''ਭਾਣਜੇ'' ਨੇ ਲੁੱਟ ਲਿਆ ''ਮਾਮਾ'' ; ਫ਼ੋਨ ਕਰ ਮਾਰ ਲਈ ਲੱਖਾਂ ਦੀ ਠੱਗੀ
Friday, Oct 25, 2024 - 05:17 AM (IST)
ਲੋਹੀਆਂ (ਸੱਦੀ, ਮਨਜੀਤ)- ਸਥਾਨਕ ਸ਼ਹਿਰ ’ਚ ਇਕ ਵਿਅਕਤੀ ਨਾਲ ਫੋਨ ’ਤੇ ਭਾਣਜਾ ਬਣ ਕੇ 5.20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਅਨੁਸਾਰ ਜੀਤ ਰਾਮ, ਜੋ ਲੋਹੀਆਂ ਸ਼ਹਿਰ ’ਚ ਹਲਵਾਈ ਦੀ ਦੁਕਾਨ ਕਰਦਾ ਹੈ, ਨੂੰ ਇਕ ਫੋਨ ਆਇਆ, ਜਿਸ ’ਚ ਫੋਨ ਕਰਨ ਵਾਲੇ ਨੇ ਉਸ ਨੂੰ ਆਪਣਾ ਰਿਸ਼ਤੇਦਾਰ ਦੱਸਿਆ।
ਹਲਵਾਈ ਜੀਤ ਰਾਮ ਨੇ ਸਮਝਿਆ ਕਿ ਸ਼ਾਇਦ ਉਹ ਉਸ ਦਾ ਭਾਣਜਾ ਬਲਜੀਤ ਸਿੰਘ ਮਨੀਲੇ ਤੋਂ ਫੋਨ ਕਰ ਰਿਹਾ ਹੈ, ਇਸ ’ਤੇ ਫੋਨ ਕਰਨ ਵਾਲੇ ਠੱਗ ਨੇ ਹਲਵਾਈ ਜੀਤ ਰਾਮ ਦੀ ਹਾਂ ’ਚ ਹਾਂ ਮਿਲਾਉਂਦੇ ਹੋਏ ਕਿਹਾ ਕਿ ਉਹ ਉਸ ਦਾ ਭਾਣਜਾ ਬਲਜੀਤ ਹੀ ਬੋਲਦਾ ਹੈ, ਜਿਸ ਦੇ ਬਾਅਦ ਫੋਨ ਕਰਨ ਵਾਲੇ ਜੀਤ ਰਾਮ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ 15 ਲੱਖ ਰੁਪਏ ਜੀਤ ਰਾਮ ਦੇ ਬੈਂਕ ਅਕਾਊਂਟ ਭੇਜ ਦੇਵੇ। ਉਕਤ ਠੱਗ ਨੇ ਇਹ ਵੀ ਪੱਕਾ ਕੀਤਾ ਕਿ ਉਹ ਇਸ ਸਬੰਧੀ ਕਿਸੇ ਨਾਲ ਗੱਲ ਨਾ ਕਰੇ।
ਬਾਅਦ ’ਚ ਉਕਤ ਫੋਨ ਕਰਨ ਵਾਲੇ ਨੇ ਜੀਤ ਰਾਮ ਨੂੰ ਦੱਸਿਆ ਕਿ ਉਸ ਦੀ ਥੋੜ੍ਹੀ ਜਿਹੀ ਮੁਸ਼ਕਲ ਬਣ ਗਈ ਹੈ, ਉਹ ਉਸ ਨੂੰ 3 ਲੱਖ ਰੁਪਏ ਬੈਂਕ ’ਚ ਭੇਜ ਦੇਵੇ ਤੇ ਉਸ ਨੇ ਆਪਣਾ ਵਾਰਾਣਸੀ ਦਾ ਅਕਾਊਂਟ ਨੰਬਰ ਵੀ ਭੇਜ ਦਿੱਤਾ। ਲਾਲਚ ’ਚ ਆਏ ਜੀਤ ਰਾਮ ਨੇ ਫੌਰਨ ਬੈਂਕ ’ਚ ਜਾ ਕ 2 ਲੱਖ ਰੁਪਏ ਤੇ ਫਿਰ 1 ਲੱਖ ਭੇਜ ਦਿੱਤੇ। ਅਗਲੇ ਦਿਨ ਫਿਰ ਉਕਤ ਠੱਗ ਦਾ ਫੋਨ ਆਇਆ ਕਿ ਉਸ ਨੂੰ ਹੋਰ 2 ਲੱਖ ਰੁਪਏ ਦੀ ਜ਼ਰੂਰਤ ਹੈ, ਜਿਸ ’ਤੇ ਜੀਤ ਰਾਮ ਨੇ ਵਾਰਾਣਸੀ ਵਾਲੇ ਬੈਂਕ ਅਕਾਊਂਟ ’ਚ 2 ਲੱਖ ਦੀ ਜਗ੍ਹਾ 2.20 ਲੱਖ ਰੁਪਏ ਭੇਜ ਦਿੱਤੇ। ਇਸ ਤਰ੍ਹਾਂ ਹੁਣ ਤੱਕ ਉਹ ਵਾਰਾਣਸੀ ਦਾ ਠੱਗ ਜੀਤ ਰਾਮ ਕੋਲੋਂ 5.20 ਲੱਖ ਰੁਪਏ ਠੱਗ ਚੁੱਕਿਆ ਸੀ।
