ਵਿਸ਼ਵ ਵਾਤਾਵਰਣ ਦਿਹਾੜੇ ਤੋਂ ਪਹਿਲਾਂ ਕੀ ਹੋਵੇਗੀ ਗਦਈਪੁਰ ਨਹਿਰ ਦੀ ਸਫਾਈ?

05/20/2018 12:29:06 PM

ਜਲੰਧਰ (ਬੁਲੰਦ)— ਇਕ ਪਾਸੇ 5 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਵਾਤਾਵਰਣ ਦਿਹਾੜੇ ਤੋਂ ਪਹਿਲਾਂ ਕੇਂਦਰ ਸਰਕਾਰ ਦੇਸ਼ ਦੇ 24 ਸਮੁੰਦਰੀ ਤੱਟਾਂ ਅਤੇ ਕਈ ਵੱਡੀਆਂ ਨਦੀਆਂ ਦੀ ਸਫਾਈ ਲਈ ਯੋਜਨਾ ਬਣਾ ਰਹੀ ਹੈ, ਜਿਸ ਬਾਰੇ ਜਾਣਕਾਰਾਂ ਅਨੁਸਾਰ ਕੇਂਦਰ ਸਰਕਾਰ ਨੇ ਪ੍ਰਦੂਸ਼ਿਤ ਤੱਟਾਂ ਅਤੇ ਨਦੀਆਂ ਦੀ ਸਫਾਈ ਲਈ 19 ਟੀਮਾਂ ਬਣਾਈਆਂ ਹਨ, ਦੂਜੇ ਪਾਸੇ ਸ਼ਹਿਰ ਵਿਚ ਵਹਿਣ ਵਾਲੀ ਗਦਈਪੁਰ ਨਹਿਰ ਦਾ ਹਾਲ ਇੰਨਾ ਮਾੜਾ ਹੈ ਕਿ ਦੇਖ ਕੇ ਲੱਗਦਾ ਹੀ ਨਹੀਂ ਕਿ ਇਥੇ ਕੋਈ ਨਹਿਰ ਵਹਿ ਰਹੀ ਹੈ। ਇੰਝ ਲੱਗਦਾ ਹੈ ਕਿ ਜਿਵੇਂ ਕੋਈ ਗੰਦਾ ਨਾਲਾ ਹੋਵੇ। ਨਹਿਰ ਦੇ ਨਾਲ ਨਾਜਾਇਜ਼ ਤੌਰ 'ਤੇ ਕਬਜ਼ੇ ਕਰ ਕੇ ਬੈਠੇ ਲੋਕਾਂ ਨੇ ਆਪਣੇ ਘਰਾਂ ਦਾ ਕੂੜਾ ਨਹਿਰ ਵਿਚ ਸੁੱਟਣਾ ਆਪਣਾ ਸ਼ੌਕ ਬਣਾ ਲਿਆ ਹੈ। ਮਰੇ ਹੋਏ ਪਸ਼ੂ ਵੀ ਨਹਿਰ ਵਿਚ ਸੁੱਟੇ ਜਾਂਦੇ ਹਨ। ਮਾੜੀ ਗੱਲ ਤਾਂ ਇਹ ਹੈ ਕਿ ਇਸੇ ਨਹਿਰ ਵਿਚ ਪਾਣੀ ਆਉਣ ਤੋਂ ਬਾਅਦ ਛੋਟੇ ਬੱਚੇ ਨਹਾਉਂਦੇ ਨਜ਼ਰ ਆਉਂਦੇ ਹਨ, ਪਾਣੀ ਨਾ ਹੋਣ 'ਤੇ ਇਹ ਨਹਿਰ ਕੂੜੇ ਦਾ ਡੰਪ ਬਣੀ ਰਹਿੰਦੀ ਹੈ। 
ਜਾਣਕਾਰੀ ਅਨੁਸਾਰ ਭਾਰਤ ਇਸ ਸਾਲ ਦੇ ਵਿਸ਼ਵ ਵਾਤਾਵਰਣ ਸਮਾਗਮਾਂ ਦੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਜਿਸ ਦਾ ਮੁੱਖ ਥੀਮ ਹੈ ਪਲਾਸਟਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਮਾਤ ਦੇਣਾ। ਵਾਤਾਵਰਣ ਮੰਤਰਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਣਾਈਆਂ ਗਈਆਂ 19 ਟੀਮਾਂ ਵੱਲੋਂ ਸਮੁੰਦਰ ਦੇ ਨਾਲ ਲੱਗਦੇ 9 ਸੂਬਿਆਂ ਦੇ ਕਰੀਬ 24 ਸਮੁੰਦਰੀ ਤੱਟਾਂ ਤੇ 19 ਸੂਬਿਆਂ ਦੇ 24 ਪ੍ਰਦੂਸ਼ਿਤ ਨਦੀ ਕਿਨਾਰਿਆਂ ਦੀ ਸਫਾਈ ਕੀਤੀ ਜਾਵੇਗੀ। 
ਜਾਣਕਾਰੀ ਅਨੁਸਾਰ ਇਨ੍ਹਾਂ 19 ਟੀਮਾਂ 'ਚ ਵਾਤਾਵਰਣ ਮੰਤਰਾਲਾ ਦੇ ਉੱਚ ਅਧਿਕਾਰੀ, ਵੱਖ-ਵੱਖ ਸੂਬਿਆਂ ਦੇ ਸਕੂਲਾਂ ਦੇ ਵਾਤਾਵਰਣ ਕਲੱਬ, ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲਾ ਪ੍ਰਸ਼ਾਸਨ ਦੇ ਤੱਟੀ ਖੰਡਾਂ 'ਤੇ ਸਥਿਤ ਮੱਛੀ ਖੋਜ ਕੇਂਦਰ ਆਦਿ ਸ਼ਾਮਲ ਹੋਣਗੇ। ਇਨ੍ਹਾਂ ਸਫਾਈ ਮੁਹਿੰਮਾਂ ਵਿਚ ਐੱਨ. ਜੀ. ਓ. ਸਣੇ ਸਕੂਲਾਂ, ਕਾਲਜਾਂ ਦੇ ਬੱਚੇ ਸ਼ਾਮਲ ਕੀਤੇ ਜਾਣਗੇ। ਓਧਰ ਮਾਮਲੇ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਹਿਰਾਂ ਦੀ ਸਫਾਈ ਕਰਨਾ ਨਹਿਰੀ ਵਿਭਾਗ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਤਾਰ ਨਗਰ ਨਿਗਮ ਅਤੇ ਹੋਰ ਵਿਭਾਗਾਂ ਨੂੰ ਕਿਹਾ ਜਾਂਦਾ ਹੈ ਕਿ ਸਫਾਈ ਵਿਵਸਥਾ ਸਹੀ ਰੱਖੀ ਜਾਵੇ ਤਾਂ ਜੋ ਪ੍ਰਦੂਸ਼ਣ ਨਾ ਫੈਲੇ ਪਰ ਉਨ੍ਹਾਂ ਦੀਆਂ ਗੱਲਾਂ ਦਾ ਨਾ ਤਾਂ ਨਿਗਮ ਪ੍ਰਸ਼ਾਸਨ 'ਤੇ ਕੋਈ ਅਸਰ ਹੋ ਰਿਹਾ ਹੈ ਤੇ ਨਾ ਹੀ ਨਹਿਰੀ ਵਿਭਾਗ 'ਤੇ, ਜਿਸ ਕਾਰਨ ਨਹਿਰਾਂ 'ਚ ਕੂੜੇ ਢੇਰ ਲੱਗੇ ਹਨ।


Related News