ਪਤਨੀ ਨੇ ਕੱਢੀਆਂ ਗਾਲ੍ਹਾਂ ਤੇ ਮਾਰਿਆ ਥੱਪੜ! ਸ਼ਰਮਿੰਦਗੀ ਮਹਿਸੂਸ ਕਰਦਿਆਂ ਪਤੀ ਨੇ ਦੇ ਦਿੱਤੀ ਜਾਨ

Wednesday, May 20, 2026 - 04:16 PM (IST)

ਪਤਨੀ ਨੇ ਕੱਢੀਆਂ ਗਾਲ੍ਹਾਂ ਤੇ ਮਾਰਿਆ ਥੱਪੜ! ਸ਼ਰਮਿੰਦਗੀ ਮਹਿਸੂਸ ਕਰਦਿਆਂ ਪਤੀ ਨੇ ਦੇ ਦਿੱਤੀ ਜਾਨ

ਲੁਧਿਆਣਾ (ਰਾਜ): ਘਰੇਲੂ ਕਲੇਸ਼ ਕਾਰਨ ਇਕ ਹੋਰ ਹੱਸਦੇ-ਖੇਡਦੇ ਘਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਇਲਾਕੇ ਵਿਚ ਵਿਆਹ ਦੇ ਮਹਿਜ਼ 6 ਮਹੀਨੇ ਬਾਅਦ ਹੀ ਇਕ 37 ਸਾਲਾ ਨੌਜਵਾਨ ਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਨੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੇਟੇ ਮਨਪ੍ਰੀਤ ਸਿੰਘ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਪ੍ਰਭਜੋਤ ਕੌਰ ਨਾਮ ਦੀ ਕੁੜੀ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਅਸਲੀ ਰੂਪ ਸਾਹਮਣੇ ਆ ਗਿਆ। ਉਹ ਅਕਸਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਨਪ੍ਰੀਤ ਨਾਲ ਝਗੜਾ ਕਰਨ ਲੱਗਦੀ ਸੀ ਅਤੇ ਉਸ ਨੂੰ ਗੰਦੀਆਂ-ਗੰਦੀਆਂ ਗਾਲਾਂ ਕੱਢ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ 19 ਮਈ ਨੂੰ ਵੀ ਪਤਨੀ ਨੇ ਘਰ ਵਿਚ ਭਾਰੀ ਹੰਗਾਮਾ ਕੀਤਾ। ਪਿਤਾ ਦਾ ਦੋਸ਼ ਹੈ ਕਿ ਪ੍ਰਭਜੋਤ ਕੌਰ ਨੇ ਉਨ੍ਹਾਂ ਦੇ ਬੇਟੇ ਮਨਪ੍ਰੀਤ ਨੂੰ ਨਾ ਸਿਰਫ ਬੁਰੀ ਤਰ੍ਹਾਂ ਜ਼ਲੀਲ ਕੀਤਾ, ਬਲਕਿ ਉਸ ਨੂੰ ਥੱਪੜ ਵੀ ਜੜ ਦਿੱਤੇ। ਪਤਨੀ ਵੱਲੋਂ ਸ਼ਰੇਆਮ ਕੀਤੇ ਗਏ ਇਸ ਅਪਮਾਨ ਅਤੇ ਥੱਪੜ ਦੀ ਮਾਰ ਨੂੰ ਮਨਪ੍ਰੀਤ ਬਰਦਾਸ਼ਤ ਨਹੀਂ ਕਰ ਸਕਿਆ। ਉਹ ਅੰਦਰੋਂ ਇਸ ਕਦਰ ਟੁੱਟ ਗਿਆ ਕਿ ਉਸ ਨੇ ਗਹਿਰੇ ਮਾਨਸਿਕ ਤਣਾਅ ਵਿਚ ਆ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਪਤਨੀ ਪ੍ਰਭਜੋਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News