ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਹੌਲੀ ਕੀਤੀ ਜ਼ਿੰਦਗੀ ਦੀ ਰਫਤਾਰ

01/20/2020 1:15:07 AM

ਤਰਨਤਾਰਨ, (ਰਮਨ)— ਰਿਕਾਰਡ ਤੋੜ ਪੈ ਰਹੀ ਠੰਡ ਅਤੇ ਰੋਜ਼ਾਨਾ ਪੈਣ ਵਾਲੀ ਸੰਘਣੀ ਧੁੰਦ ਨੇ ਅੱਜਕਲ ਜ਼ਿੰਦਗੀ ਦੀ ਰਫਤਾਰ ਨੂੰ ਹੌਲੀ ਕਰ ਦਿੱਤਾ ਹੈ, ਜਿਸ ਨਾਲ ਵਾਹਨ ਚਾਲਕ ਅਤੇ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਕਈ ਘੰਟੇ ਲੇਟ ਹੋਣਾ ਪੈ ਰਿਹਾ ਹੈ। ਉਧਰ ਹੱਡ ਚੀਰਵੀਂ ਠੰਡ ਨੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਤਾਪਮਾਨ ਦੇ ਘਟਣ ਨਾਲ ਲੋਕਾਂ ਦੇ ਕਾਰੋਬਾਰ 'ਤੇ ਵੀ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ।

ਠੰਡ ਕਾਰਣ ਬੱਚੇ ਅਤੇ ਬਜ਼ੁਰਗ ਹੋ ਰਹੇ ਹਨ ਬੀਮਾਰ
ਠੰਡ ਦੌਰਾਨ ਖਾਸ ਕਰ ਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਗਲੇ ਦੀ ਇਨਫੈਕਸ਼ਨ, ਛਾਤੀ ਦੀ ਇਨਫੈਕਸ਼ਨ, ਫਲੂ, ਜ਼ੁਕਾਮ, ਤੇਜ਼ ਬੁਖਾਰ, ਅੱਖਾਂ ਦੀ ਐਲਰਜ਼ੀ, ਪੈਰਾਂ ਦੀ ਸੋਜ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦੇ ਠੰਡ ਨਾਲ ਬੀਮਾਰ ਹੋਣ ਦੀ ਗਿਣਤੀ 'ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸ ਸਬੰਧੀ ਬੱਚਿਆਂ ਦੇ ਮਾਹਿਰ ਡਾ. ਰਾਜ ਕੁਮਾਰ ਪੂਨੀਆ ਨੇ ਦੱਸਿਆ ਕਿ ਬੱਚਿਆਂ ਨੂੰ ਠੰਡ ਕਾਰਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਜਿਸ ਤੋਂ ਬਚਣ ਲਈ ਠੰਡ ਦੌਰਾਨ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਧੁੰਦ ਕਾਰਣ ਵੱਧ ਰਿਹੈ ਹਾਦਸਿਆਂ ਦਾ ਖਤਰਾ
ਸੰਘਣੀ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਵਾਹਨ ਚਲਾਉਣ 'ਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ, ਜਿਸ ਕਾਰਣ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਿਸੇ ਵੱਡੇ ਵਾਹਨ ਦੇ ਪਿੱਛੇ-ਪਿੱਛੇ ਹੌਲੀ ਰਫਤਾਰ 'ਚ ਕਈ ਘੰਟੇ ਲੇਟ ਹੋਣ ਉਪਰੰਤ ਪੁੱਜ ਰਹੇ ਹਨ। ਇਸ ਸੰਘਣੀ ਧੁੰਦ ਦੌਰਾਨ ਕੱਲ ਕਰੀਬ 20 ਫੁੱਟ ਦੀ ਦੂਰੀ 'ਤੇ ਕੁੱਝ ਨਜ਼ਰ ਨਹੀਂ ਆ ਰਿਹਾ ਸੀ, ਜਿਸ ਕਾਰਣ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀਆਂ ਲਾਈਨਾਂ ਨਜ਼ਰ ਆਈਆਂ। ਜ਼ਿਕਰਯੋਗ ਹੈ ਕਿ ਇਸ ਧੁੰਦ ਦੌਰਾਨ ਹਾਦਸੇ ਹੋਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ, ਜਿਸ ਤਹਿਤ ਸਾਨੂੰ ਧੁੰਦ ਦੌਰਾਨ ਵਾਹਨ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਧੁੰਦ ਕਾਰਣ ਸਮੱਗਲਰ ਵੀ ਹੋਏ ਸਰਗਰ
ਇਸ ਠੰਡ ਅਤੇ ਸੰਘਣੀ ਧੁੰਦ ਦਾ ਲਾਭ ਲੈਂਦੇ ਹੋਏ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾਉਣ ਸਬੰਧੀ ਸਮੱਗਲਰਾਂ ਨੇ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨੂੰ ਨਾਕਾਮ ਕਰਨ ਲਈ ਸਰੱਹਦ 'ਤੇ ਬੀ. ਐੱਸ. ਐੱਫ. ਵੱਲੋਂ ਚੌਕਸੀ ਹੋਰ ਵਧਾਉਂਦੇ ਹੋਏ ਬੀਤੇ ਦਿਨੀ 6 ਕਿਲੋ ਹੈਰੋਇਨ ਅਤੇ 4200 ਅਮਰੀਕਨ ਡਾਲਰ ਬਰਾਮਦ ਕੀਤੇ ਗਏ ਹਨ।

