ਗੈਂਗਸਟਰਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਾਂਗਾ : ਮਜੀਠੀਆ

01/03/2020 11:22:16 PM

ਮਜੀਠਾ,(ਸਰਬਜੀਤ, ਪ੍ਰਿਥੀਪਾਲ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਸਾਥੀ ਅਤੇ ਸਿਆਸੀ ਰੰਜਿਸ਼ ਤਹਿਤ ਕਤਲ ਕੀਤੇ ਗਏ ਹਲਕਾ ਮਜੀਠਾ ਦੇ ਅਕਾਲੀ ਆਗੂ ਸਾਬਕਾ ਸਰਪੰਚ ਅੰਮ੍ਰਿਤਧਾਰੀ ਗੁਰਸਿੱਖ ਬਾਬਾ ਗੁਰਦੀਪ ਸਿੰਘ ਉਮਰਪੁਰਾ ਨੂੰ ਅੱਜ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਚਿਤਾ ਨੂੰ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਨੇ ਅਗਨੀ ਦਿਖਾਈ। ਬਾਬਾ ਗੁਰਦੀਪ ਸਿੰਘ ਦੀ ਪਤਨੀ ਅਤੇ ਪਿੰਡ ਦੀ ਅਕਾਲੀ ਸਰਪੰਚ ਬੀਬੀ ਗੁਰਜੀਤ ਕੌਰ ਨੇ ਪੈੱ੍ਰਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਰੰਜਿਸ਼ ਤਹਿਤ ਸਿਆਸੀ ਕਤਲ ਕੀਤਾ ਗਿਆ ਹੈ। ਗੁਰਦੀਪ ਸਿੰਘ ਨੂੰ ਪੰਚਾਇਤੀ ਚੋਣਾਂ ਤੋਂ ਬਾਅਦ ਕਾਂਗਰਸੀ ਧਿਰ ਵੱਲੋਂ ਨਿਰਮਲ ਸਿੰਘ, ਹਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ, ਜਿਨ੍ਹਾਂ ਅਖੀਰ ਇਹ ਕਾਰਾ ਕਰ ਹੀ ਦਿੱਤਾ।

ਬਾਬਾ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਸ. ਮਜੀਠੀਆ ਨੇ ਕਿਹਾ ਕਿ ਗੈਂਗਸਟਰਾਂ ਅਤੇ ਇਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਾਂਗਾ। ਉਨ੍ਹਾਂ ਪੁਲਸ ਨੂੰ ਤਾੜਨਾ ਕਰਦਿਆਂ ਦੋਸ਼ੀਆਂ ਖਿਲਾਫ਼ ਤੁਰੰਤ ਐਕਸ਼ਨ ਲੈਣ, ਨਹੀਂ ਤਾਂ ਉਨ੍ਹਾਂ ਨੂੰ ਰੋਸ ਧਰਨਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਫਿਰ ਵੀ ਉਹ ਪਿੱਛੇ ਨਹੀਂ ਹਟਣਗੇ। ਬਾਬਾ ਗੁਰਦੀਪ ਸਿੰਘ ਇਕ ਅੰਮ੍ਰਿਤਧਾਰੀ ਨਿੱਤਨੇਮੀ ਸਨ, ਜਿਨ੍ਹਾਂ ਨੂੰ ਗੁਰਪੁਰਬ ਦੀ ਤਿਆਰੀ 'ਚ ਲੱਗਿਆਂ ਨੂੰ ਕਤਲ ਕਰ ਦਿੱਤਾ ਗਿਆ। ਉਨ੍ਹਾਂ ਮਜੀਠਾ ਪੁਲਸ ਨੂੰ ਸਵਾਲ ਕੀਤਾ ਕਿ ਕੀ ਉਹ ਜਿਨ੍ਹਾਂ 'ਤੇ ਯੋਜਨਾਬੱਧ ਕਤਲ ਦਾ ਦੋਸ਼ ਹੈ, ਖਿਲਾਫ਼ ਇਸ ਲਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਹੈ?

