ਲੜਕੀ ਦਾ ਗਲਾ ਵੱਢ ਕੇ ਕੀਤਾ ਕਤ.ਲ, ਚਿਹਰੇ ਤੇ ਮੱਥੇ ’ਤੇ ਵੀ ਮਿਲੇ ਸੱਟਾਂ ਦੇ ਨਿਸ਼ਾਨ

Monday, Nov 04, 2024 - 03:14 AM (IST)

ਲੜਕੀ ਦਾ ਗਲਾ ਵੱਢ ਕੇ ਕੀਤਾ ਕਤ.ਲ, ਚਿਹਰੇ ਤੇ ਮੱਥੇ ’ਤੇ ਵੀ ਮਿਲੇ ਸੱਟਾਂ ਦੇ ਨਿਸ਼ਾਨ

ਲੁਧਿਆਣਾ (ਗੌਤਮ) : ਅਬਦੁੱਲਾਪੁਰ ਬਸਤੀ ਦੇ ਆਜ਼ਾਦ ਨਗਰ ਵਿਚ ਸਥਿਤ ਟੈਂਟ ਵਾਲੀ ਗਲੀ ਵਿਚ ਹੋਏ ਲੜਕੀ ਦੇ ਮਰਡਰ ਨੂੰ ਲੈ ਕੇ ਥਾਣਾ ਮਾਡਲ ਟਾਊਨ ਦੀ ਪੁਲਸ ਕਾਰਵਾਈ ਵਿਚ ਜੁਟੀ ਹੋਈ ਹੈ। ਐਤਵਾਰ ਨੂੰ ਵੀ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀ ਪਰ ਪੁਲਸ ਮੁਲਜ਼ਮ ਤੱਕ ਨਹੀਂ ਪਹੁੰਚ ਸਕੀ।

ਪੁਲਸ ਨੇ ਇਸ ਮਾਮਲੇ ਵਿਚ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਉਨ੍ਹਾਂ ਦੇ ਵਿਹੜੇ ਵਿਚ ਰਹਿਣ ਵਾਲੇ ਵਿਸ਼ਵਨਾਥ ਪੰਡਿਤ (45) ਸਾਲ ਖਿਲਾਫ ਲੜਕੀ ਦਾ ਕਤਲ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਤਿੰਨ ਡਾਕਟਰਾਂ ਦੇ ਬੋਰਡ ਨੇ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਅਤੇ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੇ ਨਮੂਨੇ ਲੈ ਕੇ ਟੈਸਟ ਲਈ ਭੇਜ ਦਿੱਤੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੋਵੇਗੀ। ਫਿਲਹਾਲ ਸ਼ੁਰੂਆਤੀ ਜਾਂਚ ਵਿਚ ਲੜਕੀ ਦਾ ਕਤਲ ਗਲਾ ਵੱਢਣ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਮੱਥੇ ਅਤੇ ਚਿਹਰੇ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਪੁਲਸ ਮੁਤਾਬਕ ਮੁਲਜ਼ਮ ਵਿਸ਼ਵਨਾਥ ਫਗਵਾੜਾ ਵਿਚ ਕਿਸੇ ਟਰਾਂਸਪੋਰਟ ਵਿਚ ਬਿਲਟੀ ਕੱਟਣ ਦਾ ਕੰਮ ਕਰਦਾ ਸੀ। ਲੜਕੀ ਦੀ ਲਾਸ਼ ਦਾ ਸੋਮਵਾਰ ਨੂੰ ਸੰਸਕਾਰ ਕੀਤਾ ਜਾਵੇਗਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਸਮੇਂ ’ਤੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : WhatsApp ਦੀ ਵੱਡੀ ਕਾਰਵਾਈ, 85 ਲੱਖ ਭਾਰਤੀ ਯੂਜ਼ਰਸ ਦੇ ਅਕਾਊਂਟ ਕੀਤੇ ਬੈਨ

