ਪੰਜਾਬ ''ਚ Cockroach Janta Party ਦੇ ਨਾਂ ''ਤੇ ਸ਼ੁਰੂ ਹੋਈ ਵੱਡੀ ਖੇਡ! ਪੁਲਸ ਨੇ ਦਿੱਤੀ ਚੇਤਾਵਨੀ
Saturday, May 23, 2026 - 11:35 AM (IST)
ਲੁਧਿਆਣਾ (ਰਾਜ): ਸੋਸ਼ਲ ਮੀਡੀਆ 'ਤੇ ਕਦੋਂ ਕੀ ਵਾਇਰਲ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅੱਜਕੱਲ੍ਹ ਇੰਟਰਨੈੱਟ 'ਤੇ 'ਕਾਕਰੋਚ ਜਨਤਾ ਪਾਰਟੀ' ਨਾਂ ਦਾ ਇਕ ਨਵਾਂ ਟ੍ਰੈਂਡ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ਵਿਚ ਜ਼ਬਰਦਸਤ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਪਰ ਇਸੇ ਦੌਰਾਨ ਦੇਸ਼ ਦੇ ਮਾਸੂਮ ਲੋਕਾਂ ਲਈ ਇਕ ਬਹੁਤ ਹੀ ਡਰਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਾਤਰ ਸਾਈਬਰ ਠੱਗਾਂ ਨੇ ਨੌਜਵਾਨਾਂ ਦੇ ਇਸੇ ਉਤਸ਼ਾਹ ਅਤੇ ਦੀਵਾਨਗੀ ਨੂੰ ਆਪਣੀ ਠੱਗੀ ਦਾ ਨਵਾਂ ਹਥਿਆਰ ਬਣਾ ਲਿਆ ਹੈ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦੇ ਇਸ ਨਵੇਂ ਟ੍ਰੈਂਡ ਨੂੰ ਦੇਖ ਕੇ ਉਤਸ਼ਾਹਿਤ ਹੋ ਰਹੇ ਹੋ, ਤਾਂ ਰੁਕ ਜਾਓ, ਕਿਉਂਕਿ ਤੁਹਾਡੀ ਇਕ ਛੋਟੀ ਜਿਹੀ ਗਲਤੀ ਤੁਹਾਨੂੰ ਸੜਕ 'ਤੇ ਲਿਆ ਸਕਦੀ ਹੈ।
ਇਸ ਨਵੇਂ ਅਤੇ ਖ਼ਤਰਨਾਕ ਫਰੌਡ ਤੋਂ ਆਮ ਜਨਤਾ ਨੂੰ ਬਚਾਉਣ ਲਈ ਲੁਧਿਆਣਾ ਪੁਲਸ ਤੁਰੰਤ ਐਕਸ਼ਨ ਵਿਚ ਆ ਗਈ ਹੈ। ਪੁਲਸ ਨੇ ਜਨਤਾ ਨੂੰ ਜਾਗਰੂਕ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। 42 ਸੈਕਿੰਡ ਦੇ ਇਸ ਵੀਡੀਓ ਵਿਚ ਪੁਲਸ ਅਧਿਕਾਰੀ ਅਮਰਿੰਦਰ ਸਿੰਘ ਨੇ ਇਸ ਪੂਰੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਬਹੁਤ ਹੀ ਸਰਲ ਸ਼ਬਦਾਂ ਵਿਚ ਸਮਝਾਇਆ ਹੈ ਕਿ ਕਿਵੇਂ ਡਿਜੀਟਲ ਦੁਨੀਆ ਦੇ ਇਹ ਸ਼ਾਤਰ ਸ਼ਿਕਾਰੀ ਇਕ ਮਾਮੂਲੀ ਜਿਹੇ ਲਿੰਕ ਰਾਹੀਂ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ 'ਤੇ ਡਾਕਾ ਮਾਰ ਰਹੇ ਹਨ।
ਇਹ ਪੂਰਾ ਸਕੈਮ ਬਹੁਤ ਹੀ ਸ਼ਾਤਿਰਾਨਾ ਤਰੀਕੇ ਨਾਲ ਕੰਮ ਕਰਦਾ ਹੈ। ਸਾਈਬਰ ਠੱਗ ਸਭ ਤੋਂ ਪਹਿਲਾਂ ਲੋਕਾਂ ਦੇ ਵ੍ਹਟਸਐਪ (WhatsApp) 'ਤੇ ਇਕ ਬਹੁਤ ਹੀ ਆਕਰਸ਼ਕ ਅਤੇ ਜੋਸ਼ ਨਾਲ ਭਰਿਆ ਸੰਦੇਸ਼ ਭੇਜਦੇ ਹਨ। ਇਸ ਮੈਸੇਜ ਵਿਚ ਨੌਜਵਾਨਾਂ ਦੀਆਂ ਰਗਾਂ ਵਿਚ ਦੌੜਦੇ ਖ਼ੂਨ ਨੂੰ ਭਖਾਉਣ ਵਾਲੀਆਂ ਗੱਲਾਂ ਲਿਖੀਆਂ ਹੁੰਦੀਆਂ ਹਨ, ਜਿਵੇਂ 'ਦੇਸ਼ ਦੀ ਪੁਕਾਰ, ਸਿਸਟਮ ਬਦਲਣ ਦਾ ਸਮਾਂ ਆ ਗਿਆ ਹੈ' ਅਤੇ 'ਨੌਜਵਾਨਾਂ ਲਈ ਸਭ ਤੋਂ ਵੱਡੀ ਅਪਾਰਚੁਨਿਟੀ'। ਇਸ ਭਾਰੀ-ਭਰਕਮ ਦੇਸ਼ ਭਗਤੀ ਅਤੇ ਬਦਲਾਅ ਵਾਲੇ ਮੈਸੇਜ ਦੇ ਅਖੀਰ ਵਿਚ ਲੋਕਾਂ ਨੂੰ 'ਕਾਕਰੋਚ ਜਨਤਾ ਪਾਰਟੀ' ਜੁਆਇਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਹੇਠਾਂ ਇਕ ਲੁਭਾਉਣਾ ਲਿੰਕ ਦਿੱਤਾ ਹੁੰਦਾ ਹੈ।
