ਕਾਂਗਰਸੀ ਕੌਂਸਲਰ ਦੇ ਪਤੀ ਤੇ ਲੜਕੇ ਵਲੋਂ ਵਾਲਮੀਕਿ ਜੀ ਦਾ ਪੋਸਟਰ ਨਾਲੀ ’ਚ ਸੁੱਟਣ ’ਤੇ ਮਾਮਲਾ ਭਖਿਆ
Saturday, Oct 20, 2018 - 04:14 PM (IST)

ਲੁਧਿਆਣਾ :ਬੀਤੇ ਦਿਨੀਂ ਮੁਹੱਲਾ ਪ੍ਰਤਾਪ ਨਗਰ ਜਗਰਾਓਂ ਵਿਖੇ ਇਕ ਕਾਂਗਰਸੀ ਕੌਂਸਲਰ ਦੇ ਪਤੀ ਅਤੇ ਲੜਕੇ ਵਲੋਂ ਕਿਸੇ ਵਿਅਕਤੀ ਦੀ ਡਾਇਰੀ ’ਤੇ ਲੱਗੇ ਪੋਸਟਰ ਨੂੰ ਉਤਾਰ ਕੇ ਨਾਲੀ ਵਿਚ ਸੁੱਟਣ ਦਾ ਮਾਮਲਾ ਉਸ ਸਮੇਂ ਗਰਮਾ ਗਿਆ, ਜਦੋਂ ਉਕਤ ਪੋਸਟਰ ’ਤੇ ਲੱਗੀ ਭਗਵਾਨ ਵਾਲਮੀਕਿ ਦੀ ਤਸਵੀਰ ਦੀ ਬੇਅਦਬੀ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਇਤਰਾਜ਼ ਜਤਾਇਆ ਗਿਆ। ਥਾਣਾ ਸਿਟੀ ਜਗਰਾਓਂ ਦੀ ਪੁਲਸ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ’ਚ ਪੀਡ਼ਤ ਅੌਰਤ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਅਸੀਂ ਆਪਣੇ ਮੁਹੱਲਾ ਪ੍ਰਤਾਪ ਨਗਰ ਜਗਰਾਓਂ ’ਚ ਸਥਿਤ ਡਾਇਰੀ ਦੀ ਦੀਵਾਰ ’ਤੇ ਇਕ ਕਾਂਗਰਸੀ ਆਗੂ ਦਾ ਪੋਸਟਰ ਲਾਇਆ ਸੀ ਪਰ ਉਸ ਵਿਚ ਵਾਲਮੀਕਿ ਜੀ ਦੀ ਤਸਵੀਰ ਵੀ ਛਪੀ ਹੋਈ ਸੀ ਪਰ ਉਥੇ ਦੀ ਮੌਜੂਦਾ ਕਾਂਗਰਸੀ ਕੌਂਸਲਰ ਦੇ ਪਤੀ ਅਤੇ ਲੜਕੇ ਨੇ ਪੋਸਟਰ ’ਤੇ ਇਤਰਾਜ਼ ਪ੍ਰਗਟ ਕਰਦਿਆਂ ਪੋਸਟਰ ਨੂੰ ਪਾਡ਼ ਕੇ ਨਾਲੀ ਵਿਚ ਸੁੱਟ ਦਿੱਤਾ ਅਤੇ ਮੇਰੇ ਲਡ਼ਕੇ ਦੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ।
ਇਸ ਸਬੰਧੀ ਜਦੋਂ ਮਾਮਲਾ ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਕੋਲ ਪੁੱਜਾ ਤਾਂ ਉਨ੍ਹਾਂ ਇਸ ਗੱਲ ’ਤੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਾਡੇ ਵਾਲਮੀਕਿ ਗੁਰੂ ਦਾ ਪੋਸਟਰ ਪਾਡ਼ ਕੇ ਨਾਲੀ ਵਿਚ ਸੁੱਟ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖਡ਼ ਨੂੰ ਮਿਲ ਕੇ ਇਸ ਕੇਸ ਦੀ ਸਾਰੀ ਪੈਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਵਾਲਮੀਕਿ ਭਾਈਚਾਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਐੱਸ. ਐੱਸ. ਪੀ. ਦਫ਼ਤਰ ਅਤੇ ਉਕਤ ਕਾਂਗਰਸੀ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇਕ ਲਿਖ਼ਤੀ ਸ਼ਿਕਾਇਤ ਸਾਡੇ ਕੋਲ ਆਈ ਹੈ ਅਤੇ ਦੋਨੋਂ ਧਿਰਾਂ ਨੂੰ ਬੁਲਾ ਕੇ ਮਾਮਲੇ ਸਬੰਧੀ ਸੁਣ ਲਿਆ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।