ਪੁਲਸ ਨੇ ਵਧਾਈ ਰਾਤ ਸਮੇਂ ਗਸ਼ਤ ਅਤੇ ਨਾਕੇਬੰਦੀ
ਜ਼ਿਲੇ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਪੁਲਸ ਨੇ ਠੰਡ ਅਤੇ ਧੁੰਦ ਨੂੰ ਮੁੱਖ ਰਖਦੇ ਹੋਏ ਖਾਸ ਕਰ ਕੇ ਰਾਤ ਸਮੇਂ ਗਸ਼ਤ ਅਤੇ ਨਾਕੇਬੰਦੀ 'ਚ ਵਧਾ ਕਰ ਦਿੱਤਾ ਗਿਆ ਹੈ। ਇਸ ਤਹਿਤ ਰਾਤ ਸਮੇਂ ਸ਼ਹਿਰ 'ਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਠੰਡ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ ਆਪਣੇ ਘਰੋਂ ਬੇਘਰ ਹੋ ਕੇ ਲੋਕਾਂ ਦੀ ਸੁਰੱਖਿਆ ਲਈ ਡਿਊਟੀ ਕਰਦੇ ਨਜ਼ਰ ਆ ਰਹੇ ਹਨ।

ਠੰਡ ਦੇ ਦਿਨਾਂ 'ਚ ਇਨਸਾਨ ਦੀਆਂ ਨਾੜੀਆਂ ਸੁੰਘੜਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਣ ਖਾਸ ਕਰ ਕੇ ਦਿਲ ਦੇ ਮਰੀਜ਼ਾਂ ਨੂੰ ਹਾਰਟ ਅਟੈਕ ਹੋਣ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ। ਦਿਲ ਦੇ ਰੋਗਾਂ ਦੇ ਪੀੜਤ ਮਰੀਜ਼ਾਂ ਨੂੰ ਖਾਸ ਕਰ ਕੇ ਸਵੇਰ ਅਤੇ ਰਾਤ ਸਮੇਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
-ਡਾ. ਰਮਨਦੀਪ ਪੱਡਾ

ਜ਼ਿਲੇ 'ਚ ਠੰਡ ਅਤੇ ਧੁੰਦ ਨੂੰ ਵੇਖਦੇ ਹੋਏ ਪੀ. ਸੀ. ਆਰ. ਟੀਮਾਂ ਤੋਂ ਇਲਾਵਾ ਥਾਣਿਆਂ ਅਤੇ ਪੁਲਸ ਚੌਕੀਆਂ ਅਧੀਨ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਗਸ਼ਤ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਤਹਿਤ ਕਿਸੇ ਵੀ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰ ਨੂੰ ਉਸ ਦੇ ਮਨਸੂਬੇ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸ਼ੱਕੀ ਵਿਅਕਤੀਆਂ 'ਤੇ ਪੁਲਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
-ਐੱਸ. ਐੱਸ. ਪੀ. ਧਰੁਵ ਦਹੀਆ।


KamalJeet Singh

Content Editor

Related News