ਭਰਨ ਦੀ ਜਗ੍ਹਾ ਖਾਲੀ ਹੋਣ ਲੱਗੀਆਂ ਚੈਰੀਟੇਬਲ ਹਸਪਤਾਲ ''ਚ ਡਾਕਟਰਾਂ ਦੀਆਂ ਪੋਸਟਾਂ
Tuesday, Jun 12, 2018 - 10:49 AM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ 1997 'ਚ ਕਰੀਬ 5 ਕਰੋੜ ਰੁਪਏ, (ਗੁਰੂ ਕੀ ਗੋਲਕ) 'ਚੋਂ ਖਰਚ ਕਰਕੇ ਇਥੇ 'ਬ੍ਰਹਮ ਗਿਆਨੀ ਬਾਬਾ ਬੁੱਢਾ ਜੀ' ਦੇ ਨਾਂ 'ਤੇ ਸਥਾਪਿਤ ਕੀਤਾ ਗਿਆ ਚੈਰੀਟੇਬਲ ਹਸਪਤਾਲ ਇਸ ਸਮੇਂ ਸਹੂਲਤਾਂ ਤੋਂ ਕਥਿਤ ਤੌਰ 'ਤੇ ਸੱਖਣਾ ਹੋਣ ਕਰਕੇ 'ਗੁਰੂ ਕੀ ਗੋਲਕ' 'ਤੇ ਬੋਝ ਬਣ ਰਿਹਾ ਹੈ।
ਸੂਤਰਾਂ ਮੁਤਾਬਕ ਹਸਪਤਾਲ 'ਚ ਕੁਝ ਅੰਦਰੂਨੀ ਖਿੱਚੋਤਾਣ ਕਰਕੇ ਇਹ ਹਸਪਤਾਲ ਹੌਲੀ-ਹੌਲੀ ਸਹੂਲਤਾਂ ਤੋਂ ਸੱਖਣਾ ਇਸ ਕਰਕੇ ਹੁੰਦਾ ਜਾ ਰਿਹਾ ਹੈ, ਕਿਉਂਕਿ ਪਹਿਲਾਂ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਇਸ ਹਸਪਤਾਲ 'ਚ ਤਾਇਨਾਤ ਕੁਝ ਮਾਹਿਰ ਡਾਕਟਰ ਅਸਤੀਫੇ ਦੇ ਕੇ ਇੱਥੋਂ ਜਾ ਰਹੇ ਹਨ। 150 ਬੈੱਡਾਂ ਵਾਲੇ 3 ਮੰਜ਼ਲੀ ਇਸ ਹਸਪਤਾਲ 'ਚ ਭਾਵੇਂ 50 ਦੇ ਕਰੀਬ ਬੈੱਡ ਮੌਜੂਦ ਦੱਸੇ ਜਾ ਰਹੇ ਹਨ ਪਰ ਹਸਪਤਾਲ ਇਸ ਸਮੇਂ ਜਿੱਥੇ ਮਾਹਰ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ, ਉਥੇ ਹੀ ਇਥੇ ਤਾਇਨਾਤ ਕੀਤੇ ਗਏ ਬੇਲੋੜੇ ਸਟਾਫ ਦੀ 'ਫੌਜ' ਦੀ ਮਹੀਨਾਵਰ ਤਨਖਾਹ ਦਾ ਲੱਖਾਂ ਰੁਪਏ ਦਾ ਬੋਝ ਵੀ ਗੁਰੂ ਕੀ ਗੋਲਕ ਨੂੰ ਝੱਲਣਾ ਪੈ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਹਸਪਤਾਲ ਦਾ ਅਮਲੇ ਸਮੇਤ ਰੋਜ਼ਾਨਾ ਖਰਚ ਡੇਢ ਲੱਖ ਦੇ ਲਗਭਗ ਹੈ ਪਰ ਲੋਕਾਂ ਨੂੰ ਸਹੂਲਤ ਨਾਂ ਦੇ ਬਰਾਬਰ ਮਿਲ ਰਹੀ ਹੈ। ਹਸਪਤਾਲ 'ਚੋਂ ਮਰੀਜਾਂ ਨੂੰ ਮੁਫਤ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਹੂਲਤ ਕਈ ਸਾਲਾਂ ਤੋਂ ਬੰਦ ਕਰ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਕੁਝ ਸਾਬਕਾ ਮੈਂਬਰ ਸਹਿਬਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਹਸਪਤਾਲ ਨੂੰ ਸਹੂਲਤਾਂ ਭਰਪੂਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨਾਂ ਨੂੰ ਵਾਰ-ਵਾਰ ਕਹਿਣ ਤੋਂ ਇਲਾਵਾ ਇਸ ਸਬੰਧੀ ਸਬ ਕਮੇਟੀ 'ਚ ਵੀ ਮਤੇ ਪਾਏ ਗਏ ਸਨ ਤਾਂ ਜੋ ਇਸ ਸਰਹੱਦੀ ਖੇਤਰ ਦੇ ਲੋਕਾਂ ਨੂੰ ਸਸਤੇ ਦਰਾਂ ਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ ਪਰ ਅਜਿਹਾ ਨਾ ਹੋਣ ਕਰਕੇ ਇਸ ਖੇਤਰ ਦੇ ਲੋਕਾਂ ਨੂੰ ਲੋੜ ਵੇਲੇ ਦੂਰ ਦੁਰਾਡੇ ਮਹਿੰਗੇ ਹਸਪਤਾਲਾਂ 'ਚ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਸ ਲਈ ਜਿੰਮੇਵਾਰ ਸਖਸ਼ੀਅਤਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।
ਮਾਹਿਰ ਡਾਕਟਰਾਂ ਤੇ ਹੋਰ ਪ੍ਰਬੰਧਾਂ ਦੀ ਹੈ ਹਸਪਤਾਲ 'ਚ ਘਾਟ
ਹਸਪਤਾਲ ਦੇ ਮੈਡੀਕਲ ਸੁਪਰੀਡੈਂਟ-ਕਮ-ਡਾਇਰੈਕਟਰ ਦੀ ਜਿੱਥੇ ਪੋਸਟ ਕਈ ਸਾਲਾਂ ਤੋਂ ਖਾਲੀ ਪਈ ਹੈ, ਉੱਥੇ ਹੀ ਬੱਚਿਆਂ ਦੇ ਮਾਹਿਰ ਡਾਕਟਰ, ਮੈਡੀਸਨ ਦੇ ਡਾਕਟਰ, ਨੱਕ, ਕੰਨ ਅਤੇ ਗਲੇ ਦੇ ਡਾਕਟਰ, ਦਿਲ, ਸ਼ੂਗਰ, ਟੀ.ਬੀ. ਦੇ ਮਾਹਿਰ ਡਾਕਟਰਾਂ ਸਮੇਤ ਸੈਨੋਲੋਜ਼ਿਸਟ (ਅਲਟਰਾਸਾਂਊਡ) ਮਾਹਿਰ ਦੀ ਘਾਟ ਹੈ। ਇਸ ਤੋਂ ਇਲਾਵਾ ਹਸਪਤਾਲ ਅੰਦਰ ਆਈ. ਸੀ. ਯੂ. ਅਤੇ ਵੈਂਟੀਲੇਟਰ ਦੀ ਸਹੂਲਤ ਵੀ ਮੌਜੂਦ ਨਹੀਂ ਹੈ, ਜਿਸ ਕਰਕੇ ਐਂਮਰਜੈਂਸੀ ਹਲਾਤਾਂ 'ਚ ਲੋਕਾਂ ਨੂੰ ਦੂਰ ਦੁਰਾਡੇ ਸ਼ਹਿਰੀ ਖੇਤਰ ਦੇ ਹਸਪਤਾਲਾਂ 'ਚ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਇਨ੍ਹਾਂ ਡਾਕਟਰਾਂ ਨੇ ਹਸਪਤਾਲ ਤੋਂ ਦਿੱਤਾ ਹੈ ਅਸਤੀਫਾ
