ਰਾਹ ਵਿਚ ਖੜ੍ਹੀ ਖੱਡੀ ਪਾਸੇ ਕਰਨ ਪਿੱਛੇ ਭਖਿਆ ਮਾਹੌਲ, ਡਾਂਗਾਂ ਤੇ ਇੱਟਾਂ ਨਾਲ ਕੀਤਾ ਹਮਲਾ

Sunday, May 24, 2026 - 05:54 PM (IST)

ਰਾਹ ਵਿਚ ਖੜ੍ਹੀ ਖੱਡੀ ਪਾਸੇ ਕਰਨ ਪਿੱਛੇ ਭਖਿਆ ਮਾਹੌਲ, ਡਾਂਗਾਂ ਤੇ ਇੱਟਾਂ ਨਾਲ ਕੀਤਾ ਹਮਲਾ

ਲੁਧਿਆਣਾ (ਰਾਜ): ਲੁਧਿਆਣਾ ਦੇ ਮਾਇਆਪੁਰੀ ਰੋਡ ਇਲਾਕੇ ਵਿਚ ਉਸ ਸਮੇਂ ਚੀਕ-ਚਿਹਾੜਾ ਮਚ ਗਿਆ, ਜਦੋਂ ਗੱਡੀ ਸਾਈਡ ਕਰਨ ਵਰਗੀ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖੂਨੀ ਸੰਘਰਸ਼ ਵਿਚ ਬਦਲ ਗਿਆ। ਦੋ ਧਿਰਾਂ ਵਿਚਾਲੇ ਹੋਈ ਇਸ ਹਿੰਸਕ ਝੜਪ ਦੌਰਾਨ ਸ਼ਰੇਆਮ ਇੱਟਾਂ-ਪੱਥਰ ਚੱਲੇ ਅਤੇ ਸੋਟੀਆਂ-ਡੰਡਿਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਵਾਰਦਾਤ ਦੌਰਾਨ ਪਿਸਤੌਲ ਤਾਣ ਕੇ ਫਾਇਰਿੰਗ ਕੀਤੇ ਜਾਣ ਦੇ ਵੀ ਦੋਸ਼ ਲੱਗੇ ਹਨ। ਇਸ ਖੂਨੀ ਖੇਡ ਵਿਚ ਇਕੋ ਪਰਿਵਾਰ ਦੇ 3-4 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।

ਪੀੜਤ ਮੁਖਤਾਰ ਅਨੁਸਾਰ, ਉਹ ਆਪਣਾ ਐਕਸ-ਰੇ ਕਰਵਾਉਣ ਲਈ ਹਸਪਤਾਲ ਜਾ ਰਿਹਾ ਸੀ। ਜਦੋਂ ਉਹ ਮਾਇਆਪੁਰੀ ਰੋਡ 'ਤੇ ਪਹੁੰਚਿਆ ਤਾਂ ਉੱਥੇ ਰਸਤੇ ਦੇ ਵਿਚਕਾਰ ਇਕ ਬੋਲੇਰੋ ਕਾਰ ਖੜ੍ਹੀ ਸੀ, ਜਿਸ ਕਾਰਨ ਰਸਤਾ ਬੰਦ ਸੀ। ਮੁਖਤਾਰ ਨੇ ਡਰਾਈਵਰ ਨੂੰ ਗੱਡੀ ਥੋੜੀ ਅੱਗੇ-ਪਿੱਛੇ ਕਰਨ ਲਈ ਕਿਹਾ, ਜਿਸ 'ਤੇ ਬੋਲੇਰੋ ਸਵਾਰ ਭੜਕ ਗਏ। ਇਸ ਦੌਰਾਨ 10-15 ਅਣਪਛਾਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਨਿਹੱਥੇ ਮੁਖਤਾਰ ਨੂੰ ਘੇਰ ਕੇ ਡਾਂਗਾਂ ਨਾਲ ਹਮਲਾ ਕਰ ਦਿੱਤਾ।

ਜਦੋਂ ਮੁਖਤਾਰ ਦੇ ਪਿਤਾ ਅਤੇ ਭਰਾ ਬਚਾਅ ਕਰਨ ਲਈ ਆਏ, ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਪੀੜਤ ਪਰਿਵਾਰ ਦੀਆਂ ਮਹਿਲਾਵਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਕਰਨ ਲਈ ਥਾਣੇ ਜਾ ਰਹੀਆਂ ਸਨ, ਤਾਂ ਰਸਤੇ ਵਿਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਆਟੋ ਵਿਚੋਂ ਬਾਹਰ ਖਿੱਚ ਕੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਮੁਖਤਾਰ ਦੇ ਪਿਤਾ ਅਨੁਸਾਰ, ਉਨ੍ਹਾਂ ਦੇ ਬੇਟੇ ਨੇ ਸਿਰਫ ਇਨਸਾਨੀਅਤ ਦੇ ਨਾਤੇ ਦੋਵਾਂ ਧਿਰਾਂ ਵਿਚਾਲੇ ਲੜਾਈ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਕ ਹਮਲਾਵਰ ਨੇ ਉਨ੍ਹਾਂ 'ਤੇ ਸਿੱਧੀ ਫਾਇਰਿੰਗ ਵੀ ਕੀਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮੁਖਤਾਰ ਦੇ ਸਿਰ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ।

ਸੂਚਨਾ ਮਿਲਦੇ ਹੀ ਥਾਣਾ ਟਿੱਬਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਪੀੜਤ ਪੱਖ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੂੰ ਪੁਲਸ ਨੇ ਸੁਰੱਖਿਅਤ ਛੁਡਵਾਇਆ। ਪੁਲਸ ਵੱਲੋਂ ਵੀਡੀਓ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News