ਸ਼ੁਰੂ ਤੋਂ ਹੀ ਰੱਖਦਾ ਸੀ ਗੰਦੀ ਨਜ਼ਰ
ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਪਿਛਲੇ ਲਗਭਗ 5 ਸਾਲ ਤੋਂ ਇਸੇ ਵਿਹੜੇ ਵਿਚ ਰਹਿੰਦੇ ਹਨ। ਉਨ੍ਹਾਂ ਦੀਆਂ ਚਾਰ ਬੇਟੀਆਂ ਅਤੇ ਦੋ ਬੇਟੇ ਹਨ। ਇਕ ਬੇਟੀ ਵਿਆਹੀ ਹੋਈ ਹੈ ਅਤੇ ਦੋ ਛੋਟੀਆਂ ਬੇਟੀਆਂ ਅਤੇ ਇਕ ਭਰਾ ਸਕੂਲ ਵਿਚ ਪੜ੍ਹਦੇ ਹਨ। ਮਾਂ ਅਤੇ ਬੇਟੀ ਸਾਹਨੇਵਾਲ ਸਥਿਤ ਇਕ ਫੈਕਟਰੀ ਵਿਚ ਕੰਮ ਕਰਦੀਆਂ ਹਨ। ਇਕ ਭਰਾ ਸਕੂਟਰ ਮਕੈਨਿਕ ਹੈ।

ਲੜਕੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਵਿਹੜੇ ਦੇ ਅੱਗੇ ਬਣੀ ਰਸੋਈ ਵਿਚ ਰਹਿੰਦਾ ਸੀ। ਉਹ ਸ਼ੁਰੂ ਤੋਂ ਹੀ ਉਸ ਦੀ ਬੇਟੀ ’ਤੇ ਗੰਦੀ ਨਜ਼ਰ ਰੱਖਦਾ ਸੀ। ਉਸ ਨੇ ਕਈ ਵਾਰ ਉਸ ਨੂੰ ਮਨ੍ਹਾ ਵੀ ਕੀਤਾ ਸੀ। ਮੁਲਜ਼ਮ ਨੇ ਪੂਰੀ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੂੰ ਪਤਾ ਸੀ ਕਿ ਲੜਕੀ ਦਾ ਪਿਤਾ ਅਪਾਹਜ ਹੋਣ ਦੇ ਬਾਵਜੂਦ ਵੀ ਸੁਨਾਰ ਦਾ ਕੰਮ ਕਰਦਾ ਸੀ ਜਿਸ ਕਾਰਨ ਉਸ ਨੇ ਅੰਗੂਠੀ ਬਣਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਦੇ ਬਦਲੇ 3 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ, ਜਿਸ ਕਾਰਨ ਉਹ ਉਸ ਨੂੰ ਸਵੇਰੇ ਹੀ ਆਪਣੇ ਨਾਲ ਉਸਦੇ ਰਿਕਸ਼ੇ ਵਿਚ ਲੈ ਗਿਆ।

ਢੋਲੇਵਾਲ ਚੌਕ ਵਿਚ ਉਸ ਦੀ ਰਿਕਸ਼ਾ ਕਿਸੇ ਦੁਕਾਨ ਵਿਚ ਰੱਖਵਾ ਦਿੱਤੀ ਅਤੇ ਉਥੋਂ ਈ ਰਿਕਸ਼ਾ ਵਿਚ ਜਲੰਧਰ ਬਾਈਪਾਸ ਲੈ ਗਿਆ। ਉਥੇ ਉਸ ਨੂੰ ਪਾਰਕ ਵਿਚ ਬਿਠਾ ਦਿੱਤਾ ਅਤੇ ਉਸ ਨੂੰ ਇਹ ਕਹਿ ਕੇ ਚਲਾ ਗਿਆ ਉਹ ਕੁਝ ਹੀ ਦੇਰ ਵਿਚ ਆਪਣੇ ਕਿਸੇ ਜਾਣਕਾਰ ਤੋਂ ਪੈਸੇ ਲਿਆ ਕੇ ਉਸ ਨੂੰ ਦਿੰਦਾ ਹੈ।

ਵਾਪਸ ਪਹੁੰਚ ਗਿਆ ਘਰ ਅਤੇ ਦਿੱਤਾ ਵਾਰਦਾਤ ਨੂੰ ਅੰਜਾਮ
ਲੜਕੀ ਦੇ ਪਿਤਾ ਨੂੰ ਜਲੰਧਰ ਬਾਈਪਾਸ ਪਾਰਕ ਵਿਚ ਛੱਡਣ ਤੋਂ ਬਾਅਦ ਮੁਲਜ਼ਮ ਵਾਪਸ ਘਰ ਆ ਗਿਆ। ਉਸ ਨੂੰ ਪਤਾ ਸੀ ਕਿ ਉਸ ਦੀ ਮਾਂ ਲਗਭਗ 8 ਵਜੇ ਕੰਮ ’ਤੇ ਚਲੀ ਜਾਂਦੀ ਹੈ ਅਤੇ ਇਕ ਬੇਟਾ ਅਤੇ ਦੋਵੇਂ ਬੇਟੀਆਂ ਸਕੂਲ ਚਲੀਆਂ ਜਾਂਦੀਆਂ ਹਨ। ਇਕ ਬੇਟਾ ਵੀ ਕੰਮ ’ਤੇ ਚਲਾ ਜਾਂਦਾ ਹੈ ਅਤੇ ਪਿਤਾ ਘਰ ਰਹਿੰਦਾ ਹੈ। ਵਾਰਦਾਤ ਵਾਲੇ ਦਿਨ ਲੜਕੀ ਦੀ ਮਾਂ ਕੰਮ ’ਤੇ ਜਲਦੀ ਚਲੀ ਗਈ ਅਤੇ ਆਪਣੀ ਬੇਟੀ ਘਰ ਦਾ ਕੰਮ ਨਿਬੇੜ ਕੇ ਕੰਮ ’ਤੇ ਆਉਣ ਲਈ ਬੋਲ ਦਿੱਤਾ ਪਰ ਇਸ ਦੌਰਾਨ ਮੁਲਜ਼ਮ ਨੇ 8 ਤੋਂ 9 ਵਜੇ ਦੇ ਵਿਚਕਾਰ ਲੜਕੀ ਨੂੰ ਕਮਰੇ ਵਿਚ ਲਿਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕਦੇ ਇਕ ਦਿਨ 'ਚ ਪੀਂਦੇ ਸੀ 100-100 ਸਿਗਰਟਾਂ, B'day 'ਤੇ ਸ਼ਾਹਰੁਖ ਖ਼ਾਨ ਨੇ ਦੱਸਿਆ ਕਿਵੇਂ ਛੱਡੀ Smoking

ਭਰਾ ਨੇ ਫੈਕਟਰੀ ਮਾਲਕ ਦਾ ਫੋਨ ਆਉਣ ’ਤੇ ਸ਼ੁਰੂ ਕੀਤੀ ਭਾਲ
ਲੜਕੀ ਦੇ ਭਰਾ ਨੇ ਦੱਸਿਆ ਕਿ ਜਦ ਉਸ ਦੀ ਭੈਣ ਫੈਕਟਰੀ ਨਹੀਂ ਪੁੱਜੀ ਤਾਂ ਫੈਕਟਰੀ ਮਾਲਕ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਕਿਥੇ ਹੈ ਕਿਉਂਕਿ ਫੈਕਟਰੀ ਦੀਆਂ ਚਾਬੀਆਂ ਉਸ ਦੇ ਕੋਲ ਸਨ। ਮਾਲਕ ਦੇ ਫੋਨ ਦੇ ਬਾਅਦ ਉਸ ਨੇ ਆਪਣੀ ਭੈਣ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਕੁਝ ਸਮੇਂ ਤੋਂ ਬਾਅਦ ਉਸ ਦਾ ਪਿਤਾ ਵੀ ਆ ਗਿਆ। ਜਦ ਕਿਤੇ ਨਹੀਂ ਮਿਲੀ ਤਾਂ ਉਹ ਪੁਲਸ ਸਟੇਸ਼ਨ ਚਲੇ ਗਏ। ਉਹ ਮੁਲਜ਼ਮ ਦੀ ਭਾਲ ਵਿਚ ਫਗਵਾੜਾ ਵਿਚ ਸਥਿਤ ਕੁਝ ਟਰਾਂਸਪੋਟਰਾਂ ਦੇ ਆਫਿਸ ਵਿਚ ਵੀ ਗਏ।

