ਸਰਦੀਆਂ ’ਚ ਵਧਿਆ ਚੈੱਕ ਪੈਂਟ ਦਾ ਟ੍ਰੈਂਡ
Thursday, Dec 04, 2025 - 09:44 AM (IST)
ਵੈੱਬ ਡੈਸਕ- ਫ਼ੈਸ਼ਨ ਦੀ ਦੁਨੀਆ ’ਚ ਇਸ ਸਮੇਂ ਚੈੱਕ ਪੈਟਰਨ ਵਾਲੀਆਂ ਪੈਂਟਾਂ ਨੇ ਧੁੰਮਾਂ ਮਚਾਈਆਂ ਹੋਈਆਂ ਹਨ। ਪਹਿਲਾਂ ਜਿੱਥੇ ਮੁਟਿਆਰਾਂ ਅਤੇ ਔਰਤਾਂ ਜ਼ਿਆਦਾਤਰ ਪਲੇਨ ਬਲੈਕ, ਗ੍ਰੇਅ ਜਾਂ ਬੇਜ ਪੈਂਟ ਹੀ ਪਹਿਨਣਾ ਪਸੰਦ ਕਰਦੀਆਂ ਸਨ, ਉੱਥੇ ਹੀ, ਹੁਣ ਚੈੱਕ ਪੈਟਰਨ ਵਾਲੇ ਬਾਟਮਜ਼ ਹਰ ਕਿਸੇ ਨੂੰ ਪਸੰਦ ਆ ਰਹੇ ਹਨ। ਸਰਦੀਆਂ ਦੇ ਮੌਸਮ ’ਚ ਇਹ ਟ੍ਰੈਂਡ ਹੋਰ ਵੀ ਜ਼ਿਆਦਾ ਪਾਪੁਲਰ ਹੋ ਗਿਆ ਹੈ, ਕਿਉਂਕਿ ਇਹ ਨਾ ਸਿਰਫ ਸਟਾਈਲਿਸ਼ ਲੱਗਦਾ ਹੈ ਸਗੋਂ ਗਰਮ ਕੱਪੜਿਆਂ ਦੇ ਨਾਲ ਵੀ ਪ੍ਰਫੈਕਟਲੀ ਮੈਚ ਕਰਦਾ ਹੈ।

ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਤੱਕ ਹਰ ਕਿਸੇ ਨੂੰ ਇਹ ਪੈਂਟਾਂ ਪਸੰਦ ਆ ਰਹੀਆਂ ਹਨ। ਹਰ ਉਮਰ ਦੀ ਔਰਤਾਂ ਇਸ ਨੂੰ ਬੜੇ ਸ਼ੌਕ ਨਾਲ ਸਟਾਈਲ ਕਰ ਰਹੀਆਂ ਹਨ। ਚੈੱਕ ਪੈਟਰਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਟਾਪ ਨਾਲ ਸੋਹਣੀ ਲੱਗਦੀ ਹੈ। ਪਲੇਨ ਵ੍ਹਾਈਟ ਸ਼ਰਟ ਹੋਵੇ, ਬਲੈਕ ਟਰਟਲ ਨੈੱਕ ਸਵੈਟਰ ਹੋਵੇ, ਕ੍ਰਾਪ ਟਾਪ ਹੋਵੇ ਜਾਂ ਲਾਂਗ ਕੁੜਤੀ ਚੈੱਕ ਪੈਂਟ ਹਰ ਚੀਜ਼ ਨਾਲ ਜੱਚਦੀ ਹੈ। ਇਸ ਵਜ੍ਹਾ ਨਾਲ ਇਹ ਉਨ੍ਹਾਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈ ਹੈ, ਜੋ ਇਕ ਹੀ ਬਾਟਮ ਨੂੰ ਕਈ ਵੱਖ-ਵੱਖ ਲੁਕ ’ਚ ਇਸਤੇਮਾਲ ਕਰਨਾ ਚਾਹੁੰਦੀਆਂ ਹਨ। ਮੁਟਿਆਰਾਂ ਚੈੱਕ ਪੈਂਟ ਦੇ ਨਾਲ ਵੱਖ-ਵੱਖ ਟਾਪ ਨੂੰ ਸਟਾਈਲ ਕਰ ਕੇ ਹਰ ਵਾਰ ਨਵੀਂ ਲੁਕ ਕ੍ਰੀਏਟ ਕਰ ਸਕਦੀਆਂ ਹਨ। ਮਾਰਕਿਟ ’ਚ ਇਸ ਸਮੇਂ ਚੈੱਕ ਪੈਂਟਾਂ ਦੀ ਭਰਮਾਰ ਹੈ।
