ਲਾਪਤਾ ਹੋਈਆਂ 2 ਨਾਬਾਲਗ ਕੁੜੀਆਂ 10 ਘੰਟਿਆਂ ’ਚ ਕੀਤੀਆਂ ਮਾਪਿਆਂ ਹਵਾਲੇ

04/19/2021 6:35:43 PM

ਚੋਹਲਾ ਸਾਹਿਬ (ਜ. ਬ.)-ਪੁਲਸ ਥਾਣਾ ਚੋਹਲਾ ਸਾਹਿਬ ਨੇ ਬੀਤੇ ਦਿਨ 2 ਨਾਬਾਲਗ ਕੁੜੀਆਂ ਨੂੰ ਕਿਸੇ ਵਿਅਕਤੀ ਵਲੋਂ ਵਰਗਲਾ ਕੇ ਲਿਜਾਣ ਮਗਰੋਂ ਪੁਲਸ ਵਲੋਂ ਮੁਸਤੈਦੀ ਨਾਲ ਕੀਤੀ ਕਾਰਵਾਈ ਅਧੀਨ ਉਨ੍ਹਾਂ ਨੂੰ 10 ਘੰਟਿਆਂ ਅੰਦਰ ਰਿਕਵਰ ਕਰ ਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਚੋਹਲਾ ਸਾਹਿਬ ਥਾਣਾ ਮੁਖੀ ਐੱਸ. ਐੱਚ. ਓ. ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬੀਤੇ ਕੱਲ੍ਹ ਸਥਾਨਕ ਕਸਬੇ ਦੀ ਦਾਣਾ ਮੰਡੀ ਦੇ ਨਜ਼ਦੀਕ ਝੁੱਗੀ-ਝੌਂਪੜੀ ’ਚ ਰਹਿੰਦੇ ਦੋ ਪਰਿਵਾਰਾਂ ਦੀਆਂ ਨਾਬਾਲਗ ਲੜਕੀਆਂ, ਜਿਨ੍ਹਾਂ ਦੀ ਉਮਰ ਤਕਰੀਬਨ 12 ਅਤੇ 14 ਸਾਲ ਸੀ, ਆਪਣੇ ਘਰੋਂ ਗੁਰਦੁਆਰਾ ਸਾਹਿਬ ਵਿਖੇ ਕੱਪੜੇ ਧੋਣ ਲਈ ਗਈਆਂ ਪਰ ਵਾਪਸ ਨਾ ਮੁੜਨ ’ਤੇ ਉਨ੍ਹਾਂ ਦੇ ਮਾਪਿਆਂ ਵਲੋਂ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ 17 ਅਪ੍ਰੈਲ 2021 ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀਆਂ ਨਾਬਾਲਗ ਬੱਚੀਆਂ ਨੂੰ ਕਿਸੇ ਵਿਅਕਤੀ ਵਲੋਂ ਵਰਗਲਾ ਕੇ ਕਿਸੇ ਹੋਰ ਥਾਂ ਲਿਜਾਇਆ ਗਿਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਏ. ਐੱਸ. ਆਈ. ਜਸਵੰਤ ਸਿੰਘ, ਏ. ਐੱਸ. ਆਈ. ਲਖਬੀਰ ਕੌਰ ਮਹਿਲਾ ਮਿੱਤਰ ਸਣੇ ਪੁਲਸ ਪਾਰਟੀ ਨੇ ਮੁਸਤੈਦੀ ਦਿਖਾਈ ਅਤੇ ਰਣਬੀਰ ਸਿੰਘ ਇੰਚਾਰਜ ਸਾਈਬਰ ਕਰਾਈਮ ਸੈੱਲ ਦੀ ਮਦਦ ਨਾਲ ਲੜਕੀਆਂ ਦੇ ਮੋਬਾਇਲ ਦੀ ਲੋਕੇਸ਼ਨ ਚੈੱਕ ਕੀਤੀ। ਮੋਬਾਇਲ ਦੀ ਲੋਕੇਸ਼ਨ ਬੱਸ ਸਟੈਂਡ ਅੰਮ੍ਰਿਤਸਰ ਦੇ ਨਜ਼ਦੀਕ ਪਾਈ ਗਈ।

ਥਾਣਾ ਮੁਖੀ ਨੇ ਦੱਸਿਆ ਕਿ ਉਹ ਖੁਦ ਰਾਤ ਸਮੇਂ ਜਦੋਂ ਅੰਮ੍ਰਿਤਸਰ ਬੱਸ ਸਟੈਂਡ ਪੁੱਜੇ ਅਤੇ ਲੱਗਭਗ 31 ਹੋਟਲਾਂ ਦੀ ਛਾਣਬੀਣ ਕੀਤੀ ਪਰ ਲੜਕੀਆਂ ਕਿਤੇ ਵੀ ਨਹੀਂ ਮਿਲੀਆਂ। ਇਸ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਦੀ ਲੋਕੇਸ਼ਨ ਬੱਸ ਸਟੈਂਡ ਫਿਰੋਜ਼ਪੁਰ ਦੀ ਪਾਈ ਗਈ, ਜਿਸ ’ਤੇ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਇਨ੍ਹਾਂ ਲੜਕੀਆਂ ਨੂੰ ਫਿਰੋਜ਼ਪੁਰ ਤੋਂ ਬਰਾਮਦ ਕਰ ਲਿਆ ਅਤੇ ਜਿਸ ਵਿਅਕਤੀ ਵਲੋਂ ਇਨ੍ਹਾਂ ਨੂੰ ਵਰਗਲਾ ਕੇ ਲਿਜਾਇਆ ਗਿਆ ਸੀ, ਉਹ ਫਰਾਰ ਹੋ ਗਿਆ। ਅੱਜ ਪੁਲਸ ਥਾਣਾ ਚੋਹਲਾ ਸਾਹਿਬ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਵਲੋਂ ਪ੍ਰੈੱਸ ਅਤੇ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਤੇ ਸਰਪੰਚ ਲਖਬੀਰ ਸਿੰਘ ਦੀ ਹਾਜ਼ਰੀ ’ਚ ਇਨ੍ਹਾਂ ਲੜਕੀਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।


Manoj

Content Editor

Related News