ਮਜੀਠੀਆ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ 24 ਦਸੰਬਰ ਅਤੇ ਇਸ ਤੋਂ ਪਹਿਲਾਂ 26 ਨਵੰਬਰ ਨੂੰ ਡੀ. ਜੀ. ਪੀ. ਪੰਜਾਬ ਅਤੇ ਹੋਰਨਾਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੰਦਿਆਂ ਆਪਣੇ ਸਾਥੀਆਂ ਅਤੇ ਅਕਾਲੀ ਦਲ ਦੇ ਹਮਾਇਤੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਦੁਹਾਈ ਪਾਈ ਗਈ, ਜਿਥੇ ਡੀ. ਜੀ. ਪੀ. ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਦੇ ਸਿਰਫ 3 ਘੰਟਿਆਂ ਦੇ ਅੰਦਰ ਹੀ ਆਈ. ਜੀ. ਕੰਵਰ ਵਿਜੇ ਪ੍ਰਤਾਪ ਸਿੰਘ ਨੇ ਗੈਂਗਸਟਰਾਂ ਨੂੰ ਕਲੀਨ ਚਿੱਟ ਦੇ ਦਿੱਤੀ। ਅਜਿਹਾ ਕਿਉਂ ਕੀਤਾ ਗਿਆ, ਇਸ ਦਾ ਜਵਾਬ ਤਾਂ ਆਈ. ਜੀ. ਹੀ ਦੇ ਸਕਦੇ ਹਨ। ਪੁਲਸ ਮੁਖੀ 'ਸਭ ਅੱਛਾ' ਕਹਿ ਕੇ ਪੱਲਾ ਨਾ ਝਾੜਦਾ ਤਾਂ ਅੱਜ ਗੁਰਦੀਪ ਸਿੰਘ ਸਾਡੇ ਵਿਚ ਹੁੰਦਾ। ਉਨ੍ਹਾਂ ਕਿਹਾ ਕਿ ਦੋਸ਼ੀ ਨਿਰਮਲ ਸਿੰਘ ਤੇ ਹਰਮਨ ਸਿੰਘ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਸਾਥੀ ਪਵਿੱਤਰ ਦੇ ਨੇੜਲੇ ਸਾਥੀ ਹਨ, ਦੀ ਪੁਸ਼ਤ-ਪਨਾਹੀ ਜੇਲ ਮੰਤਰੀ ਸੁੱਖੀ ਰੰਧਾਵਾ ਕਰ ਰਿਹਾ ਹੈ। ਉਹ ਜਾਣਦੇ ਹਨ ਕਿ ਜੱਗੂ ਵਰਗੇ ਗੈਂਗਸਟਰਾਂ ਅਤੇ ਜੇਲ ਮੰਤਰੀ ਦਾ ਗਠਜੋੜ ਹੈ, ਜਿਸ ਨੂੰ ਬੇਨਕਾਬ ਕਰਨਾ ਉਨ੍ਹਾਂ ਦਾ ਫਰਜ਼ ਹੈ।

ਇਸ ਮੌਕੇ ਸਾਬਕਾ ਸੰਸਦ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਬਾਬਾ ਗੁਰਦੀਪ ਸਿੰਘ ਦੇ ਪਿਤਾ ਸੂਬਾ ਸਿੰਘ, ਭਰਾ ਹਰਦੀਪ ਸਿੰਘ, ਕੁਲਦੀਪ ਸਿੰਘ ਤੇ ਪਰਮਜੀਤ ਸਿੰਘ ਤੋਂ ਇਲਾਵਾ ਰਾਜਿੰਦਰ ਕੁਮਾਰ ਜੈਂਤੀਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਰਕਲ ਪ੍ਰਧਾਨ ਸਰਬਜੀਤ ਸਿੰਘ ਸੁਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਬਲਰਾਜ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਕੈਪਟਨ ਰੰਧਾਵਾ, ਐਡਵਿਨ ਪੌਲ, ਬਾਬਾ ਰਾਮ ਸਿੰਘ ਅਬਦਾਲ, ਸੰਮਤੀ ਮੈਂਬਰ ਮਨਦੀਪ ਸਿੰਘ ਸ਼ਹਿਜ਼ਾਦਾ, ਸਲਵੰਤ ਸਿੰਘ ਸੇਠ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਮੁਖਤਾਰ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਅਵਤਾਰ ਸਿੰਘ ਗਿੱਲ, ਜਤਿੰਦਰਪਾਲ ਸਿੰਘ ਹਮਜਾ, ਸੁਖਚੈਨ ਸਿੰਘ ਭੋਮਾ, ਨਿਰਮਲ ਸਿੰਘ ਵੀਰਮ, ਜਸਪਾਲ ਸਿੰਘ ਗੋਸਲ, ਕਿਰਪਾਲ ਸਿੰਘ ਗੋਸਲ, ਮੱਖਣ ਸਿੰਘ ਹਰੀਆਂ, ਮਾ. ਜਗਦੀਪ ਸਿੰਘ, ਮਲਕੀਤ ਸਿੰਘ ਸ਼ਾਮਨਗਰ, ਜਸਕਰਨ ਸਿੰਘ ਬਮਾਣਾ, ਹਰਦੇਵ ਸਿੰਘ ਮਰੜੀ ਕਲਾਂ, ਹਰਿੰਦਰ ਸਿੰਘ ਵਡਾਲਾ, ਸਾਧੂ ਸਿੰਘ ਪੰਧੇਰ, ਸਾਬਕਾ ਸਰਪੰਚ ਕੁੰਨਣ ਸਿੰਘ ਵਡਾਲਾ, ਨੰਬਰਦਾਰ ਦਰਸ਼ਨ ਸਿੰਘ ਧਰਮਪੁਰਾ, ਪਿੰਕਾ ਮਜੀਠਾ, ਹਰਪਾਲ ਸਿੰਘ ਗਿੱਲ, ਅਵਤਾਰ ਸਿੰਘ ਬੁੱਢਾਥੇਹ, ਡਾ. ਕੁਲਬੀਰ ਸਿੰਘ ਰੱਖ ਭੰਗਵਾਂ ਅਤੇ ਪ੍ਰੋ. ਸਰਚਾਂਦ ਸਿੰਘ ਮੌਜੂਦ ਸਨ।


Related News