ਕੇ ਕਿਸਾਨ ਘੱਟ ਖਾਦ ਦੀ ਵਰਤੋਂ ਕਰਕੇ ਆਪਣੀ ਲਾਗਤ ਅਤੇ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦੇ ਹਨ।

ਇਹ ਵੀ ਪੜ੍ਹੋ : ਵਿਆਹ ਕਰਾ ਕੇ ਅਮਰੀਕਾ ਗਏ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਉੱਜੜੇਗਾ ਪਰਿਵਾਰ

ਇਸ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ), ਲੁਧਿਆਣਾ ਵੱਲੋਂ ਸੁਝਾਏ ਗਏ ਡੀ. ਏ. ਪੀ. ਦੇ ਬਦਲਵੇਂ ਸਰੋਤਾਂ ਦੀ ਕਿਸਾਨ ਵਰਤੋਂ ਕਰ ਸਕਦੇ ਹਨ, ਜੋ ਕਣਕ ਦੀ ਫ਼ਸਲ ਲਈ ਡੀ. ਏ. ਪੀ. ਜਿੰਨੇ ਹੀ ਲਾਹੇਵੰਦ ਹਨ। ਉਨ੍ਹਾਂ ਦੱਸਿਆ ਕਿ ਡੀ. ਏ. ਪੀ. ਦੇ ਇਕ ਥੈਲੇ ਦੀ ਥਾਂ ਕਿਸਾਨ 75 ਕਿਲੋਗ੍ਰਾਮ ਐੱਨ.ਪੀ.ਕੇ. (12:32:16) ਦੀ ਪ੍ਰਤੀ ਏਕੜ ਜਾਂ 150 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ (ਐੱਸ.ਐੱਸ.ਪੀ.) ਅਤੇ 20 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਜਾਂ 50 ਕਿਲੋਗ੍ਰਾਮ ਟ੍ਰਿਪਲ ਸੁਪਰ ਫਾਸਫੇਟ (ਟੀ.ਐੱਸ.ਪੀ.) ਅਤੇ 20 ਕਿਲੋ ਯੂਰੀਆ ਪ੍ਰਤੀ ਏਕੜ ਜਾਂ 90 ਕਿਲੋਗ੍ਰਾਮ ਐੱਨ.ਪੀ.ਕੇ. (10:26:26) ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੇ ਭੌਤਿਕ ਗੁਣਾਂ ਨੂੰ ਸੁਧਾਰਨ ਲਈ ਜੈਵਿਕ ਤੇ ਦੇਸੀ ਖਾਦਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ : ਕੈਨੇਡਾ 'ਚ ਮੰਦਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News