ਸਕੂਲ ਮੁਖੀਆਂ ਲਈ ਮੁਸੀਬਤ ਬਣ ਸਕਦਾ ਹੈ ਮੋਬਾਇਲ ਐਪ ''ਤੇ ਮੈਸੇਜ ਨਾ ਭੇਜਣਾ
Wednesday, May 23, 2018 - 05:22 AM (IST)
ਲੁਧਿਆਣਾ(ਵਿੱਕੀ)-ਰਾਜ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੇ ਮਿਡ-ਡੇ-ਮੀਲ ਸਬੰਧੀ ਵਿਭਾਗ ਦੀ ਮੋਬਾਇਲ ਐਪ 'ਤੇ ਮੈਸੇਜ ਨਾ ਭੇਜਣ ਵਾਲੇ ਸਕੂਲ ਮੁਖੀਆਂ 'ਤੇ ਹੁਣ ਵਿਭਾਗ ਸਖਤੀ ਵਰਤਣ ਦੇ ਮੂਡ ਵਿਚ ਹੈ। ਮਿਡ-ਡੇ-ਮੀਲ ਸੋਸਾਇਟੀ ਪੰਜਾਬ ਅਤੇ ਸਿੱਖਿਆ ਵਿਭਾਗ ਐਲੀਮੈਂਟਰੀ ਦੇ ਡਿਪਟੀ ਡਾਇਰੈਕਟਰ ਨੇ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਪੱਤਰ ਭੇਜ ਕੇ ਸਕੂਲ ਮੁਖੀਆਂ ਵੱਲੋਂ ਕਥਿਤ ਤੌਰ 'ਤੇ ਵਰਤੀ ਜਾ ਰਹੀ ਇਸ ਲਾਪ੍ਰਵਾਹੀ ਦਾ ਸਖਤ ਨੋਟਿਸ ਲਿਆ ਹੈ। ਵਿਭਾਗ ਨੇ ਡੀ. ਈ. ਓਜ਼ ਤੋਂ ਅਜਿਹੇ ਸਕੂਲ ਮੁਖੀਆਂ ਦੇ ਨਾਂ ਮੰਗਵਾ ਲਏ ਹਨ, ਜੋ ਮਿਡ-ਡੇ-ਮੀਲ ਸਬੰਧੀ ਮੋਬਾਇਲ ਐਪ 'ਤੇ ਮੈਸੇਜ ਕਰਨ ਵਿਚ ਗੰਭੀਰਤਾ ਨਹੀਂ ਦਿਖਾਉਂਦੇ। ਆਪਣੇ ਹੁਕਮਾਂ 'ਚ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਨੇ ਸਾਫ ਲਿਖਿਆ ਹੈ ਕਿ ਡੀ. ਈ. ਓਜ਼ ਵੱਲੋਂ ਆਉਣ ਵਾਲੇ ਕੇਸ ਨੂੰ ਗੰਭੀਰਤਾ ਨਾਲ ਸਕੂਲ ਮੁਖੀਆਂ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਮਿਡ-ਡੇ-ਮੀਲ ਦਾ ਰਿਕਾਰਡ ਰੱਖਣ ਲਈ ਸ਼ੁਰੂ ਕੀਤੀ ਸੀ ਐਪ
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵਿਚ ਕੁਝ ਸਾਲ ਪਹਿਲਾਂ ਮਿਡ-ਡੇ-ਮੀਲ ਦਾ ਰਿਕਾਰਡ ਅਤੇ ਮੈਨਿਊ ਰੱਖਣ ਦੇ ਲਈ ਮੋਬਾਇਲ ਐਪ ਸਿਸਟਮ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਸਕੂਲ ਰੋਜ਼ਾਨਾ ਇਸ 'ਤੇ ਇਕ ਮੈਸੇਜ ਭੇਜ ਸਕਣਗੇ। ਸ਼ੁਰੂਆਤੀ ਪੜਾਅ ਵਿਚ ਕੁਝ ਸਕੂਲਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਰਾਜ ਦੇ ਕਈ ਅਜਿਹੇ ਸਕੂਲ ਹਨ ਜੋ ਰੋਜ਼ਾਨਾ ਤਿਆਰ ਮਿਡ-ਡੇ-ਮੀਲ ਸਬੰਧੀ ਮੈਸੇਜ ਮੋਬਾਇਲ ਐਪ 'ਤੇ ਨਹੀਂ ਭੇਜਦੇ। ਵਿਭਾਗ ਦਾ ਮੰਨਣਾ ਹੈ ਕਿ ਅਜਿਹੇ ਸਕੂਲ ਮੁਖੀ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਮੈਸੇਜ ਨਾ ਭੇਜਿਆ ਤਾਂ ਸਕੂਲ ਮੁਖੀ 'ਤੇ ਹੋਵੇਗੀ ਕਾਰਵਾਈ
ਹੁਣ ਮੋਬਾਇਲ ਐਪ 'ਤੇ ਡਾਟਾ ਨਾ ਭੇਜਣ ਵਾਲੇ ਸਕੂਲ ਮੁਖੀਆਂ ਨੂੰ ਅੰਤਿਮ ਚਿਤਾਵਨੀ ਦੇਣ ਦੇ ਨਿਰਦੇਸ਼ ਡੀ. ਈ. ਓਜ਼ ਨੂੰ ਦਿੱਤੇ ਗਏ ਹਨ। ਜੇਕਰ ਫਿਰ ਵੀ ਕਿਸੇ ਸਕੂਲ ਨੇ ਐਪ ਰਾਹੀਂ ਡਾਟਾ ਅਪਲੋਡ ਕਰਨ ਵਿਚ ਦੇਰ ਜਾਂ ਲਾਪ੍ਰਵਾਹੀ ਵਰਤੀ ਤਾਂ ਸਕੂਲ ਮੁਖੀ ਖਿਲਾਫ ਕਾਰਵਾਈ ਕੀਤੀ ਜਾਵੇਗੀ।