ਬਲੈਕ-ਵ੍ਹਾਈਟ ਕਲਾਸਿਕ ਚੈੱਕ ਤੋਂ ਲੈ ਕੇ ਬਲੈਕ-ਰੈੱਡ, ਬਲੈਕ-ਕ੍ਰੀਮ, ਯੈਲੋ-ਬਲੈਕ, ਬ੍ਰਾਊਨ-ਬਲੈਕ ਤੱਕ ਢੇਰ ਸਾਰੇ ਕਲਰ ਕੰਬੀਨੇਸ਼ਨ ਮਿਲ ਰਹੇ ਹਨ। ਸਾਈਜ਼ ਦੀ ਗੱਲ ਕਰੀਏ ਤਾਂ ਛੋਟੇ-ਛੋਟੇ ਗਿੰਗਹਮ ਚੈੱਕ ਤੋਂ ਲੈ ਕੇ ਵੱਡੇ-ਵੱਡੇ ਵਿੰਡੋ ਪੈਨ ਚੈੱਕ ਤੱਕ ਹਰ ਤਰ੍ਹਾਂ ਦਾ ਪੈਟਰਨ ਉਪਲੱਬਧ ਹੈ। ਸਟਾਈਲ ’ਚ ਵੀ ਬਹੁਤ ਵੈਰਾਇਟੀ ਹੈ, ਜਿਵੇਂ ਸਲਿਮ ਫਿਟ ਫਾਰਮਲ ਟਰਾਊਜ਼ਰ, ਵਾਈਡ ਲੈੱਗ ਪਲਾਜ਼ੋ, ਲੂਜ਼ ਪਲਾਜ਼ੋ, ਹਾਈ ਵੇਸਟ ਪੈਂਟ ਅਤੇ ਕਾਰਗੋ ਸਟਾਈਲ ਚੈੱਕ ਪੈਂਟ ਆਦਿ। ਖਾਸ ਗੱਲ ਇਹ ਹੈ ਕਿ ਕਈ ਪੈਂਟਾਂ ’ਚ 2 ਤੋਂ 6 ਪਾਕੇਟਸ ਵੀ ਦਿੱਤੀਆਂ ਜਾ ਰਹੀਆਂ ਹਨ, ਜੋ ਇਨ੍ਹਾਂ ਨੂੰ ਹੋਰ ਵੀ ਟ੍ਰੈਂਡੀ ਅਤੇ ਪ੍ਰੈਕਟੀਕਲ ਬਣਾਉਂਦੇ ਹਨ। ਸਟਾਈਲਿੰਗ ਦੀ ਕੋਈ ਹੱਦ ਨਹੀਂ ਹੈ। ਜਿਹੜੀਆਂ ਮੁਟਿਆਰਾਂ ਸਿੰਪਲ ਲੁਕ ਪਸੰਦ ਕਰਦੀਆਂ ਹਨ, ਉਹ ਪਲੇਨ ਵ੍ਹਾਈਟ ਜਾਂ ਬਲੈਕ ਟਾਪ ਦੇ ਨਾਲ ਚੈੱਕ ਪੈਂਟ ਪਹਿਨ ਰਹੀਆਂ ਹਨ।
ਉੱਥੇ ਹੀ, ਜੋ ਅਟਰੈਕਟਿਵ ਅਤੇ ਡਿਫਰੈਂਟ ਲੁਕ ਚਾਹੁੰਦੀਆਂ ਹਨ, ਉਹ ਮੈਚਿੰਗ ਚੈੱਕ ਸ਼ਰਟ ਜਾਂ ਓਵਰਸਾਈਜ਼ਡ ਚੈੱਕ ਬਲੇਜ਼ਰ ਦੇ ਨਾਲ ਪੂਰਾ ਚੈੱਕ-ਆਨ-ਚੈੱਕ ਲੁਕ ਕ੍ਰੀਏਟ ਕਰ ਰਹੀਆਂ ਹਨ। ਸਰਦੀਆਂ ’ਚ ਊਨੀ ਸਵੈਟਰ, ਲਾਂਗ ਕੋਟ ਜਾਂ ਲੈਦਰ ਜੈਕੇਟ ਦੇ ਨਾਲ ਵੀ ਇਹ ਕਮਾਲ ਦਾ ਲੱਗਦਾ ਹੈ। ਅਸੈਸਰੀਜ਼ ’ਚ ਸਲਿੰਗ ਬੈਗ, ਲਾਂਗ ਬੂਟਸ, ਵਾਚ ਅਤੇ ਛੋਟੇ ਈਅਰਰਿੰਗਸ ਇਸ ਨੂੰ ਹੋਰ ਆਕਰਸ਼ਕ ਬਣਾ ਦਿੰਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਹਾਈ ਪੋਨੀ ਜਾਂ ਮੈਸੀ ਬੰਨ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਹ ਟ੍ਰੈਂਡ ਸਿਰਫ ਪੈਂਟ ਤੱਕ ਹੀ ਸੀਮਤ ਨਹੀਂ ਹੈ, ਚੈੱਕ ਪੈਟਰਨ ਦੀਆਂ ਸਕਰਟਸ, ਡਾਂਗਰੀ, ਸ਼ਾਰਟਸ ਅਤੇ ਇੱਥੋਂ ਤੱਕ ਕਿ ਚੈੱਕ ਬਲੇਜ਼ਰ ਵੀ ਖੂਬ ਵਿਕ ਰਹੇ ਹਨ।
