ਗੁਰਦਾਸਪੁਰ ’ਚ ਨਕਲੀ ਪਨੀਰ ਤੇ ਖੋਆ ਬਣਾਉਣ ਦਾ ਧੰਦਾ ਜ਼ੋਰਾਂ ’ਤੇ, ਹਿਮਾਚਲ ਪ੍ਰਦੇਸ਼ ’ਚ ਵੀ ਹੁੰਦੈ ਸਪਲਾਈ

12/17/2023 3:31:38 PM

ਗੁਰਦਾਸਪੁਰ (ਵਿਨੋਦ)- ਦਰਅਸਲ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰ ਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਨਾ ਖਾਣ। ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਸੁਚੇਤ ਕਰਨ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕਈ ਪ੍ਰੋਗਰਾਮ ਵੀ ਚਲਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਜ਼ਿਲਾ ਗੁਰਦਾਸਪੁਰ ਅੰਦਰ ਨਕਲੀ ਦੁੱਧ ਪਦਾਰਥ ਬਣਾਉਣ ਦਾ ਨਾਜਾਇਜ਼ ਧੰਦਾ ਬਿਨਾਂ ਕਿਸੇ ਰੋਕ ਦੇ ਜਾਰੀ ਹੈ। ਇਹ ਧੰਦਾ ਇਸ ਤਰ੍ਹਾਂ ਗੁਪਤ ਤਰੀਕੇ ਨਾਲ ਚੱਲਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਬਾਰੇ ਕੋਈ ਸੁਰਾਗ ਵੀ ਨਹੀਂ ਹੈ।

ਜ਼ਿਲੇ ’ਚ ਦੁੱਧ ਉਤਪਾਦਨ ਦੀ ਕੀ ਹੈ ਸਥਿਤੀ

ਬੇਸ਼ੱਕ ਜ਼ਿਲਾ ਗੁਰਦਾਸਪੁਰ ’ਚ 6 ਲੱਖ ਤੋਂ ਵੱਧ ਪਸ਼ੂ ਹਨ ਅਤੇ ਇਨ੍ਹਾਂ ’ਚੋਂ ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਹੈ। ਜਦੋਂਕਿ ਦੁੱਧ ਦੀ ਮੰਗ ਬਹੁਤ ਜ਼ਿਆਦਾ ਹੈ। ਗਰਮੀਆਂ ’ਚ ਜਦੋਂ ਗੁੱਜਰ ਭਾਈਚਾਰੇ ਦੇ ਲੋਕ ਪਹਾੜਾਂ ’ਚ ਵਾਪਸ ਚਲੇ ਜਾਂਦੇ ਹਨ ਤਾਂ ਦੁੱਧ ਦਾ ਉਤਪਾਦਨ ਕਾਫੀ ਘੱਟ ਜਾਂਦਾ ਹੈ ਪਰ ਫਿਰ ਵੀ ਦੁੱਧ ਤੋਂ ਬਣੇ ਉਤਪਾਦ ਲੋੜ ਅਨੁਸਾਰ ਉਪਲੱਬਧ ਹਨ ਅਤੇ ਵਿਆਹ ਸਮਾਗਮਾਂ ਲਈ ਪਨੀਰ ਅਤੇ ਖੋਆ ਆਦਿ ਵੀ ਲੋੜ ਅਨੁਸਾਰ ਉਪਲੱਬਧ ਹਨ ਪਰ ਜੇਕਰ ਇਸ ਪਨੀਰ ਆਦਿ ਦੀ ਜਾਂਚ ਕੀਤੀ ਜਾਵੇ ਤਾਂ ਇਹ ਸਾਰਾ ਸਾਮਾਨ ਸਿੰਥੈਟਿਕ ਪਦਾਰਥ ਤੋਂ ਤਿਆਰ ਕੀਤਾ ਜਾਂਦਾ ਹੈ, ਜੋ ਕਿ ਮਨੁੱਖ ਲਈ ਬਹੁਤ ਹਾਨੀਕਾਰਕ ਹੈ। ਇਸੇ ਤਰ੍ਹਾਂ ਗਰਮੀਆਂ ਦੇ ਮੌਸਮ ’ਚ ਨਰਮ ਦੁੱਧ ਸਮੇਤ ਕਈ ਤਰ੍ਹਾਂ ਦੇ ਦੁੱਧ ਤੋਂ ਬਣੇ ਉਤਪਾਦ ਬਾਜ਼ਾਰ ’ਚ ਮਿਲ ਜਾਂਦੇ ਹਨ, ਜਦੋਂਕਿ ਸਕੂਲਾਂ ਦੇ ਬਾਹਰ ਵਿਕਣ ਵਾਲੇ ਦੁੱਧ ਤੋਂ ਬਣੇ ਪਦਾਰਥ ਬੱਚਿਆਂ ਲਈ ਜ਼ਹਿਰ ਤੋਂ ਘੱਟ ਨਹੀਂ ਹੁੰਦੇ ਪਰ ਇਸ ਉਤਪਾਦ ਨੂੰ ਵੇਚਣ ਵਾਲੇ ਪ੍ਰਵਾਸੀਆਂ ਕੋਲ ਨਾ ਤਾਂ ਮੱਝ ਹੈ ਅਤੇ ਨਾ ਹੀ ਗਾਂ। ਸਰਦੀਆਂ ਦੇ ਮੌਸਮ ’ਚ ਵੀ ਇਹੀ ਸਥਿਤੀ ਹੁੰਦੀ ਹੈ ਪਰ ਸਰਦੀਆਂ ’ਚ ਜਦੋਂ ਗੁੱਜਰ ਭਾਈਚਾਰੇ ਦੇ ਲੋਕ ਪਹਾੜਾਂ ਤੋਂ ਮੈਦਾਨੀ ਇਲਾਕਿਆਂ ’ਚ ਆਉਂਦੇ ਹਨ ਤਾਂ ਦੁੱਧ ਦੀ ਕੁਝ ਘਾਟ ਜ਼ਰੂਰ ਪੂਰੀ ਹੋ ਜਾਂਦੀ ਹੈ ਪਰ ਜ਼ਿਲਾ ਗੁਰਦਾਸਪੁਰ ’ਚ ਉਪਲੱਬਧ ਖੋਆ, ਪਨੀਰ ਅਤੇ ਹੋਰ ਦੁੱਧ ਪਦਾਰਥਾਂ ਦੀ ਮਾਤਰਾ ਦੇ ਮੁਕਾਬਲੇ ਦੁੱਧ ਦੀ ਪੈਦਾਵਾਰ 40 ਫੀਸਦੀ ਤੋਂ ਵੀ ਘੱਟ ਹੈ।

