ਪੰਜਾਬ ਦੀ ਆਬੋ ਹਵਾ ਹੋਈ ਜ਼ਹਿਰੀਲੀ! 400 ਤੋਂ ਪਾਰ ਪੁੱਜਾ AQI,ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ
Monday, Nov 24, 2025 - 04:44 PM (IST)
ਜਲੰਧਰ (ਪੁਨੀਤ)–ਕੋਹਰੇ ਦੇ ਦਿਨਾਂ ਵਿਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦਾ ਪੱਧਰ ਖ਼ਰਾਬ ਹੋਣਾ ਸ਼ੁਰੂ ਹੁੰਦਾ ਹੈ ਪਰ ਕੋਹਰੇ ਤੋਂ ਪਹਿਲਾਂ ਹੀ ਏ. ਕਿਊ. ਆਈ. ਜੋਖਮ ਵਾਲੇ ਪੱਧਰ ’ਤੇ ਪਹੁੰਚ ਰਿਹਾ ਹੈ, ਜਿਸ ਨਾਲ ਬੀਮਾਰੀਆਂ ਵਧ ਰਹੀਆਂ ਹਨ ਅਤੇ ਸਿਹਤ ’ਤੇ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ। ਇਸ ਨਾਲ ਡਾਕਟਰਾਂ ਕੋਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ ਦਿਨੀਂ 250 ਦੇ ਆਲੇ-ਦੁਆਲੇ ਦਰਜ ਕੀਤਾ ਗਿਆ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਹੁਣ 400 ਤੋਂ ਉਪਰ ਜਾਂਦੇ ਹੋਏ ਮਾਰੂ ਪੱਧਰ ’ਤੇ ਪਹੁੰਚ ਗਿਆ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਹੋਇਆ ਅੰਤਿਮ ਸੰਸਕਾਰ, ਰੋਂਦੀ ਹੋਈ ਮਾਂ ਬੋਲੀ, ਮੁਲਜ਼ਮ ਨੂੰ...
6-7 ਕਿਲੋਮੀਟਰ ਦੀ ਸਪੀਡ ਨਾਲ ਹਵਾਵਾਂ ਚੱਲੀਆਂ, ਜੋਕਿ ਦਰਮਿਆਨੀ ਤੋਂ ਘੱਟ ਆਂਕੀਆਂ ਜਾਂਦੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਹਵਾਵਾਂ ਦੀ ਸਪੀਡ ਹੌਲੀ ਹੋਣ ਕਾਰਨ ਏ. ਕਿਊ. ਆਈ. ਵਿਚ ਸੁਧਾਰ ਨਹੀਂ ਹੋ ਪਾ ਰਿਹਾ। ਧੁੱਪ ਨਿਕਲਣ ਦੇ ਬਾਵਜੂਦ ਸੁਧਾਰ ਹੋਣ ਦੇ ਉਲਟ ਗੁਣਵੱਤਾ ਖ਼ਰਾਬ ਹੁੰਦੀ ਜਾ ਰਹੀ ਹੈ, ਜੋਕਿ ਸਾਹ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦਾਇਕ ਦੱਸੀ ਗਈ ਹੈ। ਅਜਿਹੇ ਵਿਚ ਸਾਹ-ਘੋਟੂ ਹਵਾਵਾਂ ਵਿਚ ਜਨਤਾ ਦਾ ਹਾਲ ਬੇਹਾਲ ਹੋ ਰਿਹਾ ਹੈ। ਅੰਕੜਿਆਂ ਮੁਤਾਬਕ ਸਵੇਰੇ 9 ਵਜੇ ਦੇ ਆਲੇ-ਦੁਆਲੇ ਏ. ਕਿਊ. ਆਈ. 409, ਜਦਕਿ ਪੂਰੇ ਦਿਨ ਵਿਚ ਸਭ ਤੋਂ ਘੱਟ 200 ਦੇ ਕਰੀਬ ਦਰਜ ਕੀਤਾ ਗਿਆ। ਏ. ਕਿਊ. ਆਈ. ਦੀ ਸਥਿਤੀ ਨੂੰ ਜਾਣਨ ਵਾਲੇ ਲੋਕ ਮਾਸਕ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੇ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹੀਂ ਦਿਨੀਂ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਤੇਜ਼ੀ ਨਾਲ ਉਪਰ ਵਧ ਰਿਹਾ ਹੈ, ਜਿਸ ਨਾਲ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੇਸ਼ ਆ ਸਕਦੀਆਂ ਹਨ। ਇਸ ਤੋਂ ਬਚਾਅ ਲਈ ਮਾਸਕ-ਐਨਕ ਸਮੇਤ ਹੋਰ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਤਾਂ ਕਿ ਇਸ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਅਤ ਰਿਹਾ ਜਾ ਸਕੇ।
ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਉਚਾਈ ਵਾਲੇ ਖੇਤਰਾਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਦੇ ਤਾਪਮਾਨ ਵਿਚ ਗਿਰਾਵਟ ਦਰਜ ਹੋ ਰਹੀ ਹੈ। ਮਾਹਿਰਾਂ ਮੁਤਾਬਕ ਖੁਸ਼ਕ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਕਾਰਨ ਹਵਾ ਵਿਚ ਨਮੀ ਘਟੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਏ. ਕਿਊ. ਆਈ.ਦੇ ਵਿਗੜਦੇ ਪੱਧਰ ਵਿਚ ਸਾਹ ਸਬੰਧੀ ਪ੍ਰੇਸ਼ਾਨੀ ਝੱਲ ਰਹੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀ ਸ਼ੁਰੂ ਹੋ ਜਾਂਦੀਆਂ ਹਨ ਅਤੇ ਆਮ ਵਿਅਕਤੀ ’ਤੇ ਵੀ ਇਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਤੋਂ ਬਚਣ ਲਈ ਮਾਸਕ ਤੋਂ ਇਲਾਵਾ ਐਨਕ ਦੀ ਵਰਤੋਂ ਨੂੰ ਵੀ ਜ਼ਰੂਰੀ ਦੱਸਿਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਦੇ ਮੌਸਮ ਦੌਰਾਨ ਅੱਖਾਂ ਵਿਚ ਸਾੜ ਵਰਗੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੁੱਦੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ! ਦਿੱਤੀ ਚਿਤਾਵਨੀ
ਫਿਲਹਾਲ ਸੰਭਾਵਨਾਵਾਂ ਘੱਟ ਹਨ, ਮੀਂਹ ਤੋਂ ਬਾਅਦ ਰਾਹਤ ਮਿਲੇਗੀ
