ਕੀ ਟੀ-20 ਵਿਸ਼ਵ ਕੱਪ ਦੀ ਚੁਣੌਤੀ ’ਚ ਸਫਲ ਹੋ ਸਕਣਗੇ ਅਰਸ਼ਦੀਪ ਤੇ ਸਿਰਾਜ?

Wednesday, May 01, 2024 - 08:27 PM (IST)

ਨਵੀਂ ਦਿੱਲੀ- ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਚਾਰ ਸਪਿਨਰਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਚੋਣਕਾਰਾਂ ਨੂੰ ਅਮਰੀਕਾ ਤੇ ਵੈਸਟਇੰਡੀਜ਼ ਵਿਚ ਸਪਿਨ ਦੇ ਅਨੁਕੂਲ ਹੌਲੀਆਂ ਪਿੱਚਾਂ ਦੀ ਉਮੀਦ ਹੈ ਪਰ ਕੀ ਉਨ੍ਹਾਂ ਨੇ 15 ਮੈਂਬਰੀ ਟੀਮ ਵਿਚ ਸਿਰਫ 3 ਤੇਜ਼ ਗੇਂਦਬਾਜ਼ ਚੁਣ ਕੇ ਗਲਤੀ ਕੀਤੀ ਹੈ। ਤੇਜ਼ ਗੇਂਦਬਾਜ਼ੀ ਵਿਚ ਪਸੰਦ ’ਤੇ ਸਵਾਲ ਉੱਠੇ ਹਨ। ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਸਿਰਫ ਜਸਪ੍ਰੀਤ ਬੁਮਰਾਹ ਦੀ ਚੋਣ ਤੈਅ ਸੀ ਜਦਕਿ ਹੋਰ ਤੇਜ਼ ਗੇਂਦਬਾਜ਼ਾਂ ਨੂੰ ਲੀਗ ਵਿਚ ਖੁਦ ਨੂੰ ਸਾਬਤ ਕਰਨਾ ਸੀ।
ਮੰਗਲਵਾਰ ਨੂੰ ਚੁਣੀ ਗਈ ਟੀਮ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਸੁਰੱਖਿਆ ਰੁਖ਼ ਅਪਣਾਇਆ ਤੇ 1 ਜੂਨ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਟੂਰਨਾਮੈਂਟ ਵਿਚ ਬੁਮਰਾਹ ਦਾ ਸਾਥ ਦੇਣ ਲਈ ਮੁਹੰਮਦ ਸਿਰਾਜ ਤੇ ਅਰਸ਼ਦੀਪ ਸਿੰਘ ਨੂੰ ਚੁਣਿਆ। ਸੰਦੀਪ ਸ਼ਰਮਾ, ਆਵੇਸ਼ ਖਾਨ ਤੇ ਟੀ. ਨਟਰਾਜਨ ਵਰਗੇ ਤੇਜ਼ ਗੇਂਦਬਾਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਿਨ੍ਹਾਂ ਨੇ ਆਈ. ਪੀ.ਐੱਲ. ਵਿਚ ਡੈੱਥ ਓਵਰ (ਆਖਰੀ ਓਵਰਾਂ) ਵਿਚ ਆਪਣੀ ਗੇਂਦਬਾਜ਼ੀ ਕਲਾ ਨਾਲ ਪ੍ਰਭਾਵਿਤ ਕੀਤਾ ਹੈ। ਭਾਰਤ ਲਈ ਸਿਰਾਜ ਨੇ 10 ਤੇ ਅਰਸ਼ਦੀਪ ਨੇ 44 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਨ੍ਹਾਂ ਦੋਵਾਂ ਦਾ ਮੌਜੂਦਾ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਪਰ ਭਾਰਤ ਲਈ ਉਨ੍ਹਾਂ ਦੇ ਅਤੀਤ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਨੂੰ ਟੀਮ ਵਿਚ ਜਗ੍ਹਾ ਮਿਲੀ ਹੈ।
ਇਹ ਜੋੜੀ ਨਵੀਂ ਗੇਂਦ ਨੂੰ ਸਵਿੰਗ ਕਰਵਾਉਣ ਦੀ ਸਮਰੱਥਾ ਰੱਖਦੀ ਹੈ ਪਰ ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ ਵਿਚ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਕੋਈ ਗੇਂਦਬਾਜ਼ ਡੈੱਥ ਓਵਰਾਂ ਵਿਚ ਬੱਲੇਬਾਜ਼ਾਂ ਨੂੰ ਕਿਵੇਂ ਰੋਕਦਾ ਹੈ। ਇਹ ਖੇਡ ਦਾ ਉਹ ਪਹਿਲੂ ਹੈ, ਜਿਸ ਵਿਚ ਅਰਸ਼ਦੀਪ ਤੇ ਸਿਰਾਜ ਦੋਵੇਂ ਹੀ ਆਈ. ਪੀ.ਐੱਲ. ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਸਿਰਾਜ ਨੇ 9.50 ਦੌੜਾਂ ਦੀ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦਿੱਤੀਆਂ ਹਨ ਜਦਕਿ ਅਰਸ਼ਦੀਪ ਕਾਫੀ ਮਹਿੰਗਾ ਸਾਬਤ ਹੋਇਆ ਹੈ ਤੇ ਉਸ ਨੇ ਪ੍ਰਤੀ ਓਵਰ 9.63 ਦੌੜਾਂ ਦੀ ਦੌਰ ਨਾਲ ਦੌੜਾਂ ਦਿੱਤੀਆਂ ਹਨ। ਅਰਸ਼ਦੀਪ ਨੇ ਹਾਲਾਂਕਿ 9 ਮੈਚਾਂ ਵਿਚ 12 ਵਿਕਟਾਂ ਲਈਆਂ ਹਨ। ਉਸ ਨੇ 2022 ਟੀ-20 ਵਿਸ਼ਵ ਕੱਪ ਵਿਚ ਵੀ 10 ਵਿਕਟਾਂ ਲਈਆਂ ਸਨ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਦਾ ਡੈੱਥ ਓਵਰਾਂ ਵਿਚ ਪ੍ਰਦਰਸ਼ਨ ਚਿੰਤਾਜਨਕ ਹੈ ਪਰ ਚੋਣਕਾਰਾਂ ਨੇ ਰਾਸ਼ਟਰੀ ਪੱਧਰ ’ਤੇ ਉਸਦੇ ਚੰਗੇ ਰਿਕਾਰਡ ’ਤੇ ਵੀ ਵਿਚਾਰ ਕੀਤਾ ਹੈ। ਉਸ ਨੇ 20.87 ਦੀ ਔਸਤ ਤੇ 8.63 ਦੀ ਇਕਨਾਮੀ ਰੇਟ ਨਾਲ 62 ਵਿਕਟਾਂ ਲਈਆਂ ਹਨ। ਸਿਰਾਜ ਨੇ ਟੀ-20 ਕੌਮਾਂਤਰੀ ਵਿਚ 8.78 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ।
ਸਾਬਕਾ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਦੇ ਵਿਚਾਰ ਵਿਚ ਵਿਸ਼ਵ ਕੱਪ ਵਿਚ 3 ਗੇਂਦਬਾਜ਼ਾਂ ਨੂੰ ਲਿਜਾਣਾ ਕਾਫੀ ਹੋਵੇਗਾ ਤੇ ਉਸ ਨੂੰ ਚੁਣੇ ਗਏ ਖਿਡਾਰੀਆਂ ਵੀ ਦਿੱਕਤ ਨਹੀਂ ਹੈ। ਲਖਨਊ ਸੁਪਰ ਜਾਇੰਟਸ ਦੇ ਰਣਨੀਤਿਕ ਸਲਾਹਕਾਰ ਪ੍ਰਸਾਦ ਨੇ ਕਿਹਾ, ‘‘ਉੱਥੇ ਦੀਆਂ ਪਿੱਚਾਂ ਤੋਂ ਹੌਲੇ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ ਤੇ ਇਸ ਲਈ ਉਹ 4 ਸਪਿਨ ਬਦਲਾਂ ਦੇ ਨਾਲ ਜਾ ਰਹੇ ਹਨ।’’
ਹਾਲਾਂਕਿ ਆਈ. ਸੀ. ਸੀ. ਪ੍ਰਤੀਯੋਗਿਤਾ ਲਈ ਭਾਰਤ ਦੇ ਗੇਂਦਬਾਜ਼ੀ ਸੰਯੋਜਨ ਨਾਲ ਜੁੜੇ ਪ੍ਰਸਾਦ ਦੇ ਵਿਚਾਰਾਂ ਨਾਲ ਸਾਰੇ ਸਹਿਮਤ ਨਹੀਂ ਹਨ। ਆਸਟ੍ਰੇਲੀਆ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਆਰੋਨ ਫਿੰਚ ਨੂੰ ਲੱਗਦਾ ਹੈ ਕਿ ਸਿਰਾਜ ਤੇ ਅਰਸ਼ਦੀਪ ਦੇ ਲਗਾਤਾਰ ਚੰਗਾ ਪ੍ਰਦਰਸ਼ਨ ਨਾ ਕਰਨ ਕਾਰਨ ਬੁਮਰਾਹ ਨੂੰ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਵਧੇਰੇ ਸਹਿਯੋਗ ਦੀ ਲੋੜ ਹੈ। ਫਿੰਚ ਨੇ ਕਿਹਾ, ‘‘ਮੈਂ ਚਾਰ ਸਪਿਨਰਾਂ ਤੋਂ ਵੀ ਹੈਰਾਨ ਸੀ। ਮੈਂ ਰਿੰਕੂ ਸਿੰਘ ਤੇ ਸਿਰਫ ਦੋ ਸਪਿਨਰਾਂ ਨੂੰ ਚੁਣਿਆ ਸੀ। ਮੇਰੀ ਸ਼ੁਰੂਆਤੀ ਟੀਮ ਵਿਚ ਮੇਰੇ ਕੋਲ ਵਾਧੂ ਤੇਜ਼ ਗੇਂਦਬਾਜ਼ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਗੇਂਦ ਦੇ ਨਾਲ ਜਸਪ੍ਰੀਤ ਬਮਰਾਹ ਤੋਂ ਇਲਾਵਾ ਹੋਰਨਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਨੂੰ ਦੇਖਦੇ ਹੋਏ, ਵਿਸ਼ੇਸ਼ ਤੌਰ ’ਤੇ ਪਾਵਰਪਲੇਅ ਵਿਚ ਮੈਂ ਤੇਜ਼ ਗੇਂਦਬਾਜ਼ਾਂ ਲਈ ਵਾਧੂ ਸਹਿਯੋਗ ਚਾਹੁੰਦਾ ਸੀ।’’ ਉੱਥੇ ਹੀ, ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਨੇ ਕਿਹਾ ਕਿ 15 ਮੈਂਬਰੀ ਟੀਮ ਵਿਚ 4 ਸਪਿਨਰਾਂ ਦੀ ਲੋੜ ਨਹੀਂ ਸੀ।


Aarti dhillon

Content Editor

Related News