ਕਬਰਿਸਤਾਨ ’ਚੋਂ ਲਾਸ਼ ਮਿਲਣ ਦਾ ਮਾਮਲਾ, ਕਾਤਲ ਦਬੋਚਿਆ
Sunday, May 20, 2018 - 02:59 AM (IST)

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)– 14 ਮਈ ਨੂੰ ਮਾਲੇਰਕੋਟਲਾ ਲੁਧਿਆਣਾ ਹਾਈਵੇ ਨੇਡ਼ੇ ਬਣੇ ਉਜਾਡ਼ੂ ਤਕੀਆ ਕਬਰਿਸਤਾਨ ’ਚੋਂ ਮਿਲੀ ਨੌਜਵਾਨ ਦੀ ਲਾਸ਼ ਦੀ ਗੁੱਥੀ ਸੁਲਝਾਉਂਦਿਆਂ ਥਾਣਾ ਸਿਟੀ-1 ਮਾਲੇਰਕੋਟਲਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਮੁਹੰਮਦ ਆਬਿਦ ਪੁੱਤਰ ਮੁਹੰਮਦ ਨਾਸਰ ਵਾਸੀ ਮੁਹੱਲਾ ਬੰਗਲਾ ਨੇਡ਼ੇ ਹੈਦਰ ਸ਼ੇਖ ਮਾਲੇਰਕੋਟਲਾ ਦੀ ਹੋਈ ਭੇਤਭਰੇ ਹਾਲਾਤ ’ਚ ਮੌਤ ਸਬੰਧੀ ਉਸ ਦੇ ਘਰ ਨੇਡ਼ੇ ਹੀ ਦੁੱਧ ਦੀ ਦੁਕਾਨ ਕਰਦੇ ਮੁਹੰਮਦ ਅਨਵਰ ਵਾਸੀ ਪਿੰਡ ਸੰਘੈਣ, ਥਾਣਾ ਸਦਰ ਅਹਿਮਦਗਡ਼੍ਹ ਨੂੰ ਮਾਲੇਰਕੋਟਲਾ ਪੁਲਸ ਨੇ ਗ੍ਰਿਫਤਾਰ ਕਰ ਕੇ ਦਰਜ ਮਾਮਲੇ ’ਚ ਵਾਧਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਮੁਹੰਮਦ ਅਨਵਰ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਹੰਮਦ ਆਬਿਦ ਦੇ ਚਾਚਾ ਸਿਰਾਜ ਅਹਿਮਦ ਪੁੱਤਰ ਮੁਹੰਮਦ ਅਲੀ ਦੇ ਬਿਆਨਾਂ ’ਤੇ ਧਾਰਾ 302 ਤਹਿਤ ਮੁਕੱਦਮਾ ਦਰਜ ਕਰ ਕੇ ਮੁਹੰਮਦ ਅਨਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਮੀਦ ਹੈ ਕਿ ਸਥਾਨਕ ਪੁਲਸ ਐਤਵਾਰ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਹੋਰ ਵਧੇਰੇ ਪੁੱਛਗਿੱਛ ਲਈ ਰਿਮਾਂਡ ਮੰਗੇਗੀ। ਜਾਣਕਾਰੀ ਅਨੁਸਾਰ 3 ਭੈਣਾਂ ਦਾ ਇਕਲੌਤਾ ਭਰਾ ਅਤੇ ਲੰਬੇ ਸਮੇਂ ਤੋਂ ਸਾਊਦੀ ਅਰਬ ਰਹਿੰਦੇ ਮੁਹੰਮਦ ਨਾਸਰ ਦਾ ਬੇਟਾ 23 ਸਾਲਾ ਮੁਹੰਮਦ ਆਬਿਦ ਅੱਜਕੱਲ ਆਪਣੇ ਰਿਸ਼ਤੇਦਾਰਾਂ ਨਾਲ ਸਬਜ਼ੀ ਦਾ ਕਾਰੋਬਾਰ ਕਰ ਰਿਹਾ ਸੀ। ਉਸ ਨੇ ਕਥਿਤ ਤੌਰ ’ਤੇ ਮੁਹੰਮਦ ਅਨਵਰ ਕੋਲੋਂ ਕਰੀਬ 30 ਹਜ਼ਾਰ ਰੁਪਏ ਲੈਣੇ ਸਨ ਪਰ ਉਹ ਕਾਫੀ ਸਮੇਂ ਤੋਂ ਰਕਮ ਵਾਪਸ ਕਰਨ ਤੋਂ ਨਾਂਹ-ਨੁੱਕਰ ਕਰ ਰਿਹਾ ਸੀ। ਸਿਰਾਜ ਅਹਿਮਦ ਵੱਲੋਂ ਪੁਲਸ ਕੋਲ ਦਰਜ ਕਰਵਾਏ ਬਿਆਨ ਮੁਤਾਬਕ 13 ਮਈ ਨੂੰ ਮੁਹੰਮਦ ਅਨਵਰ ਉਸ ਦੇ ਭਤੀਜੇ ਮੁਹੰਮਦ ਆਬਿਦ ਨੂੰ ਅਾਪਣੇ ਮੋਟਰਸਾਈਕਲ ’ਤੇ ਬਿਠਾ ਕੇ ਉਜਾਡ਼ੂ ਤਕੀਆ ਕਬਰਿਸਤਾਨ ’ਚ ਲੈ ਗਿਆ ਅਤੇ ਉਸ ਨੂੰ ‘ਚਿੱਟੇ’ ਦੀ ਵੱਧ ਡੋਜ਼ ਦਾ ਟੀਕਾ ਲਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।