ਪੁਲਸ ਦੀ ਨੱਕ ਥੱਲੇ ਹੁੰਦੇ ਨੇ ਪਾਰਕ ਦੇ ਗਰਿੱਲ ਤੇ ਮੋਟਰ ਸਾਈਕਲ ਚੋਰੀ, ਨਸ਼ੇੜੀ ਕਰਦੇ ਨੇ ਨਸ਼ੇ

08/03/2022 2:08:08 PM

ਅੰਮ੍ਰਿਤਸਰ (ਅਨਜਾਣ) : ਚੰਦਰ ਸ਼ੇਖ਼ਰ ਅਜ਼ਾਦ ਵੈੱਲਫੇਅਰ ਸੁਸਾਇਟੀ ਦੀ ਇਕੱਤਰਤਾ ਪ੍ਰਧਾਨ ਹਰੀ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਤਿੰਦਰ ਅਰੌੜਾ, ਕਾਮਰੇਡ ਦਵਿੰਦਰ ਸਿੰਘ, ਮੋਹਨ ਲਾਲ, ਸੋਨੂੰ ਖੱਤਰੀ ਦੇ ਇਲਾਵਾ ਸੁਸਾਇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਸਾਇਟੀ ਪ੍ਰਧਾਨ ਹਰੀ ਓਮ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਲੱਗਭੱਗ 30 ਕਰੌੜ ਦੀ ਲਾਗਤ ਨਾਲ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਖਜ਼ਾਨਾ ਗੇਟ ਤੋਂ ਲੈ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤੱਕ ਬਾਬਾ ਦੀਪ ਸਿੰਘ ਮਾਰਗ ਦੀ ਸ਼ੁਰੂਆਤ ਕੀਤੀ ਸੀ।

ਇਸ ਇਲਾਕੇ ਦੀ ਦਿੱਖ ਸੰਵਾਰਦਿਆਂ ਜਿੱਥੇ ਸੜਕ ਦੇ ਦੋਵੇਂ ਪਾਸੇ ਮਜ਼ਬੂਤ ਤੇ ਸੁੰਦਰ ਦੀਵਾਰ ਬਣਾਈ, ਉਥੇ ਛੋਟੇ-ਛੋਟੇ ਪਾਰਕ ਬਣਾ ਕੇ ਬੱਚਿਆਂ ਦੇ ਝੂਲਣ ਲਈ ਝੂਲੇ, ਫੁੱਲ, ਪੇੜ, ਪੌਦੇ ਤੇ ਸਾਈਡਾਂ ‘ਤੇ ਗਰਿੱਲ ਵੀ ਲਗਵਾਏ। ਅਫ਼ਸੋਸ ਕਿ ਥਾਣਾ ਸੀ ਡਵੀਜ਼ਨ ਦੀ ਨੱਕ ਥੱਲੇ ਰੋਜ਼ ਇਨ੍ਹਾਂ ਪਾਰਕਾਂ ਵਿੱਚ ਜਿੱਥੇ ਨਸ਼ੇੜੀ ਦਿਨ ਵੇਲੇ ਨਸ਼ਾ ਕਰਦੇ ਨੇ, ਉਥੇ ਰਾਤ ਸਮੇਂ ਆਪਣੇ ਨਸ਼ਿਆਂ ਦੀ ਪੂਰਤੀ ਲਈ ਪਾਰਕ ਦੀਆਂ ਗਰਿੱਲਾਂ ਵੀ ਚੋਰੀ ਕਰਦੇ ਹਨ। ਪਾਰਕ ਵਿੱਚ ਲੱਗੀਆਂ ਕੀਮਤੀ ਲਾਈਟਾਂ ਖੰਭਿਆਂ ਸਮੇਤ ਉਤਾਰ ਕੇ ਲੈ ਜਾਂਦੇ ਹਨ। ਇਥੇ ਹੀ ਬੱਸ ਨਹੀਂ ਕਈ ਵਾਰੀ ਗਿਲਵਾਲੀ ਗੇਟ ਦੇ ਇਸ ਇਲਾਕੇ ’ਚੋਂ ਦਿਨ ਸਮੇਂ ਹੀ ਮੋਟਰ ਸਾਈਕਲ ਤੇ ਸਕੂਟਰ ਆਦਿ ਚੋਰੀ ਹੋ ਜਾਂਦੇ ਹਨ। 