ਪੁਲਸ ਅਧਿਕਾਰੀ ਨੇ ਵੀਡੀਓ ਵਿਚ ਸਾਫ਼-ਸਾਫ਼ ਚੇਤਾਵਨੀ ਦਿੱਤੀ ਹੈ ਕਿ ਵ੍ਹਟਸਐਪ 'ਤੇ ਘੁੰਮ ਰਿਹਾ ਇਹ ਲਿੰਕ ਹੋਰ ਕੁਝ ਨਹੀਂ, ਬਲਕਿ ਇੱਕ ਖ਼ਤਰਨਾਕ ਫਿਸ਼ਿੰਗ ਜਾਲ ਹੈ। ਜਿਵੇਂ ਹੀ ਕੋਈ ਨੌਜਵਾਨ ਭਾਵਨਾਵਾਂ ਵਿਚ ਵਹਿ ਕੇ ਜਾਂ ਸਿਰਫ਼ ਇਹ ਦੇਖਣ ਲਈ ਕਿ ਮਾਮਲਾ ਕੀ ਹੈ, ਇਸ ਲਿੰਕ 'ਤੇ ਕਲਿੱਕ ਕਰਦਾ ਹੈ, ਉਸ ਦਾ ਮੋਬਾਈਲ ਫੋਨ ਪਲਕ ਝਪਕਦੇ ਹੀ ਹੈਕ ਹੋ ਜਾਂਦਾ ਹੈ। ਫੋਨ ਹੈਕ ਹੁੰਦੇ ਹੀ ਮੋਬਾਈਲ ਦੇ ਅੰਦਰ ਛੁਪਿਆ ਸਾਰਾ ਗੁਪਤ ਡੇਟਾ, ਜਿਵੇਂ ਕਿ ਨੈੱਟ ਬੈਂਕਿੰਗ ਦੇ ਵੇਰਵੇ, ਯੂ.ਪੀ.ਆਈ. ਪਿੰਨ, ਪਾਸਵਰਡ ਅਤੇ ਨਿੱਜੀ ਤਸਵੀਰਾਂ ਸਿੱਧੇ ਇਨ੍ਹਾਂ ਜਾਲਸਾਜ਼ਾਂ ਦੇ ਸਰਵਰ 'ਤੇ ਪਹੁੰਚ ਜਾਂਦੀਆਂ ਹਨ। ਇਸ ਤੋਂ ਬਾਅਦ ਠੱਗ ਨਾ ਸਿਰਫ਼ ਬੈਂਕ ਖਾਤੇ ਵਿਚ ਜਮ੍ਹਾਂ ਇਕ-ਇਕ ਰੁਪਿਆ ਸਾਫ਼ ਕਰ ਦਿੰਦੇ ਹਨ, ਸਗੋਂ ਪੀੜਤ ਦੇ ਹੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਦੇ ਨਾਂ 'ਤੇ ਲੱਖਾਂ ਰੁਪਏ ਦਾ ਫਰਜ਼ੀ ਲੋਨ ਵੀ ਲੈ ਲੈਂਦੇ ਹਨ।
ਇਸ ਗੰਭੀਰ ਖ਼ਤਰੇ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰੇਟ ਲੁਧਿਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਜ਼ਬਾਤੀ ਸੰਦੇਸ਼ਾਂ ਦੇ ਬਹਿਕਾਵੇ ਵਿਚ ਨਾ ਆਉਣ, ਕਿਉਂਕਿ ਕਿਸੇ ਅਣਪਛਾਤੇ ਲਿੰਕ 'ਤੇ ਕਲਿੱਕ ਕਰਨਾ ਆਪਣੀ ਬਰਬਾਦੀ ਨੂੰ ਖ਼ੁਦ ਸੱਦਾ ਦੇਣ ਵਾਂਗ ਹੈ। ਜੇਕਰ ਕੋਈ ਵਿਅਕਤੀ ਅਣਜਾਣੇ ਵਿਚ ਇਸ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਨੂੰ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕਰਨੀ ਚਾਹੀਦੀ ਹੈ। ਜੇਕਰ ਗੋਲਡਨ ਆਵਰ (Golden Hour) ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਵੇ, ਤਾਂ ਪੁਲਸ ਅਤੇ ਬੈਂਕ ਮਿਲ ਕੇ ਠੱਗੇ ਗਏ ਪੈਸਿਆਂ ਨੂੰ ਹੋਲਡ ਕਰ ਸਕਦੇ ਹਨ, ਜਿਸ ਨਾਲ ਪੈਸੇ ਵਾਪਸ ਮਿਲਣ ਦੀ ਉਮੀਦ ਵਧ ਜਾਂਦੀ ਹੈ। ਸਤਰਕ ਰਹੋ ਅਤੇ ਡਿਜੀਟਲ ਦੁਨੀਆ ਦੇ ਇਨ੍ਹਾਂ 'ਕਾਕਰੋਚਾਂ' ਤੋਂ ਦੂਰੀ ਬਣਾ ਕੇ ਰੱਖੋ।
