ਮੁਟਿਆਰਾਂ ’ਚ ਵਧਿਆ ਡਿਜੀਟਲ ਪ੍ਰਿੰਟ ਵਿੰਟਰ ਕੋ-ਆਰਡ ਸੈੱਟ ਦਾ ਟਰੈਂਡ
Sunday, Nov 23, 2025 - 09:44 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਗਰਮਾਹਟ ਦੇ ਨਾਲ-ਨਾਲ ਸਟਾਈਲ ਦਾ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਡਿਜੀਟਲ ਪ੍ਰਿੰਟ ਵਿੰਟਰ ਕੋ-ਆਰਡ ਸੈੱਟ ਕਾਫ਼ੀ ਟਰੈਂਡ ’ਚ ਹੈ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ’ਤੇ ਸਰਦੀ ਦੀ ਸ਼ੁਰੂਆਤ ’ਚ ਹੀ ਇਸ ਕੋ-ਆਰਡ ਸੈੱਟ ਦਾ ਜਾਦੂ ਛਾਇਆ ਹੋਇਆ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਸੱਜ-ਵਿਆਹੀਆਂ ਮੁਟਿਆਰਾਂ ਤੱਕ, ਹਰ ਕੋਈ ਇਨ੍ਹਾਂ ਖੂਬਸੂਰਤ ਕੋ-ਆਰਡ ਸੈੱਟਜ਼ ’ਚ ਨਜ਼ਰ ਆ ਰਿਹਾ ਹੈ।

ਡਿਜੀਟਲ ਪ੍ਰਿੰਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸੈੱਟ ਦੂਰੋਂ ਵੇਖਣ ’ਤੇ ਬਿਲਕੁਲ ਪੇਂਟਿੰਗ ਵਰਗੇ ਲੱਗਦੇ ਹਨ। ਫੁੱਲ, ਵੇਲਾਂ, ਪੱਤੀਆਂ, ਜਿਓਮੈਟਰਿਕ ਪੈਟਰਨ, ਡਾਟਸ, ਸਟ੍ਰਾਈਪਸ ਅਤੇ ਟ੍ਰਾਇਬਲ ਡਿਜ਼ਾਈਨ ਹਰ ਤਰ੍ਹਾਂ ਦੇ ਪ੍ਰਿੰਟ ਇਸ ’ਤੇ ਇੰਨੀ ਬਾਰੀਕੀ ਨਾਲ ਉੱਕਰੇ ਗਏ ਹਨ ਕਿ ਇਹ ਆਮ ਪ੍ਰਿੰਟਿਡ ਕੁੜਤੀ-ਪਲਾਜ਼ੋ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਲੱਗਦੇ ਹਨ। ਕੁਝ ਸੈੱਟਜ਼ ’ਚ ਨੈੱਕਲਾਈਨ, ਹੇਮਲਾਈਨ ਅਤੇ ਸਲੀਵਜ਼ ’ਤੇ ਹੈਵੀ ਡਿਜੀਟਲ ਪ੍ਰਿੰਟ ਦਿੱਤਾ ਗਿਆ ਹੈ ਤਾਂ ਕੁਝ ’ਚ ਪੂਰੀ ਕੁੜਤੀ-ਪੈਂਟ ਇਕ ਹੀ ਥੀਮ ’ਚ ਡੁੱਬੇ ਨਜ਼ਰ ਆਉਂਦੇ ਹਨ।
ਮਲਟੀ-ਕਲਰ ਦੇ ਨਾਲ-ਨਾਲ ਬਲੈਕ-ਵ੍ਹਾਈਟ, ਰੈੱਡ-ਮਹਿਰੂਨ, ਮਸਟਰਡ-ਬਲੈਕ ਅਤੇ ਪੇਸਟਲ ਸ਼ੇਡਜ਼ ’ਚ ਵੀ ਇਹ ਸੈੱਟ ਖੂਬ ਪਸੰਦ ਕੀਤੇ ਜਾ ਰਹੇ ਹਨ। ਵੂਲਨ ਜਾਂ ਵੂਲ-ਬਲੈਂਡ ਫੈਬਰਿਕ ਹੋਣ ਕਾਰਨ ਇਹ ਠੰਢ ਤੋਂ ਪੂਰੀ ਤਰ੍ਹਾਂ ਬਚਾਅ ਕਰਦੇ ਹਨ। ਨਾਲ ਹੀ ਇਨ੍ਹਾਂ ਦੇ ਨਾਲ ਭਾਰੀ-ਭਰਕਮ ਸਵੈਟਰ ਜਾਂ ਸ਼ਾਲ ਦੀ ਲੋੜ ਵੀ ਨਹੀਂ ਪੈਂਦੀ। ਹਲਕੇ ਹੋਣ ਦੇ ਬਾਵਜੂਦ ਇਹ ਜ਼ਬਰਦਸਤ ਗਰਮਾਹਟ ਦਿੰਦੇ ਹਨ ਅਤੇ ਪਹਿਨਣ ’ਚ ਬਹੁਤ ਕੰਫਰਟੇਬਲ ਹੁੰਦੇ ਹਨ। ਨਾਲ ਹੀ ਇਨ੍ਹਾਂ ਦੀ ਫਿਨਿਸ਼ਿੰਗ ਅਤੇ ਸਟਿਚਿੰਗ ਵੀ ਇੰਨੀ ਪ੍ਰਫੈਕਟ ਹੈ ਕਿ ਇਹ ਮਹਿੰਗੀਆਂ ਡਿਜ਼ਾਈਨਰ ਡਰੈੱਸਾਂ ਨੂੰ ਵੀ ਟੱਕਰ ਦੇ ਰਹੇ ਹਨ। ਮੁਟਿਆਰਾਂ ਇਨ੍ਹਾਂ ਦੇ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਸਕਾਰਫ, ਵਾਚ, ਕੈਪ ਅਤੇ ਹੈਂਡਬੈਗ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ’ਚ ਇਨ੍ਹਾਂ ਨਾਲ ਬੂਟਸ ਅਤੇ ਬੈਲੀ ਸ਼ੂਜ਼ ਕਾਫ਼ੀ ਜੱਚਦੇ ਹਨ। ਹੇਅਰਸਟਾਈਲ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਜ਼ਿਆਦਾਤਰ ਓਪਨ ਹੇਅਰਸ, ਪੋਨੀ ਜਾਂ ਜੂੜਾ ਬੰਨ ਕੀਤੇ ਵੇਖਿਆ ਜਾ ਸਕਦਾ ਹੈ।