ਸ਼ਨੀਵਾਰ ਬੱਦਲ ਲੁਕਣਮੀਟੀ ਖੇਡਦੇ ਵੇਖੇ ਗਏ ਸਨ, ਜਿਸ ਨਾਲ ਮੀਂਹ ਦੀ ਉਮੀਦ ਜਾਗੀ ਸੀ ਪਰ ਬਾਅਦ ਵਿਚ ਹਲਕੀ ਧੁੱਪ ਨਿਕਲੀ ਜਦਕਿ ਐਤਵਾਰ ਆਸਮਾਨ ਸਾਫ਼ ਰਿਹਾ। ਇਸ ਕਾਰਨ, ਇਸ ਵੇਲੇ ਮੀਂਹ ਦੀਆਂ ਉਮੀਦਾਂ ਘੱਟ ਜਾਪਦੀਆਂ ਹਨ। ਏ. ਕਿਊ. ਆਈ. ਵਿਚ ਸੁਧਾਰ ਲਈ ਮੀਂਹ ਜ਼ਰੂਰੀ ਹੈ ਜਾਂ ਹਵਾ ਦੀ ਰਫਤਾਰ ਵਧਣ ਕਾਰਨ ਥੋੜ੍ਹਾ ਜਿਹਾ ਸੁਧਾਰ ਹੁੰਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਲਈ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ।
ਪੰਜਾਬ ਦੇ ਤਾਪਮਾਨ ’ਚ ਗਿਰਾਵਟ, 7 ਡਿਗਰੀ ਤੱਕ ਪਹੁੰਚਿਆ ਘੱਟੋ-ਘੱਟ ਤਾਪਮਾਨ
ਪੰਜਾਬ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਕਾਰਨ ਠੰਢ ਵਧ ਰਹੀ ਹੈ। ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੋਹਾਲੀ ਵਿਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਿੰਨਾ ਹੋ ਸਕੇ ਘਰ ਦੇ ਅੰਦਰ ਰਹੋ
ਜਦੋਂ ਏਅਰ ਕੁਆਲਿਟੀ ਇੰਡੈਕਸ (AQI) "ਬਹੁਤ ਮਾੜਾ" ਜਾਂ "ਗੰਭੀਰ" ਹੁੰਦਾ ਹੈ ਤਾਂ ਦਮੇ ਦੇ ਮਰੀਜ਼ਾਂ ਨੂੰ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਸਵੇਰੇ ਅਤੇ ਸ਼ਾਮ ਨੂੰ ਪ੍ਰਦੂਸ਼ਣ ਦਾ ਪੱਧਰ ਉੱਚਾ ਹੁੰਦਾ ਹੈ, ਇਸ ਲਈ ਇਸ ਸਮੇਂ ਦੌਰਾਨ ਤੁਰਨ ਜਾਂ ਬਾਹਰ ਜਾਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ ਤਾਂ ਪ੍ਰਦੂਸ਼ਣ ਦੇ ਕਣਾਂ ਨੂੰ ਆਪਣੇ ਫੇਫੜਿਆਂ ਤੱਕ ਪਹੁੰਚਣ ਤੋਂ ਰੋਕਣ ਲਈ N95 ਜਾਂ N99 ਮਾਸਕ ਪਹਿਨੋ।
ਘਰ ਦੇ ਅੰਦਰ ਦੀ ਹਵਾ ਨੂੰ ਸਾਫ਼ ਰੱਖੋ
ਘਰ ਦੇ ਅੰਦਰ ਪ੍ਰਦੂਸ਼ਣ ਨੂੰ ਘਟਾਉਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ। ਜੇਕਰ ਇਹ ਉਪਲਬਧ ਨਹੀਂ ਹੈ ਤਾਂ ਤੁਸੀਂ ਘਰ 'ਚ ਘਿਓ ਜਾਂ ਨਾਰੀਅਲ ਦੇ ਤੇਲ ਨਾਲ ਇੱਕ ਛੋਟਾ ਜਿਹਾ ਦੀਵਾ ਜਗਾ ਕੇ ਕੁਝ ਨਮੀ ਬਣਾਈ ਰੱਖ ਸਕਦੇ ਹੋ। ਦਿਨ ਵੇਲੇ ਕੁਝ ਪਲਾਂ ਲਈ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹੋ ਤਾਂ ਜੋ ਹੁੰਮਸ ਭਰੀ ਹਵਾ ਨੂੰ ਰੋਕਿਆ ਜਾ ਸਕੇ, ਪਰ ਜਦੋਂ ਬਾਹਰ ਬਹੁਤ ਸਾਰਾ ਧੂੰਆਂ ਤੇ ਧੂੜ ਹੋਵੇ ਤਾਂ ਉਨ੍ਹਾਂ ਨੂੰ ਬੰਦ ਰੱਖੋ।
ਹਰਬਲ ਸਟੀਮ ਤੇ ਸਟੀਮ ਥੈਰੇਪੀ ਅਜ਼ਮਾਓ
