ਅੱਤ ਦੀ ਗਰਮੀ ਵਿਚ ਵੀ ਵੋਟਰਾਂ ਦਾ ਜੋਸ਼ ਬਰਕਰਾਰ, ਪੋਲਿੰਗ ਬੂਥਾਂ ''ਤੇ ਵੱਧ ਚੜ੍ਹ ਕੇ ਪਹੁੰਚ ਰਹੇ ਵੋਟਰ
Tuesday, May 26, 2026 - 02:53 PM (IST)
ਦੋਰਾਹਾ/ਪਾਇਲ (ਵਿਨਾਇਕ) : ਨਗਰ ਕੌਂਸਲ ਦੋਰਾਹਾ ਅਤੇ ਪਾਇਲ ਦੀਆਂ ਚੋਣਾਂ ਦੌਰਾਨ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਪਦੀ ਧੁੱਪ ਅਤੇ ਉੱਚੇ ਤਾਪਮਾਨ ਦੇ ਬਾਵਜੂਦ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਵੱਡੀ ਗਿਣਤੀ ਵਿਚ ਪੋਲਿੰਗ ਕੇਂਦਰਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵੱਖ-ਵੱਖ ਪੋਲਿੰਗ ਬੂਥਾਂ 'ਤੇ ਸਵੇਰੇ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਤਿਵੇਂ-ਤਿਵੇਂ ਵੋਟਿੰਗ ਦਾ ਅੰਕੜਾ ਵੀ ਵੱਧਦਾ ਗਿਆ। ਚੋਣ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ਤੱਕ ਦੋਰਾਹਾ ਨਗਰ ਕੌਂਸਲ ਦੇ 15 ਵਾਰਡਾਂ ਵਿਚ ਕੁੱਲ 47.97 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਜਦਕਿ ਪਾਇਲ ਨਗਰ ਕੌਂਸਲ ਦੇ 11 ਵਾਰਡਾਂ ਵਿਚ ਵੋਟਿੰਗ ਦਾ ਅੰਕੜਾ 59.32 ਫੀਸਦੀ ਤੱਕ ਪਹੁੰਚ ਗਿਆ ਹੈ। ਪਾਇਲ ਵਿਚ ਵੋਟਰਾਂ ਦਾ ਰੁਝਾਨ ਦੋਰਾਹਾ ਨਾਲੋਂ ਵੱਧ ਦੇਖਣ ਨੂੰ ਮਿਲਿਆ, ਜਿਸ ਕਾਰਨ ਪੋਲਿੰਗ ਬੂਥਾਂ 'ਤੇ ਲਗਾਤਾਰ ਰੌਣਕ ਬਣੀ ਰਹੀ।
ਦੋਵੇਂ ਨਗਰ ਕੌਂਸਲਾਂ ਵਿਚ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਕਈ ਵਾਰਡਾਂ ਵਿਚ ਦਿਲਚਸਪ ਅਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮਰਥਕ ਵੀ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਣ ਲਈ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪੁਲਸ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਕੁਝ ਥਾਵਾਂ 'ਤੇ ਪੁਲਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਪੋਲਿੰਗ ਕੇਂਦਰਾਂ ‘ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਛਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਰਮੀ ਕਾਰਨ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