ਇਹ ਵੀ ਪੜ੍ਹੋ- Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
ਅਗਲੇ ਦਿਨ ਫਿਰ ਉਸ ਵਿਅਕਤੀ ਦਾ ਜੀਤ ਰਾਮ ਨੂੰ ਫੋਨ ਆਇਆ ਕਿ ਉਸ ਨੇ ਸਰਕਾਰ ਨੂੰ ਟੈਕਸ ਦੇਣਾ ਹੈ, ਇਸ ਲਈ 1 ਲੱਖ 70 ਹਜ਼ਾਰ ਰੁਪਏ ਹੋਰ ਭੇਜੇ, ਜਿਸ ’ਤੇ ਹਲਵਾਈ ਜੀਤ ਰਾਮ 15 ਲੱਖ ਰੁਪਏ ਆਉਣ ਦੀ ਖੁਸ਼ੀ ’ਚ 1.70 ਲੱਖ ਰੁਪਏ ਹੋਰ ਭੇਜਣ ਨੂੰ ਤਿਆਰ ਹੋ ਗਿਆ, ਜਿਸ ਲਈ ਉਹ ਆਪਣੇ ਕਿਸੇ ਦੋਸਤ ਕੋਲ ਪੈਸੇ ਉਧਾਰੇ ਲੈਣ ਪੁੱਜਾ ਪਰ ਜੀਤ ਰਾਮ ਦੇ ਦੋਸਤ ਨੇ ਉਸ ਨੂੰ ਸਮਝਾਇਆ ਕਿ ਇਸ ਸਬੰਧੀ ਉਹ ਆਪਣੇ ਭੈਣ ਤੇ ਜੀਜੇ ਨੂੰ ਦੱਸਣ ਤਾਂ ਕਿ ਸਹੀ ਗੱਲ ਦਾ ਪਤਾ ਲੱਗ ਸਕੇ।
ਜਦੋਂ ਉਸ ਦੇ ਭੈਣ-ਜੀਜੇ ਨੇ ਮਨੀਲੇ ਰਹਿੰਦੇ ਅਸਲੀ ਬਲਜੀਤ ਨਾਲ ਗੱਲ ਕਰਵਾਈ ਤਾਂ ਸਾਰੀ ਗੱਲ ਉਸ ਨੂੰ ਸਮਝ ਆਈ। ਬਲਜੀਤ ਨੇ ਦੱਸਿਆ ਕਿ ਮਾਮਾ ਜੀ ਮੈਂ ਕੋਈ ਪੈਸਾ ਤੁਹਾਡੇ ਕੋਲੋਂ ਨਹੀਂ ਲਿਆ ਤੇ ਨਾ ਮੰਗਵਾਇਆ ਹੈ, ਜਿਸ ’ਤੇ ਵਿਚਾਰਾ ਹਲਵਾਈ ਜੀਤ ਰਾਮ ਆਪਣੇ ਹੱਥ ਮਲਦਾ ਰਹਿ ਗਿਆ।
ਉਕਤ ਸ਼ਾਤਰ ਠੱਗ ਦਾ ਫਿਰ ਜੀਤ ਰਾਮ ਨੂੰ 50 ਹਜ਼ਾਰ ਰੁਪਏ ਹੋਰ ਭੇਜਣ ਦਾ ਫੋਨ ਆਇਆ। ਜੀਤ ਰਾਮ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਰਿਪੋਰਟ ਪੁਲਸ ਨੂੰ ਦੇ ਦਿੱਤੀ ਹੈ ਤੇ ਅੱਗੇ ਕੀ ਕਾਰਵਾਈ ਹੁੰਦੀ ਹੈ, ਹੁਣ ਬਾਅਦ ’ਚ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ- ਔਰਤਾਂ ਨਾਲ ਛੇੜਛਾੜ ਦੇ ਮੱਦੇਨਜ਼ਰ ਪੁਲਸ ਦੀ ਸਖ਼ਤ ਕਾਰਵਾਈ, ਧੜਾਧੜ ਕੱਟੇ ਚਲਾਨ ਤੇ ਵਾਹਨ ਕੀਤੇ ਜ਼ਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e