ਤਿੰਨ ਦਿਨ ਤੱਕ ਪੁਲਸ ਲਟਕਾਉਂਦੀ ਰਹੀ ਮਾਮਲੇ ਨੂੰ, ਪਰਿਵਾਰ ਨੇ ਆਪ ਲੱਭੀ ਲਾਸ਼
ਲੜਕੀ ਦੇ ਭਰਾ ਨੇ ਦੱਸਿਆ ਕਿ ਉਹ ਮਕਾਨ ਮਾਲਕਣ ਨੂੰ ਲੈ ਕੇ ਪੁਲਸ ਸ਼ਟੇਸ਼ਨ ਸ਼ਿਕਾਇਤ ਕਰਨ ਗਏ ਤਾਂ ਉੱਥੇ ਮੌਜੂਦ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਇਹ ਕਹਿ ਕਿ ਟਾਲ ਦਿੱਤਾ ਕਿ ਲੜਕੀ 21 ਸਾਲ ਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਗਈ ਹੈ ਅਤੇ ਉਨ੍ਹਾਂ ਨੂੰ ਸ਼ਾਮ ਨੂੰ ਆਉਣ ਲਈ ਕਿਹਾ। ਉਹ ਲਗਾਤਾਰ ਪੁਲਸ ਸ਼ਟੇਸ਼ਨ ਦੇ ਚੱਕਰ ਲਗਾਉਂਦੇ ਰਹੇ ਪਰ ਹਰ ਵਾਰ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਟਾਲ ਦਿੰਦੇ। ਮੁਲਜ਼ਮ ਨੇ ਫੋਨ ਵੀ ਬੰਦ ਕਰ ਲਿਆ ਸੀ।

ਤਲਾਸ਼ੀ ਦੌਰਾਨ ਸੈਲਫ ਤੋਂ ਦਿਸਿਆ ਲੜਕੀ ਦਾ ਪੈਰ
ਲੜਕੀ ਦੇ ਭਰਾ ਨੇ ਦੱਸਿਆ ਕਿ ਜਦੋਂ ਮੁਲਜ਼ਮ ਵੀ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਉਨ੍ਹਾਂ ਨੇ ਮੁਹੱਲੇ ਅਤੇ ਮਾਲਕ ਨੂੰ ਲੈ ਕੇ ਉਸਦੇ ਕਮਰੇ ਦਾ ਤਾਲਾ ਤੋੜ ਕੇ ਤਲਾਸ਼ੀ ਲਈ ਪਰ ਉਸ ਸਮੇਂ ਕਿਸੇ ਵੀ ਅਲਮਾਰੀ ਨੂੰ ਖੋਲ੍ਹ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਤਾਲਾ ਲਗਾ ਦਿੱਤਾ। ਉਹ ਦੋ ਦਿਨ ਲਗਾਤਾਰ ਮੁਲਜ਼ਮ ਦੇ ਕਮਰੇ ਦੇ ਬਾਹਰ ਬੈਠੇ ਰਹੇ ਤਾਂ ਕਿ ਮੁਲਜ਼ਮ ਨੂੰ ਫੜ ਸਕਣ।

ਦੁਬਾਰਾ ਉਨ੍ਹਾਂ ਨੇ ਕੁਝ ਲੋਕਾਂ ਨਾਲ ਕਮਰੇ ਦੀ ਤਲਾਸ਼ੀ ਲਈ ਤਾਂ ਅਚਾਨਕ ਹੀ ਉਸ ਦੀ ਮਾਂ ਨੇ ਸੈਲਫ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਲੜਕੀ ਦਾ ਪੈਰ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਪੂਰਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਕੰਬਲ ’ਚ ਲੜਕੀ ਦੀ ਲਾਸ਼ ਲਪੇਟੀ ਹੋਈ ਸੀ, ਜਿਸ ਕਾਰਨ ਬਦਬੂ ਵੀ ਆਉਣ ਲੱਗ ਗਈ ਸੀ ਅਤੇ ਉਸ ਦੀ ਲਾਸ਼ ਦੀ ਹਾਲਤ ਵੀ ਖਰਾਬ ਹੋ ਚੁੱਕੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News