ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਬੀਨੀ ਕੈਪ
Friday, Dec 05, 2025 - 09:49 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਹਰ ਕੋਈ ਗਰਮ ਕੱਪੜਿਆਂ ਦੀ ਭਾਲ ਵਿਚ ਲੱਗ ਜਾਂਦਾ ਹੈ। ਠੰਢ ਤੋਂ ਬਚਣ ਲਈ ਮੁਟਿਆਰਾਂ ਤੇ ਔਰਤਾਂ ਵਿੰਟਰ ਡਰੈੱਸਾਂ, ਸਵੈਟਰ, ਜੈਕੇਟ, ਦਸਤਾਨੇ, ਮਫਲਰ ਅਤੇ ਸਟਾਲ ਦੇ ਨਾਲ-ਨਾਲ ਕੈਪ ਪਹਿਨਣਾ ਵੀ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਕਈ ਤਰ੍ਹਾਂ ਦੀਆਂ ਕੈਪਾਂ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ ਪਰ ਬੀਨੀ ਕੈਪ ਅੱਜਕੱਲ ਬਹੁਤ ਟਰੈਂਡ ਵਿਚ ਹੈ। ਜ਼ਿਆਦਾਤਰ ਮੁਟਿਆਰਾਂ ਵਿਚ ਬੀਨੀ ਕੈਪ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਇਹ ਨਾ ਸਿਰਫ ਸਿਰ ਅਤੇ ਕੰਨਾਂ ਨੂੰ ਠੰਢ ਤੋਂ ਬਚਾਉਂਦੀ ਹੈ ਸਗੋਂ ਸਟਾਈਲ ਵਿਚ ਵੀ ਚਾਰ ਚੰਨ ਲਗਾ ਦਿੰਦੀ ਹੈ।
ਬੀਨੀ ਕੈਪ ਇਕ ਬਿਨਾਂ ਕਿਨਾਰੇ ਵਾਲੀ, ਸਿਰ ’ਤੇ ਚੰਗੀ ਤਰ੍ਹਾਂ ਫਿਟ ਹੋਣ ਵਾਲੀ ਕੈਪ ਹੁੰਦੀ ਹੈ। ਇਸਨੂੰ ਉੱਨ, ਐਕ੍ਰੀਲਿਕ, ਕਾਟਨ ਅਤੇ ਮਿਕਸਡ ਫਾਈਬਰ ਨਾਲ ਬਣਾਇਆ ਜਾਂਦਾ ਹੈ। ਇਹ ਕੰਨਾਂ ਨੂੰ ਪੂਰੀ ਤਰ੍ਹਾਂ ਕਵਰ ਕਰਦੀ ਹੈ ਅਤੇ ਠੰਢੀਆਂ ਹਵਾਵਾਂ ਤੋਂ ਬਚਾਉਂਦੀ ਹੈ। ਪਹਿਲਾਂ ਇਸਨੂੰ ਮਜ਼ਦੂਰ ਵਰਗ ਅਤੇ ਫੌਜੀ ਪਹਿਨਦੇ ਹੁੰਦੇ ਸਨ ਪਰ ਪਿਛਲੇ ਕੁਝ ਸਾਲਾਂ ’ਚ ਇਹ ਫੈਸ਼ਨ ਦਾ ਅਹਿਮ ਹਿੱਸਾ ਬਣ ਗਈ ਹੈ। ਅੱਜ ਹਰ ਉਮਰ ਦੀਆਂ ਮੁਟਿਆਰਾਂ ਅਤੇ ਔਰਤਾਂ ਇਸਨੂੰ ਸਟਾਈਲ ਸਟੇਟਮੈਂਟ ਵਾਂਗ ਵਰਤ ਰਹੀਆਂ ਹਨ। ਬੀਨੀ ਕੈਪ ਦੀ ਸਭ ਤੋਂ ਖਾਸੀਅਤ ਇਹ ਹੈ ਕਿ ਇਹ ਭਾਰਤੀ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੇ ਕੱਪੜਿਆਂ ’ਤੇ ਸੂਟ ਕਰਦੀ ਹੈ। ਭਾਵੇਂ ਸੂਟ-ਸਲਵਾਰ ਹੋਵੇ, ਕੁੜਤੀ ਪਲਾਜ਼ੋ ਹੋਵੇ ਜਾਂ ਜੀਨਸ-ਟਾਪ ਬੀਨੀ ਕੈਪ ਹਰ ਡਰੈੱਸ ਨਾਲ ਪਰਫੈਕਟ ਲੱਗਦੀ ਹੈ।
ਰੰਗਾਂ ਦੀ ਗੱਲ ਕਰੀਏ ਤਾਂ ਬਲੈਕ, ਗ੍ਰੇਅ, ਮੈਰੂਨ, ਬੇਜ, ਬ੍ਰਾਉਨ, ਰੈੱਡ ਵਰਗੋ ਡਾਰਕ ਸ਼ੇਡਸ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਹ ਸਿਰ ’ਤੇ ਚੰਗੀ ਤਰ੍ਹਾਂ ਫਿਟ ਬੈਠਦੀ ਹੈ, ਵਾਲਾਂ ਨੂੰ ਖਰਾਬ ਨਹੀਂ ਕਰਦੀ ਅਤੇ ਨਾਲ ਹੀ ਚਿਹਰੇ ਨੂੰ ਇਕ ਟਰੈਂਡੀ ਲੁਕ ਦਿੰਦੀ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ਇਸਨੂੰ ਖੁੱਲ੍ਹੇ ਵਾਲਾਂ ਨਾਲ ਸਟਾਈਲ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀ ਲੁੱਕ ਹੋਰ ਵੀ ਕੂਲ ਲੱਗਦੀ ਹੈ। ਕਈ ਅਜਿਹੀਆਂ ਡਰੈੱਸਾਂ ਹਨ ਜਿਨ੍ਹਾਂ ਨਾਲ ਬੀਨੀ ਕੈਪ ਬਹੁਤ ਜਚਦੀ ਹੈ ਜਿਵੇਂ ਲਾਂਗ ਕੋਟ ਜਾਂ ਲੈਦਰ ਜੈਕੇਟ ਦੇ ਨਾਲ ਬਲੈਕ ਬੀਨੀ ਬੈਸਟ ਲੱਗਦੀ ਹੈ। ਕੁੜਤੀ ਤੇ ਜੀਨਸ ਨਾਲ ਮੈਰੂਨ ਜਾਂ ਬੇਜ ਕਲਰ ਦੀ ਬੀਨੀ ਨੂੰ ਮੁਟਿਆਰਾਂ ਪਹਿਨਣਾ ਪਸੰਦ ਕਰ ਰਹੀਆਂ ਹਨ। ਇਸਦੇ ਨਾਲ ਹੀ ਹਲਕੇ ਮੇਕਅਪ ਅਤੇ ਵੱਡੇ ਈਅਰਰਿੰਗਸ ਨਾਲ ਬੀਨੀ ਕੈਪ ਦਾ ਕੰਬੀਨੇਸ਼ਨ ਕਮਾਲ ਦਾ ਲੱਗਦਾ ਹੈ। ਬੀਨੀ ਕੈਪ ਮੁਟਿਆਰਾਂ ਨੂੰ ਨਿਊ ਅਤੇ ਸਟਾਈਲਿਸ਼ ਲੁਕ ਦਿੰਦੀ ਹੈ। ਇਹ ਨਾ ਸਿਰਫ ਮੁਟਿਆਰਾਂ ਨੂੰ ਠੰਢ ਤੋਂ ਬਚਾਉਂਦੀ ਹੈ ਸਗੋਂ ਉਨ੍ਹਾਂ ਦੀ ਲੁਕ ਨੂੰ ਟਰੈਂਡੀ ਅਤੇ ਮਾਡਰਨ ਵੀ ਬਣਾਉਂਦੀ ਹੈ।
