2 ਜਨਾਨੀਆਂ ਨੂੰ ਠੱਗ ਬਾਬੇ ਨੇ ਬਣਾਇਆ ਸ਼ਿਕਾਰ, ਸੋਨੇ ਦੇ ਟਾਪਸ ਤੇ ਚੂੜੀਆਂ ਲੈ ਹੋਇਆ ਫ਼ਰਾਰ

09/20/2022 7:00:38 PM

ਬਟਾਲਾ (ਬੇਰੀ) - ਸਥਾਨਕ ਧਰਮਪੁਰਾ ਕਾਲੋਨੀ ’ਚ ਸ਼ਨੀਦੇਵ ਮੰਦਰ ਦੇ ਬਾਹਰ ਕਥਿਤ ਠੱਗ ਬਾਬੇ ਨੇ 2 ਜਨਾਨੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹੋਏ ਉਨ੍ਹਾਂ ਤੋਂ ਸੋਨੇ ਦੇ ਟਾਪਸ ਅਤੇ ਚੂੜੀਆਂ ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਜਨਾਨੀਆਂ ਰਮਾ ਰਾਣੀ ਅਤੇ ਜੋਤੀ ਵਾਸੀ ਜੰਮੂ ਨੇ ਦੱਸਿਆ ਕਿ ਉਹ ਬਟਾਲਾ ’ਚ ਰਿਸ਼ਤੇਦਾਰ ਦੇ ਘਰ ਆਈਆਂ ਸਨ। ਬੀਤੀ ਸ਼ਾਮ ਉਹ ਧਰਮਪੁਰਾ ਕਾਲੋਨੀ ’ਚ ਸਥਿਤ ਸ਼੍ਰੀ ਸ਼ਨੀਦੇਵ ਮੰਦਰ ’ਚ ਮੱਥਾ ਟੇਕ ਕੇ ਬਾਹਰ ਆਈਆਂ ਤਾਂ ਅਚਾਨਕ ਇਕ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਬਾਬਾ ਜੀ ਬੁਲਾ ਰਹੇ ਹਨ। 

ਉਸਨੇ ਕਿਹਾ ਕਿ ਇਹ ਬਹੁਤ ਪਹੁੰਚੇ ਹੋਏ ਬਾਬਾ ਹਨ, ਜੋ ਤੁਹਾਨੂੰ ਸੋਨਾ ਦੇਣਾ ਚਾਹੁੰਦੇ ਹਨ। ਜਨਾਨੀਆਂ ਨੇ ਦੱਸਿਆ ਕਿ ਕੁਝ ਦੇਣ ਦੀ ਬਜਾਏ ਉਕਤ ਬਾਬਾ ਉਨ੍ਹਾਂ ਦੀਆਂ 2 ਚੂੜੀਆਂ ਅਤੇ ਸੋਨੇ ਦੇ ਟਾਪਸ ਲੈ ਕੇ ਉਨ੍ਹਾਂ ਨੂੰ ਅਖ਼ਬਾਰ ਦਾ ਇਕ ਪੇਪਰ, ਜਿਸ ’ਚੋਂ ਘਾਹ ਫੂਸ ਭਰਿਆ ਸੀ, ਦੇ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਦੀ ਪੁਲਸ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਨੇ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮੰਦਰ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ ਫੁਟੇਜ਼ ਨੂੰ ਪੁਲਸ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ। ਜਲਦ ਉਕਤ ਵਿਅਕਤੀ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ।


rajwinder kaur

Content Editor

Related News