ਪੰਜਾਬ ਦੇ ਸਰਕਾਰੀ ਅਧਿਆਪਕ ਜਾਣਗੇ ਫਿਨਲੈਂਡ, ਸਰਕਾਰ ਨੇ ਚੁੱਕਿਆ ਵੱਡਾ ਕਦਮ
Friday, Sep 27, 2024 - 07:18 PM (IST)
 
            
            ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦਵਾਉਣ ਦੇ ਮਕਸਦ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਫਿਨਲੈਂਡ ਦੇ ਸਫੀਰ ਕਿਮੋ ਲਾਹਾਦੇਵੀਰੱਤਾ ਨਾਲ ਐਮ.ਓ.ਯੂ. ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਸਾਡਾ ਸਿੱਖਿਆ ਸਬੰਧੀ ਸਮਝੌਤਾ ਫਿਨਲੈਂਡ ਨਾਲ ਨੇਪਰੇ ਚੜ੍ਹਿਆ ਹੈ ਜਿਸ ਨਾਲ ਸਾਡੇ ਰਾਜ ਦਾ ਪ੍ਰਾਇਮਰੀ ਸਿੱਖਿਆ ਢਾਂਚਾ ਮਜਬੂਤ ਹੋਵੇਗਾ। ਉਸਦੇ ਨਾਲ ਹੀ ਦੋਵੇਂ ਦੇਸ਼ਾਂ ਵਿਚਕਾਰ ਸੱਭਿਆਚਾਰ ਸਾਂਝ ਵੀ ਵਧੇਗੀ।ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਸਰਾ ਸੂਬਾ ਬਣ ਗਿਆ ਹੈ ਜਿਸ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਤੋਂ ਟ੍ਰੇਨਿੰਗ ਦੁਆਉਣ ਲਈ ਇਹ ਸਮਝੋਤਾ ਕੀਤਾ ਹੈ।

ਇਸ ਸਮਝੌਤੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਫਿਨਲੈਂਡ ਪੂਰੀ ਦੁਨੀਆ ਵਿੱਚ ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿੱਚ ਮੌਹਰੀ ਦੇਸ਼ ਹੈ ਜਿੱਥੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਲਈ ਨਾਟਕ, ਪੜਚੋਲ ਅਤੇ ਰੋਜਾਨਾ ਦੀ ਦਿਨਚਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਫਿਨਲੈਂਡ ਦਾ ਸਿੱਖਿਆ ਸਿਸਟਮ ਬੱਚੇ ਦੇ ਮੁੱਢਲੇ ਸਮੇਂ ਵਿੱਚ ਹੀ ਉਸਨੂੰ ਸਿੱਖਿਆ ਅਤੇ ਸੰਭਾਲ ’ਤੇ ਜੋਰ ਦਿੰਦਾ ਹੈ ਤਾਂ ਜੋ ਸਾਰੀ ਉਮਰ ਬੱਚੇ ਵਿੱਚ ਸਿੱਖਣ ਅਤੇ ਸਮਝਣ ਦੇ ਗੁਣ ਵਧਦੇ ਜਾਣ। ਉਹਨਾਂ ਦੱਸਿਆ ਕਿ ਫਿਨਲੈਂਡ ਦੀਆਂ ਪੰਜ ਯੂਨੀਵਰਸਿਟੀਆਂ ਵੱਲੋਂ ਇਹ ਸਿਖਲਾਈ ਦੇਣ ਲਈ ਦਿਲਚਸਪੀ ਦਿਖਾਈ ਗਈ ਸੀ, ਜਿਹਨਾਂ ਵਿਚੋਂ ਯੂਨੀਵਰਸਿਟੀ ਆਫ ਤੁਰਕੂ ਨੂੰ ਚੁਣਿਆ ਗਿਆ ਹੈ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 202 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ- ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਿੰਗਾਪੁਰ ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਦਿਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ 102 ਹੈੱਡ ਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿਖੇ ਲੀਡਰਸ਼ਿਪ, ਸਕੂਲ ਪ੍ਰਬੰਧਨ, ਸਬੰਧੀ ਟ੍ਰੇਨਿੰਗ ਦੁਆਈ ਜਾ ਰਹੀ ਹੈ। ਫਿਨਲੈਂਡ ਵਿਖੇ ਟ੍ਰੇਨਿੰਗ ਹਾਂਸਲ ਕਰਨ ਦੇ ਇਛੁੱਕ ਅਧਿਆਪਕ ਮਿਤੀ 27 ਸਤੰਬਰ 2024 ਸ਼ਾਮ ਤੱਕ ਵੈਬਸਾਈਟ ਤੇ ਅਪਲਾਈ ਕਰ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            