ਆਇਰਲੈਂਡ ''ਚ ਭਾਰਤੀ ਰਾਜਦੂਤ ਨੇ ਕੀਤੀ ਕਾਂਗਰਸ ਦੀ ਆਲੋਚਨਾ, ਪਾਰਟੀ ਨੇ ਬਰਖ਼ਾਸਤ ਕਰਨ ਦੀ ਕੀਤੀ ਮੰਗ
Tuesday, Apr 16, 2024 - 06:25 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਆਇਰਲੈਂਡ 'ਚ ਭਾਰਤ ਦੇ ਰਾਜਦੂਤ ਵਲੋਂ ਇਕ ਸਥਾਨਕ ਅਖ਼ਬਾਰ ਦੇ ਸੰਪਾਦਕੀ ਦਾ ਜਵਾਬ ਦਿੰਦੇ ਹੋਏ ਉਸ ਦੀ (ਕਾਂਗਰਸ ਦੀ) ਆਲੋਚਨਾ ਕਰਨ 'ਤੇ ਮੰਗਲਵਾਰ ਨੂੰ ਸਖ਼ਤ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਇਕ ਡਿਪਲੋਮੈਟ ਦਾ ਸ਼ਰੇਆਮ ਪਾਰਟੀ ਮੈਂਬਰ ਦੀ ਤਰ੍ਹਾਂ ਵਿਰੋਧੀ ਦਲਾਂ 'ਤੇ ਹਮਲਾ ਕਰਨਾ 'ਸ਼ਰਮਨਾਕ ਰਵੱਈਆ' ਹੈ ਅਤੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ। ‘ਦਿ ਆਇਰਿਸ਼ ਟਾਈਮਜ਼’ ਨੂੰ ਦਿੱਤੇ ਆਪਣੇ ਜਵਾਬ ’ਚ ਭਾਰਤੀ ਰਾਜਦੂਤ ਅਖਿਲੇਸ਼ ਮਿਸ਼ਰਾ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਿਸ਼ਾਨਾ ਵਿੰਨ੍ਹਿਆ। ਅਖ਼ਬਾਰ 'ਚ 11 ਅਪ੍ਰੈਲ ਨੂੰ ਛਪੇ ਸੰਪਾਦਕੀ ਨੂੰ ਲੈ ਕੇ ਭੇਜੇ ਜਵਾਬ 'ਚ ਮਿਸ਼ਰਾ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ਼ ਭਾਰਤ ਸਗੋਂ ਵਿਸ਼ਵ ਪੱਧਰ ’ਤੇ ਬੇਮਿਸਾਲ ਪ੍ਰਸਿੱਧੀ ਦੇ ਪਾਤਰ ਹਨ। ਇਹ ਨਿਵੇਕਲਾ ਸਮਾਵੇਸ਼ੀ ਰਾਜ ਅਤੇ ਟਿਕਾਊ ਵਿਕਾਸ ’ਤੇ ਕੇਂਦਰਿਤ ਨਿਰਦੋਸ਼ ਨਿੱਜੀ ਚਰਿੱਤਰ ਤੇ ਸੋਚਣ ਵਾਲੀ ਲੀਡਰਸ਼ਿਪ ਦੇ ਕਾਰਨ ਹੈ।''
ਰਾਜਦੂਤ ਨੇ ਇਹ ਵੀ ਕਿਹਾ ਸੀ ਕਿ ਭ੍ਰਿਸ਼ਟਾਚਾਰ ਦੀਆਂ ਡੂੰਘੀਆਂ ਜੜ੍ਹਾਂ ਜਮਾ ਚੁਕੇ ਸਿਸਟਮ (ਇਕ ਪਰਿਵਾਰਵਾਦੀ ਪਾਰਟੀ ਵਲੋਂ ਭਾਰਤ ’ਚ 55 ਸਾਲਾਂ ਦੇ ਰਾਜ ਦੌਰਾਨ ਬਣਾਇਆ ਗਿਆ) ਵਿਰੁੱਧ ਲੜਾਈ ਮੋਦੀ ਦੀ ਲਗਾਤਾਰ ਵਧਦੀ ਪ੍ਰਸਿੱਧੀ ਦੇ ਪਿੱਛੇ ਇੱਕ ਪ੍ਰਮੁੱਖ ਕਾਰਕ ਹੈ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਜੈਰਾਮ ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''ਭਾਰਤ ਸਰਕਾਰ ਦਾ ਬਚਾਅ ਕਰਨਾ ਇਕ ਗੱਲ ਹੈ ਅਤੇ (ਇਕ ਡਿਪਲੋਮੈਟ ਤੋਂ) ਇਸ ਦੀ ਉਮੀਦ ਵੀ ਕੀਤੀ ਜਾਣੀ ਚਾਹੀਦੀ ਹੈ ਪਰ ਇਕ ਪੱਖ ਦੀ ਤਰ੍ਹਾਂ ਇਸ ਤਰ੍ਹਾਂ ਨਾਲ ਵਿਰੋਧੀ ਧਿਰ 'ਤੇ ਖੁੱਲ੍ਹੇਆਮ ਹਮਲਾ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ ਹੈ।'' ਉਨ੍ਹਾਂ ਇਹ ਵੀ ਕਿਹਾ,''ਇਹ ਰਾਜਦੂਤ ਅਸਲ 'ਚ ਇਕ 'ਕਰੀਅਰ ਡਿਪਲੋਮੈਟ' ਹੈ, ਜੋ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਹੋਰ ਵੀ ਸ਼ਰਮਨਾਕ, ਅਪਮਾਨਜਨਕ ਅਤੇ ਪੂਰੀ ਤਰ੍ਹਾਂ ਨਾਲ ਅਸਵੀਕਾਰ ਬਣਾਉਂਦਾ ਹੈ। ਉਨ੍ਹਾਂ ਨੇ ਅਸਲ 'ਚ ਵਿਦੇਸ਼ ਸੇਵਾ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8