ਦੋਰਾਹਾ ਨਾਲੋਂ ਪਾਇਲ ਵਿਚ ਵੋਟਰਾਂ ਦਾ ਵੱਧ ਉਤਸ਼ਾਹ, 12 ਵਜੇ ਤਕ 41.86% ਵੋਟਿੰਗ

Tuesday, May 26, 2026 - 01:09 PM (IST)

ਦੋਰਾਹਾ ਨਾਲੋਂ ਪਾਇਲ ਵਿਚ ਵੋਟਰਾਂ ਦਾ ਵੱਧ ਉਤਸ਼ਾਹ, 12 ਵਜੇ ਤਕ 41.86% ਵੋਟਿੰਗ

ਦੋਰਾਹਾ/ਪਾਇਲ (ਵਿਨਾਇਕ): ਨਗਰ ਕੌਂਸਲ ਦੋਰਾਹਾ ਅਤੇ ਪਾਇਲ ਦੀਆਂ ਚੋਣਾਂ ਦੌਰਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਸ਼ਹਿਰਾਂ ਦੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਸਵੇਰੇ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿੱਥੇ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਚੋਣ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਵਿੱਚ ਕੁੱਲ 33.13 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਪਾਇਲ ਨਗਰ ਕੌਂਸਲ ਦੇ 11 ਵਾਰਡਾਂ ਵਿਚ ਵੋਟਿੰਗ ਦਾ ਅੰਕੜਾ 41.86 ਫੀਸਦੀ ਤੱਕ ਪਹੁੰਚ ਗਿਆ। ਪਾਇਲ ਵਿਚ ਵੋਟਰਾਂ ਦਾ ਉਤਸ਼ਾਹ ਦੋਰਾਹਾ ਨਾਲੋਂ ਵੱਧ ਦੇਖਣ ਨੂੰ ਮਿਲਿਆ, ਜਿਸ ਕਾਰਨ ਪੋਲਿੰਗ ਕੇਂਦਰਾਂ ‘ਤੇ ਰੌਣਕ ਬਣੀ ਰਹੀ।

ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਹਰ ਪੋਲਿੰਗ ਸਟੇਸ਼ਨ ‘ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਅਧਿਕਾਰੀ ਲਗਾਤਾਰ ਗਸ਼ਤ ਕਰਦੇ ਹੋਏ ਚੋਣ ਮਾਹੌਲ ‘ਤੇ ਨਜ਼ਰ ਬਣਾਈ ਹੋਈ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

ਦੋਰਾਹਾ ਵਿਚ 15 ਵਾਰਡਾਂ ਲਈ ਅਤੇ ਪਾਇਲ ਵਿਚ 11 ਵਾਰਡਾਂ ਲਈ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਦੋਵੇਂ ਨਗਰ ਕੌਂਸਲਾਂ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿਚ ਸਵੇਰੇ ਤੋਂ ਹੀ ਚੋਣ ਮਾਹੌਲ ਗਰਮਾਇਆ ਹੋਇਆ ਹੈ ਅਤੇ ਸਿਆਸੀ ਪਾਰਟੀਆਂ ਦੇ ਸਮਰਥਕ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਸਰਗਰਮ ਨਜ਼ਰ ਆ ਰਹੇ ਹਨ। ਚੋਣ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ।
 


author

Anmol Tagra

Content Editor

Related News