ਸ਼ਾਰਜਾਹ : ਪੁਲਸ ਨੇ ਘਰ ''ਚੋਂ ਬਰਾਮਦ ਕੀਤੀ ਭਾਰਤੀ ਔਰਤ ਦੀ ਲਾਸ਼

04/26/2018 5:39:34 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿਚ ਮੇਯਸਾਲੂਨ ਇਲਾਕੇ ਵਿਚ ਪੁਲਸ ਨੇ 36 ਸਾਲਾ ਇਕ ਭਾਰਤੀ ਔਰਤ ਦੀ ਟੋਟੇ-ਟੋਟੇ ਕੀਤੀ ਲਾਸ਼ ਉਸ ਦੇ ਘਰ ਵਿਚੋਂ ਇਕ ਕਮਰੇ ਵਿਚੋਂ ਬਰਾਮਦ ਕੀਤੀ ਹੈ। ਇਸ ਔਰਤ ਨੂੰ ਮਾਰਨ ਤੋਂ ਬਾਅਦ ਘਰ ਵਿਚ ਹੀ ਦਫਨਾ ਦਿੱਤਾ ਗਿਆ ਸੀ। ਮੀਡੀਆ ਵਿਚ ਆਈ ਖਬਰ ਮੁਤਾਬਕ ਪੁਲਸ ਨੂੰ ਸ਼ੱਕ ਹੈ ਕਿ ਸ਼ਾਇਦ ਔਰਤ ਦੇ ਪਤੀ ਨੇ ਉਸ ਦਾ ਕਤਲ ਕੀਤਾ ਹੋਵੇਗਾ ਅਤੇ ਫਿਰ ਭਾਰਤ ਭੱਜ ਗਿਆ ਹੋਵੇਗਾ। ਪੁਲਸ ਮੁਤਾਬਕ ਕੇਰਲ ਨਿਵਾਸੀ ਉਸ ਦਾ ਪਤੀ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਅਤੇ ਉਸ ਨੂੰ ਘਰ ਵਿਚ ਦਫਨਾਉਣ ਮਗਰੋਂ ਦੋ ਬੱਚਿਆਂ ਸਮੇਤ ਭਾਰਤ ਭੱਜ ਗਿਆ। ਉਸ ਨੇ ਘਰ ਦੇ ਦਰਵਾਜੇ 'ਤੇ 'ਕਿਰਾਏ ਲਈ ਖਾਲੀ' ਦਾ ਬੋਰਡ ਵੀ ਲਗਾ ਰੱਖਿਆ ਸੀ। 
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਔਰਤ ਦਾ ਭਰਾ ਆਪਣੀ ਭੈਣ ਦੀ ਤਲਾਸ਼ ਵਿਚ ਭਾਰਤ ਤੋਂ ਆਇਆ। ਜਦੋਂ ਉਸ ਨੂੰ ਘਰ ਵਿਚ ਕੋਈ ਨਹੀਂ ਮਿਲਿਆ ਤਾਂ ਉਸ ਨੇ 9 ਅਪ੍ਰੈਲ ਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਭਰਾ ਮੁਤਾਬਕ ਉਹ ਰੋਜ਼ਾਨਾ ਆਪਣੀ ਭੈਣ ਨਾਲ ਫੋਨ 'ਤੇ ਗੱਲ ਕਰਦਾ ਸੀ ਪਰ ਜਦੋਂ ਉਸ ਦੀ ਭੈਣ ਨੇ ਕਈ ਦਿਨਾਂ ਤੱਕ ਉਸ ਦੇ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਉਸ ਨੂੰ ਮਿਲਣ ਲਈ ਸ਼ਾਰਜਾਹ ਆਇਆ। ਸ਼ਾਰਜਾਹ ਪੁਲਸ ਦੇ ਕਮਾਂਡਰ ਇਨ ਚੀਫ ਮੇਜਰ ਜਨਰਲ ਸੈਫ ਅਲ ਜੀਰੀ ਅਲ ਸ਼ਮਸੀ ਨੇ ਇਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ,''ਔਰਤ ਦੇ ਭਰਾ ਕੋਲੋਂ ਗੁੰਮਸ਼ੁਦਗੀ ਦੀ ਰਿਪੋਰਟ ਮਿਲੀ ਹੈ ਜਿਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਨਾਲ ਰੋਜ਼ਾਨਾ ਫੋਨ 'ਤੇ ਗੱਲ ਕਰਦਾ ਸੀ ਪਰ ਇਕ ਦਿਨ ਉਸ ਨੇ ਫੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ।'' 
ਉਸ ਦੀ ਸ਼ਿਕਾਇਤ ਮਗਰੋਂ ਪੁਲਸ ਟੀਮ ਔਰਤ ਦੇ ਘਰ ਗਈ। ਖਬਰ ਮੁਤਾਬਕ ਤਲਾਸ਼ੀ ਦੌਰਾਨ ਫਰਸ਼ ਦੀਆਂ ਕੁਝ ਟਾਇਲਾਂ ਗਾਇਬ ਸਨ, ਜਿਸ ਮਗਰੋਂ ਸ਼ੱਕ ਹੋਣ 'ਤੇ ਖੋਜੀ ਕੁੱਤਿਆਂ ਨੂੰ ਬੁਲਾਇਆ ਗਿਆ। ਇਹ ਕੁੱਤੇ ਉਨ੍ਹਾਂ ਨੂੰ ਘਰ ਅੰਦਰ ਬਣੀ ਕਬਰ ਤੱਕ ਲੈ ਗਏ। ਜਦੋਂ ਟੀਮ ਨੇ ਜਗ੍ਹਾ ਦੀ ਖੋਦਾਈ ਕੀਤੀ ਤਾਂ ਔਰਤ ਦੀ ਟੋਟੇ-ਟੋਟੇ ਕੀਤੀ ਲਾਸ਼ ਬਰਾਮਦ ਹੋਈ। ਔਰਤ ਦੇ ਭਰਾ ਨੇ ਲਾਸ਼ ਦੀ ਪਛਾਣ ਕੀਤੀ ਅਤੇ ਫਿਰ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਸ਼ੁਰੂਆਤੀ ਜਾਂਚ ਮੁਤਾਬਕ ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਪਤੀ ਦੀਆਂ ਦੋ ਪਤਨੀਆਂ ਹਨ ਅਤੇ ਅਪਰਾਧ ਕਰਨ ਤੋਂ ਪਹਿਲਾਂ ਉਹ ਉਨ੍ਹਾਂ ਵਿਚੋਂ ਕਿਸੇ ਇਕ ਦੇ ਘਰ ਗਿਆ ਸੀ। ਪੁਲਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀਆਂ ਉਂਗਲਾਂ ਦੇ ਨਿਸ਼ਾਨ ਜ਼ਰੀਏ ਇਸ ਗੱਲ ਦੀ ਪਛਾਣ ਕੀਤੀ ਗਈ ਹੈ। ਹੁਣ ਇੰਟਰਪੋਲ ਨੇ ਦੋਸ਼ੀ ਵਿਅਕਤੀ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਹੈ।


Related News