ਗਲੇ 'ਚ ਖਰਾਸ਼, ਨੱਕ ਬੰਦ ਹੋਣ ਜਾਂ ਸਾਹ ਲੈਣ 'ਚ ਮੁਸ਼ਕਿਲ ਲਈ ਦਿਨ 'ਚ ਦੋ ਵਾਰ ਗਰਮ ਪਾਣੀ ਦੀ ਭਾਫ਼ ਲਓ। ਪੁਦੀਨੇ, ਕੈਰਮ ਬੀਜ ਜਾਂ ਯੂਕਲਿਪਟਸ ਤੇਲ ਦੀਆਂ ਕੁਝ ਬੂੰਦਾਂ ਪਾਓ। ਇਹ ਨਾ ਸਿਰਫ਼ ਗਲੇ ਨੂੰ ਸ਼ਾਂਤ ਕਰਦਾ ਹੈ ਬਲਕਿ ਸਾਹ ਨਾਲੀਆਂ ਨੂੰ ਵੀ ਖੋਲ੍ਹਦਾ ਹੈ।
ਇਨਹੇਲਰ ਤੇ ਦਵਾਈਆਂ ਦੀ ਵਰਤੋਂ
ਦਮਾ ਦੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਸਮੇਂ ਸਿਰ ਲੈਣੀਆਂ ਚਾਹੀਦੀਆਂ ਹਨ। ਹਮੇਸ਼ਾ ਆਪਣੇ ਨਾਲ ਇਨਹੇਲਰ ਜਾਂ ਨੈਬੂਲਾਈਜ਼ਰ ਰੱਖੋ। ਜੇਕਰ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਜਾਂ ਛਾਤੀ ਵਿੱਚ ਭਾਰੀਪਨ ਲੱਗਦਾ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ। ਆਪਣੀ ਦਵਾਈ ਆਪਣੇ ਆਪ ਨਾ ਬਦਲੋ।
ਯੋਗਾ ਤੇ ਸਾਹ ਲੈਣ ਦੀਆਂ ਕਸਰਤਾਂ
ਪ੍ਰਦੂਸ਼ਣ 'ਚ ਵੀ ਆਪਣੇ ਫੇਫੜਿਆਂ ਨੂੰ ਮਜ਼ਬੂਤ ਰੱਖਣ ਲਈ, ਪ੍ਰਾਣਾਯਾਮ ਅਤੇ ਅਨੁਲੋਮ-ਵਿਲੋਮ ਵਰਗੇ ਸਾਹ ਲੈਣ ਦੀਆਂ ਕਸਰਤਾਂ ਘਰ ਦੇ ਅੰਦਰ ਕਰੋ। ਇਹ ਫੇਫੜਿਆਂ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਸਾਹ ਲੈਣ 'ਚ ਪ੍ਰਕਿਰਿਆ ਵਿਚ ਮਦਦ ਕਰਦੇ ਹਨ। ਇਹ ਸਿਰਫ਼ ਸਾਫ਼ ਹਵਾ ਵਾਲੇ ਕਮਰੇ 'ਚ ਕਰਨਾ ਹੈ, ਯਾਦ ਰੱਖੋ।
ਧੂੰਏਂ ਤੇ ਧੂੜ ਤੋਂ ਦੂਰ ਰਹੋ
ਦਮਾ ਦੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੇ ਧੂੰਏਂ ਤੋਂ ਬਚਣਾ ਚਾਹੀਦਾ ਹੈ- ਭਾਵੇਂ ਉਹ ਸਿਗਰਟ ਦਾ ਧੂੰਆਂ ਹੋਵੇ, ਖਾਣਾ ਪਕਾਉਣ ਵਾਲੀ ਗੈਸ ਹੋਵੇ, ਜਾਂ ਧੂਫ਼ ਦਾ ਧੂੰਆਂ ਹੋਵੇ। ਘਰ ਦੀ ਸਫ਼ਾਈ ਕਰਦੇ ਸਮੇਂ ਮਾਸਕ ਪਹਿਨੋ ਤਾਂ ਜੋ ਧੂੜ ਦੇ ਕਣਾਂ ਨੂੰ ਫੇਫੜਿਆਂ ਨੂੰ ਨੁਕਸਾਨ ਨਾ ਪਹੁੰਚ ਸਕੇ।
ਕਦੋਂ ਲੈਣੀ ਹੈ ਡਾਕਟਰ ਦੀ ਸਲਾਹ
ਜੇਕਰ ਤੁਹਾਨੂੰ ਰਾਤ ਨੂੰ ਸਾਹ ਲੈਣ 'ਚ ਤਕਲੀਫ਼, ਛਾਤੀ 'ਚ ਜਕੜਨ ਜਾਂ ਵਾਰ-ਵਾਰ ਖੰਘ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਸੰਕੇਤ ਹਨ ਕਿ ਪ੍ਰਦੂਸ਼ਣ ਦੇ ਪ੍ਰਭਾਵ ਵੱਧ ਰਹੇ ਹਨ। ਅਜਿਹੀ ਸਥਿਤੀ 'ਚ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਹੋਏ ਕਤਲ ਮਾਮਲੇ 'ਚ ਵੱਡਾ ਐਕਸ਼ਨ! ASI 'ਤੇ ਡਿੱਗੀ ਗਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
