ਪੰਜਾਬ ਪੁਲਸ ਦੇ ਜਾਅਲੀ ਮੁਲਾਜ਼ਮਾਂ ਨੇ ਕੀਤੀ KIDNAPPING! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Thursday, May 14, 2026 - 02:37 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਪੁਲਸ ਦਾ ਨਾਂ ਵਰਤ ਕੇ ਸ਼ਰੇਆਮ ਅਗਵਾ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਰਾਜਗੁਰੂ ਨਗਰ ਕੱਟ ਦੇ ਕੋਲੋਂ ਇਕ ਰੇਹੜੀ ਸੰਚਾਲਕ ਨੂੰ ਜ਼ਬਰਦਸਤੀ ਕਾਰ ਦੀ ਡਿੱਗੀ ਵਿਚ ਪਾ ਕੇ ਲੈ ਜਾਣ ਦੇ ਮਾਮਲੇ ਨੇ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਹੰਮਦ ਸਾਬਰ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਮਾਸੜ ਤਾਜੁੱਦੀਨ, ਜੋ ਕੁਆਲਿਟੀ ਚੌਂਕ ਦੇ ਕੋਲ ਚਾਹ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ, 'ਤੇ 6-7 ਅਣਪਛਾਤੇ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ। ਬਦਮਾਸ਼ਾਂ ਨੇ ਪਹਿਲਾਂ ਤਾਜੁੱਦੀਨ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਕਾਰ ਦੀ ਡਿੱਗੀ ਵਿਚ ਬੰਦ ਕਰ ਲਿਆ। ਜਦੋਂ ਆਸ-ਪਾਸ ਦੇ ਲੋਕਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਬੜੀ ਚਾਲਾਕੀ ਨਾਲ ਝੂਠ ਬੋਲਿਆ ਕਿ ਉਹ ਸੀ.ਆਈ.ਏ. (CIA) ਦੇ ਕਰਮਚਾਰੀ ਹਨ ਅਤੇ ਤਾਜੁੱਦੀਨ ਨੂੰ ਕਿਸੇ ਮਾਮਲੇ ਵਿਚ ਪੁੱਛਗਿੱਛ ਲਈ ਦਫਤਰ ਲੈ ਕੇ ਜਾ ਰਹੇ ਹਨ। ਇਸ ਤਰ੍ਹਾਂ ਉਹ ਲੋਕਾਂ ਨੂੰ ਗੁੰਮਰਾਹ ਕਰ ਕੇ ਪੀੜਤ ਨੂੰ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ ਵੱਲ ਨਿਕਲ ਗਏ।
ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਦਮਾਸ਼ ਪੁਲਸ ਦੇ ਨਾਂ ਦਾ ਸਹਾਰਾ ਲੈ ਕੇ ਵਾਰਦਾਤ ਨੂੰ ਅੰਜਾਮ ਦੇ ਗਏ ਅਤੇ ਉਨ੍ਹਾਂ ਨੂੰ ਹੁਣ ਤੱਕ ਤਾਜੁੱਦੀਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰ ਨੰਬਰ ਦੇ ਆਧਾਰ 'ਤੇ ਮੁਲਜ਼ਮਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