ਉਨ੍ਹਾਂ ਕਿਹਾ ਕਿ ਪਾਰਕਾਂ ’ਚ ਏਨੀ ਗੰਦਗੀ ਫੈਲ ਚੁੱਕੀ ਹੈ ਕਿ ਕੋਈ ਬੱਚਾ ਉਥੇ ਖੇਡ ਨਹੀਂ ਸਕਦਾ ਤੇ ਕੋਈ ਬਜ਼ੁਰਗ ਸੈਰ ਕਰਕੇ ਨਰੋਆਂ ਜੀਵਨ ਨਹੀਂ ਪਾ ਸਕਦਾ। ਥਾਣੇ ਵੱਲੋਂ ਨਾ ਤਾਂ ਦਿਨ ਤੇ ਰਾਤ ਸਮੇਂ ਕੋਈ ਗੱਸ਼ਤ ਟੀਮ ਭੇਜੀ ਜਾਂਦੀ ਹੈ ਤੇ ਨਾ ਹੀ ਇਨ੍ਹਾਂ ਗਲਤ ਕਾਰਵਾਈਆਂ ਨੂੰ ਰੋਕਿਆ ਜਾਂਦਾ ਹੈ। ਕਈ ਵਾਰੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਚੋਰ ਫੜਾਏ ਜਾਂਦੇ ਹਨ ਪਰ ਬਾਅਦ ‘ਚ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਮੌਜੂਦਾ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰੋੜਾਂ ਰੁਪਏ ਨਾਲ ਬਣੇ ਇਸ ਪ੍ਰਾਜੈਕਟ ਨੂੰ ਜਿੱਥੇ ਬਚਾਇਆ ਜਾਏ, ਓਥੇ ਨਸ਼ੇੜੀਆਂ ਤੇ ਚੋਰਾਂ ਨੂੰ ਵੀ ਨੱਥ ਪਾਈ ਜਾਏ ਤਾਂ ਜੋ ਇਸ ਕੀਮਤੀ ਪ੍ਰਾਪਰਟੀ ਦੇ ਨਾਲ-ਨਾਲ ਲੋਕਾਈ ਦਾ ਵੀ ਭਲਾ ਹੋ ਸਕੇ।

ਕੀ ਕਹਿੰਦੇ ਨੇ ਥਾਣਾ ਮੁਖੀ : 
ਇਸ ਸਬੰਧੀ ਜਦ ਥਾਣਾ-ਸੀ ਡਵੀਜ਼ਨ ਦੇ ਮੁਖੀ ਐੱਸ.ਐੱਚ.ਓ. ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਸਾਇਟੀ ਵਾਲੇ ਮੇਰੇ ਕੋਲ ਕੋਈ ਨਹੀਂ ਆਏ। ਉਹ ਚਾਹੁਣ ਤਾਂ ਮਿਲ ਸਕਦੇ ਨੇ। ਬਾਕੀ ਸਮੇਂ-ਸਮੇਂ ਜਦ ਵੀ ਸਾਨੂੰ ਪਤਾ ਲੱਗਦਾ ਹੈ ਤਾਂ ਅਸੀਂ ਚੋਰ ਫੜ੍ਹ ਕੇ ਉਨ੍ਹਾਂ ‘ਤੇ ਕਾਰਵਾਈ ਕਰਦੇ ਹਾਂ। ਉਨ੍ਹਾਂ ਕਿਹਾ ਕਿ ਨੇੜੇ ਹੀ ਸਕੱਤਰੀ ਬਾਗ ਸਾਡੀ ਪੁਲਸ ਟੀਮ ਦੀ ਗਸ਼ਤ ਹੁੰਦੀ ਰਹਿੰਦੀ ਹੈ ਤੇ ਬਾਬਾ ਦੀਪ ਸਿੰਘ ਮਾਰਗ ਵਾਲੇ ਇਲਾਕੇ ‘ਚ ਪੀ.ਸੀ.ਆਰ. ਵਾਲੇ ਗਸ਼ਤ ਕਰਦੇ ਰਹਿੰਦੇ ਨੇ। ਅਸੀਂ ਨਸ਼ੇੜੀ ਫੜ੍ਹਦੇ ਵੀ ਹਾਂ ਤੇ ਉਨ੍ਹਾਂ ‘ਤੇ ਕਾਰਵਾਈ ਕਰਦੇ ਹਾਂ। ਬਾਕੀ ਅਗਰ ਕੋਈ ਦਿੱਕਤ ਹੋਵੇ ਤਾਂ ਚੰਦਰ ਸ਼ੇਫ਼ਰ ਆਜ਼ਾਦ ਵੈੱਲਫੇਅਰ ਸੁਸਾਇਟੀ ਵਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਗਲਤ ਅਨਸਰਾਂ ਉੱਤੇ ਜ਼ਰੂਰ ਕਾਰਵਾਈ ਕਰਾਂਗੇ।


rajwinder kaur

Content Editor

Related News