ਇਹ ਵੀ ਪੜ੍ਹੋ- ਸ਼ਹੀਦੀ ਪੰਦਰਵਾੜੇ ਦੌਰਾਨ 16 ਤੋਂ 31 ਦਸੰਬਰ ਤੱਕ ਗੁਰੂ ਘਰਾਂ ’ਚ ਬਣਨਗੇ ਸਾਦੇ ਲੰਗਰ

ਪੇਂਡੂ ਖੇਤਰਾਂ ’ਚ ਨਕਲੀ ਪਨੀਰ ਅਤੇ ਖੋਆ ਬਣਾਉਣ ਦੇ ਲੱਗੇ ਹਨ ਵੱਡੇ ਕਾਰਖਾਨੇ

ਜੇਕਰ ਜ਼ਿਲਾ ਗੁਰਦਾਸਪੁਰ ਦੇ ਪੇਂਡੂ ਖੇਤਰਾਂ ਦੀ ਗੱਲ ਕਰੀਏ ਤਾਂ ਦਿਹਾਤੀ ਖੇਤਰਾਂ ’ਚ ਨਕਲੀ ਪਨੀਰ ਅਤੇ ਖੋਆ ਵੱਧ ਮਾਤਰਾ ’ਚ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਸਾਰਾ ਨਕਲੀ ਖੋਆ ਪਨੀਰ ਗੁਰਦਾਸਪੁਰ ਜ਼ਿਲੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਹੋਰਨਾਂ ਜ਼ਿਲਿਆਂ ’ਚ ਵੀ ਸਪਲਾਈ ਕੀਤਾ ਜਾਂਦਾ ਹੈ। ਸ੍ਰੀ ਹਰਗੋਬਿੰਦਪੁਰ, ਡੇਰਾ ਬਾਬਾ ਨਾਨਕ, ਕਾਦੀਆਂ, ਬਹਿਰਾਮਪੁਰ, ਕਲਾਨੌਰ, ਸ਼ਾਲਾ ਆਦਿ ਇਲਾਕਿਆਂ ’ਚ ਨਕਲੀ ਖੋਆ-ਪਨੀਰ ਬਣਾਉਣ ਦਾ ਧੰਦਾ ਵੱਡੇ ਪੱਧਰ ’ਤੇ ਚੱਲ ਰਿਹਾ ਹੈ।

