ਆਈਆਂ ਗਰਮੀਆਂ, ਬਿਜਲੀ ਕੱਟਾਂ ਲਈ ਰਹਿਣ ਤਿਆਰ ਪੰਜਾਬੀ

Tuesday, May 08, 2018 - 12:30 PM (IST)

ਚੰਡੀਗੜ੍ਹ (ਸ਼ਰਮਾ) : ਗਰਮੀਆਂ ਆਉਣ ਦੇ ਨਾਲ ਹੀ ਜਿਥੇ ਬਿਜਲੀ ਦਰਾਂ ਵਿਚ ਵਾਧੇ ਦੇ ਨਾਲ-ਨਾਲ ਸੂਬੇ ਦੇ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ, ਉਥੇ ਹੀ ਇਸ ਮੌਸਮ ਦੌਰਾਨ ਬਿਜਲੀ ਦੇ ਕੱਟਾਂ ਬਾਰੇ ਸੁਣ ਕੇ ਪਸੀਨੇ ਆਉਣੇ ਸੁਭਾਵਿਕ ਹਨ। 
ਚਾਹੇ ਸੂਬਾ ਸਰਕਾਰ ਸੂਬੇ ਦੇ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਪੰਜਾਬ ਪਾਵਰਕਾਮ ਵਲੋਂ ਰੈਗੂਲੇਟਰੀ ਕਮਿਸ਼ਨ ਤੋਂ ਗਰਮੀਆਂ ਤੇ ਬਰਸਾਤ ਦੇ ਮੌਸਮ ਦੌਰਾਨ 500 ਮੈਗਾਵਾਟ ਬਿਜਲੀ ਸ਼ਾਰਟ ਟਰਮ 'ਤੇ ਖਰੀਦਣ ਦੀ ਮਨਜ਼ੂਰੀ ਲਈ ਕੀਤੇ ਗਏ ਬਿਨੇ ਨੇ ਇਸ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹੁਣ ਪੰਜਾਬ ਪਾਵਰਕਾਮ ਦੀ ਉਸ ਅਪੀਲ, ਜਿਸ ਵਿਚ ਐਮਰਜੈਂਸੀ ਸÎਥਿਤੀ 'ਚ ਗਰਿੱਡ ਦੀ ਸੁਰੱਖਿਆ ਲਈ ਜ਼ਰੂਰੀ ਬਿਜਲੀ ਕੱਟ ਲਾਉਣ ਦੀ ਮਨਜ਼ੂਰੀ ਮੰਗੀ ਗਈ ਹੈ, ਨੂੰ ਰੈਗੂਲੇਟਰੀ ਕਮਿਸ਼ਨ ਨੇ ਮਨਜ਼ੂਰੀ ਪ੍ਰਦਾਨ ਕਰ ਕੇ ਸੂਬੇ 'ਚ ਬਿਜਲੀ ਕੱਟ ਲਈ ਰਸਤਾ ਸਾਫ ਕਰ ਦਿੱਤਾ ਹੈ। 
ਹਾਲਾਂਕਿ ਰੈਗੂਲੇਟਰੀ ਕਮਿਸ਼ਨ ਨੇ ਸੂਬੇ ਵਿਚ ਸ਼ਡਿਊਲਡ ਬਿਜਲੀ ਕੱਟਾਂ ਦੀ ਮਨਜ਼ੂਰੀ ਪ੍ਰਦਾਨ ਨਹੀਂ ਕੀਤੀ ਪਰ ਗਰਿੱਡ ਸੁਰੱਖਿਆ ਤੇ ਬਿਜਲੀ ਦੀ ਉਪਲੱਬਧਤਾ ਅਨੁਸਾਰ ਮੰਗ ਨੂੰ ਬਣਾਈ ਰੱਖਣ ਦੇ ਨਾਂ 'ਤੇ ਪਾਵਰਕਾਮ ਨੂੰ ਬਿਜਲੀ ਕੱਟਾਂ ਲਈ ਦਿੱਤੀ ਗਈ ਛੋਟ ਨਾਲ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਅਨਸ਼ਡਿਊਲਡ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਦਾ ਰਸਤਾ ਸਾਫ ਹੋ ਗਿਆ ਹੈ।