ਕੁਝ ਦਿਨ ਪਹਿਲਾਂ ਹੀ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਅਤੇ ਹੋਰ ਲੋੜੀਦੇਂ ਪ੍ਰਬੰਧ ਪੂਰੇ ਕਰਨ ਲਈ ਹਸਪਤਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ 'ਤੇ ਗਠਤ ਕੀਤੀ ਗਈ ਸ਼੍ਰੋਮਣੀ ਕਮੇਟੀ ਮੈਂਬਰ ਲਖਬੀਰ ਸਿੰਘ ਰਾਈਆਂ ਵਾਲਾ, ਜਥੇਦਾਰ ਸੱਜਣ ਸਿੰਘ ਬੱਜੂਮਾਨ ਅਤੇ ਜੱਥੇਦਾਰ ਗੁਰਬਚਨ ਸਿੰਘ ਕਰਮੂੰਵਾਲ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਸਬ ਕਮੇਟੀ ਵਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਹਸਪਤਾਲ ਨੂੰ ਚਲਾਉਣ ਲਈ ਸਾਰੀਆਂ ਘਾਟਾਂ ਜਲਦ ਪੂਰੀਆਂ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਦੌਰੇ ਤੋਂ ਕੁਝ ਦਿਨ ਬਾਅਦ ਹੀ ਹਸਪਤਾਲ 'ਚ ਨਵੇਂ ਡਾਕਟਰਾਂ ਦੀ ਭਰਤੀ ਹੋਣ ਦੀ ਜਗ੍ਹਾ 2 ਡਾਕਟਰਾਂ ਵਲੋਂ ਅਸਤੀਫੇ ਦੇ ਦਿੱਤੇ ਗਏ ਹਨ। ਇਨ੍ਹਾਂ ਡਾਕਟਰਾਂ 'ਚੋਂ ਇਕ (ਐਨਾਇਸਥੀਜੀਆ) ਬੇਹੋਸ਼ੀ ਦੀ ਡਾਕਟਰ ਮੈਡਮ ਹਿਮਾਂਸ਼ੂ ਸ਼ਰਮਾ ਦੱਸੀ ਜਾ ਰਹੀ ਹੈ, ਜੋ ਹਸਪਤਾਲ ਨੂੰ ਛੱਡ ਕੇ ਜਾ ਚੁੱਕੀ ਹੈ ਅਤੇ ਦੂਜੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਸ਼ੀਤਲ ਗੁਲਾਟੀ ਵਲੋਂ ਵੀ ਅਸਤੀਫਾ ਦਿੰਦਿਆਂ ਕੇਵਲ ਸਤੰਬਰ 2018 ਤੱਕ ਹੀ ਹਸਪਤਾਲ 'ਚ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ।
ਕੀ ਕਹਿਣਾ ਹੈ ਹਸਪਤਾਲ ਦੇ ਡਿਪਟੀ ਸੁਪਰੀਡੈਂਟ ਡਾ. ਨਰਿੰਦਰ ਸਿੰਘ ਕੰਗ ਦਾ
ਹਸਪਤਾਲ ਦੇ ਡਿਪਟੀ ਸੁਪਰੀਡੈਂਟ ਡਾ. ਨਰਿੰਦਰ ਸਿੰਘ ਕੰਗ ਨੇ ਉਕਤ ਦੋਹਾਂ ਡਾਕਟਰਾਂ ਵਲੋਂ ਦਿੱਤੇ ਗਏ ਅਸਤੀਫਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਗਠਤ ਕੀਤੀ ਗਈ ਕਮੇਟੀ ਵਲੋਂ ਕਾਰਵਾਈ ਅਰੰਭ ਦਿੱਤੀ ਗਈ ਹੈ। ਉਨ੍ਹਾਂ ਅਸਤੀਫਾ ਦੇ ਚੁੱਕੇ ਡਾਕਟਰਾਂ ਦੀ ਜਗ੍ਹਾ ਜਲਦ ਹੀ ਨਵੇਂ ਡਾਕਟਰ ਨਿਯੁਕਤ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਬੰਧੀ ਅਖਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਯੋਗ ਡਾਕਟਰਾਂ ਦੀ ਮੰਗ ਕੀਤੀ ਜਾ ਰਹੀ ਹੈ।