ਜ਼ਹਿਰੀਲੇ ਪਦਾਰਥਾਂ ਤੋਂ ਤਿਆਰ ਕੀਤਾ ਜਾਂਦੈ ਖੋਆ ਤੇ ਪਨੀਰ

ਜੇਕਰ ਨਕਲੀ ਪਨੀਰ ਅਤੇ ਖੋਆ ਬਣਾਉਣ ਵਾਲੇ ਇਕ ਨਿਰਮਾਤਾ ਨਾਲ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਦਾ ਹੈ ਕਿ ਪਹਿਲਾਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ, ਜਿਸ ’ਚ ਯੂਰੀਆ, ਨਿਰਮਾ, ਕੁਝ ਕੈਮੀਕਲ ਆਦਿ ਪਾਏ ਜਾਂਦੇ ਹਨ। ਜਦੋਂ ਨਕਲੀ ਪਨੀਰ ਅਤੇ ਖੋਆ ਬਣਾਇਆ ਜਾਂਦਾ ਹੈ, ਤਾਂ ਇਸ ’ਚ ਟਿਸ਼ੂ ਪੇਪਰ ਦੇ ਨਾਲ-ਨਾਲ ਬਲੋਟਿੰਗ ਪੇਪਰ ਆਦਿ ਮਿਲਾਇਆ ਜਾਂਦਾ ਹੈ, ਜਿਸ ਤੋਂ ਪਨੀਰ ਅਤੇ ਖੋਆ ਤਿਆਰ ਕੀਤਾ ਜਾਂਦਾ ਹੈ। ਇਸ ਨਕਲੀ ਪਨੀਰ ਅਤੇ ਖੋਏ ਦੀ ਪਛਾਣ ਕਰਨੀ ਔਖੀ ਹੈ ਪਰ ਹਲਵਾਈ ਜਾਂ ਮਠਿਆਈ ਬਣਾਉਣ ਵਾਲੇ ਇਸ ਦੀ ਪਛਾਣ ਕਰ ਲੈਂਦੇ ਹਨ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ

ਥੋਕ ਪੱਧਰ ’ਤੇ 150 ਤੋਂ 175 ਰੁਪਏ ਪ੍ਰਤੀ ਕਿਲੋ ਵਿਕਦੈ ਇਹ ਪਨੀਰ ਅਤੇ ਖੋਆ

ਜਾਣਕਾਰੀ ਅਨੁਸਾਰ ਇਹ ਪਨੀਰ ਅਤੇ ਖੋਆ ਥੋਕ ਪੱਧਰ ’ਤੇ 150 ਤੋਂ 175 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਜਦੋਂਕਿ ਦੁਕਾਨਦਾਰ ਇਸ ਨੂੰ ਪ੍ਰਚੂਨ ’ਚ 400 ਰੁਪਏ ਪ੍ਰਤੀ ਕਿਲੋ ਤੱਕ ਵੇਚਦੇ ਹਨ। ਸਰਦੀਆਂ ’ਚ ਪਹਾੜੀ ਇਲਾਕਿਆਂ ਤੋਂ ਗੁੱਜਰ ਭਾਈਚਾਰੇ ਦੇ ਲੋਕ ਆਪਣੇ ਪਸ਼ੂਆਂ ਸਮੇਤ ਮੈਦਾਨੀ ਇਲਾਕਿਆਂ ’ਚ ਚਲੇ ਜਾਣ ਕਾਰਨ ਹਿਮਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕਸਬਿਆਂ ’ਚ ਇਸ ਨਕਲੀ ਪਨੀਰ ਅਤੇ ਖੋਏ ਦੀ ਮੰਗ ਬਹੁਤ ਜ਼ਿਆਦਾ ਹੈ, ਜਿਸ ਕਾਰਨ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ’ਚ ਇਹ ਗੈਰ-ਕਾਨੂੰਨੀ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ।

ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਅਧਿਕਾਰੀ

ਇਸ ਸਬੰਧੀ ਜਦੋਂ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮੰਡੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦਾ ਵੱਖਰਾ ਵਿੰਗ ਬਣਾਇਆ ਗਿਆ ਹੈ, ਮੈਂ ਜਲਦ ਹੀ ਇਸ ਵਿੰਗ ਨਾਲ ਗੱਲ ਕਰਾਂਗਾ ਅਤੇ ਪੁਲਸ ਦੀ ਮਦਦ ਨਾਲ ਛਾਪੇਮਾਰੀ ਕਰਨ ਦੇ ਆਦੇਸ਼ ਦੇਵਾਂਗਾ। ਉਨ੍ਹਾਂ ਕਿਹਾ ਕਿ ਇਹ ਧੰਦਾ ਪੇਂਡੂ ਖੇਤਰਾਂ ’ਚ ਚੱਲ ਸਕਦਾ ਹੈ ਕਿਉਂਕਿ ਅਸੀਂ ਸ਼ਹਿਰਾਂ ’ਚ ਪੂਰੀ ਸਖਤੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨਕਲੀ ਅਤੇ ਰਸਾਇਣਕ ਪਦਾਰਥਾਂ ਦੀ ਵਰਤੋਂ ਕਰ ਕੇ ਗੁੜ ਬਣਾਉਣ ਦਾ ਮਾਮਲਾ ਸਾਡੇ ਧਿਆਨ ’ਚ ਆਇਆ ਸੀ, ਜਿਸ ਸਬੰਧੀ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕੋਈ ਕੈਮੀਕਲ ਮਿਲਾ ਕੇ ਗੁੜ ਤਿਆਰ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਘਰ ’ਚ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ’ਤੇ ਪੁਲਸ ਦਾ ਸ਼ਿਕੰਜਾ, ਦਰਜਨਾਂ ਮੁੰਡੇ-ਕੁੜੀਆਂ ਨੂੰ ਲਿਆ ਹਿਰਾਸਤ ’ਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News