ਹਾਲਾਂਕਿ ਪਾਵਰਕਾਮ ਵਲੋਂ ਸੂਬੇ ਵਿਚ ਐਮਰਜੈਂਸੀ ਸਥਿਤੀ 'ਚ ਬਿਜਲੀ ਕੱਟ ਲਾਏ ਜਾਣ ਦੀ ਮਨਜ਼ੂਰੀ ਲਈ ਰੈਗੂਲੇਟਰੀ ਕਮਿਸ਼ਨ ਨੂੰ ਕੀਤੀ ਗਈ ਅਪੀਲ 'ਤੇ ਸੂਬੇ ਦੇ ਉਦਯੋਗ ਜਗਤ ਨੇ ਇਤਰਾਜ਼ ਜਤਾਇਆ ਸੀ ਕਿ ਇਕ ਪਾਸੇ ਤਾਂ ਪਾਵਰਕਾਮ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਸਰੇ ਪਾਸੇ ਬਿਜਲੀ ਕੱਟਾਂ ਲਈ ਮਨਜ਼ੂਰੀ ਦੀ ਅਪੀਲ ਕਰ ਰਹੀ ਹੈ ਇਸ  ਲਈ ਇੰਡਸਟਰੀ ਨੂੰ ਬਿਜਲੀ ਕੱਟਾਂ ਦੌਰਾਨ ਬਿਜਲੀ ਲੋਡ ਅਨੁਸਾਰ ਨਿਰਧਾਰਿਤ ਫੀਸ ਵਿਚ ਅਨੁਪਾਤ ਦੇ ਆਧਾਰ 'ਤੇ ਛੋਟ ਪ੍ਰਦਾਨ ਕੀਤੀ ਜਾਵੇ ਪਰ ਰੈਗੂਲੇਟਰੀ ਕਮਿਸ਼ਨ ਨੇ ਆਪਣੇ ਹੁਕਮ ਵਿਚ ਉਦਯੋਗ ਜਗਤ ਦੇ ਇਸ ਇਤਰਾਜ਼ ਨੂੰ ਨਾ-ਮਨਜ਼ੂਰ ਕਰਦਿਆਂ ਪਾਵਰਕਾਮ ਨੂੰ ਹੁਕਮ ਦਿੱਤੇ ਕਿ ਐਮਰਜੈਂਸੀ ਸਥਿਤੀ 'ਚ ਹੀ ਬਿਜਲੀ ਦੀ ਉਪਲੱਬਧਤਾ  ਅਨੁਸਾਰ ਮੰਗ ਬਣਾਈ ਰੱਖਣ ਲਈ ਜਦ ਬਿਜਲੀ ਕੱਟ ਲਾਏ ਜਾਣੇ ਜ਼ਰੂਰੀ ਹੋਣ ਤਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਤਰ੍ਹਾਂ ਲਾਏ ਜਾਣ ਕਿ ਇਕ ਸਮੇਂ ਇਕ ਵਿਸ਼ੇਸ਼ ਖੇਤਰ ਦੇ ਖਪਤਕਾਰ ਲੰਬੇ ਸਮੇਂ ਲਈ ਪ੍ਰਭਾਵਿਤ ਨਾ ਹੋਣ। ਨਾਲ ਹੀ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਅਜਿਹੀ ਸਥਿਤੀ 'ਚ ਖੇਤਰ ਵਿਸ਼ੇਸ਼ ਦੇ ਖਪਤਕਾਰਾਂ ਨੂੰ ਐਡਵਾਂਸ 'ਚ ਐੱਸ. ਐੱਮ. ਐੱਸ. ਜਾਂ ਹੋਰ ਉਪਲੱਬਧ ਮੀਡੀਆ ਚੈਨਲ ਤੋਂ ਜਾਣਕਾਰੀ ਪ੍ਰਦਾਨ ਕੀਤੀ ਜਾਵੇ।


Related News