ਨਕਲੀ ਪੁਲਸ ਬਣ ਕੇ ਲੁੱਟਣ ਵਾਲਿਆਂ 'ਚੋਂ 1 ਕਾਬੂ, 2 ਫਰਾਰ

10/15/2019 3:49:48 PM

ਬਟਾਲਾ (ਬੇਰੀ) : ਨਕਲੀ ਪੁਲਸ ਵਾਲੇ ਬਣ ਕੇ ਨਾਕਾ ਲਾ ਕੇ ਸ਼ਹਿਰ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਫੇਰੀ ਵਾਲੇ ਨੇ ਦਬੋਚਦਿਆਂ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਜਦਕਿ 2 ਜਣੇ ਮੌਕੇ ਤੋਂ ਫਰਾਰ ਹੋ ਗਏ।

ਇਸ ਸਬੰਧੀ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬੱਗਾ ਰਾਮ ਪੁੱਤਰ ਅੱਛਰ ਰਾਮ ਵਾਸੀ ਚੌਧਰੀਵਾਲ ਨੇ ਜਾਣਕਾਰੀ ਦਿੱਤੀ ਕਿ ਉਹ ਪਿੰਡਾਂ ਵਿਚ ਫੇਰੀ ਲਾ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ। ਬੀਤੇ ਕੱਲ ਵੀ ਉਹ ਪਿੰਡਾਂ ਵਿਚ ਕੱਪੜਾ ਵੇਚਣ ਉਪਰੰਤ ਹੋਰ ਕੱਪੜਾ ਖਰੀਦਣ ਲਈ ਥੋਕ ਵਪਾਰੀ ਦੀ ਦੁਕਾਨ 'ਤੇ ਜਾ ਰਿਹਾ ਸੀ। ਉਹ ਪਹਾੜੀ ਗੇਟ ਦੇ ਕੋਲ ਪਹੁੰਚਿਆ ਤਾਂ ਉਥੇ ਇਕ ਪਾਸੇ ਖੜ੍ਹੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਅਸੀਂ ਪੁਲਸ ਮੁਲਾਜ਼ਮ ਹਾਂ ਅਤੇ ਤੂੰ ਚਿੱਟਾ ਵੇਚਦਾ ਹੈ। ਇਸ ਤੋਂ ਬਾਅਦ ਜਦੋਂ ਉਕਤ ਨੌਜਵਾਨਾਂ ਨੇ ਉਸ ਦੀ ਜੇਬ ਵਿਚੋਂ 10 ਹਜ਼ਾਰ ਰੁਪਏ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਕ ਨੌਜਵਾਨ ਨੂੰ ਫੜ ਲਿਆ ਜਦਕਿ 2 ਮੌਕੇ ਤੋਂ ਭੱਜ ਗਏ।

ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਬੱਗਾ ਰਾਮ ਦੇ ਬਿਆਨਾਂ 'ਤੇ ਥਾਣਾ ਸਿਟੀ ਵਿਚ ਨਕਲੀ ਪੁਲਸ ਬਣ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਉਕਤ ਤਿੰਨਾਂ ਨੌਜਵਾਨਾਂ ਵਿਰੁੱਧ ਕੇਸ ਕਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਜਗਦੀਪ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਨਵੀਂ ਆਬਾਦੀ ਧਾਰੀਵਾਲ ਵਜੋਂ ਹੋਈ ਹੈ। ਫਰਾਰ ਹੋਏ ਨੌਜਵਾਨਾਂ ਦੀ ਤਲਾਸ਼ ਜਾਰੀ ਹੈ।


cherry

Content Editor

Related News