ਪੰਜਾਬ: ਡਰਾਈਵਿੰਗ ਲਾਇਸੰਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ!
Tuesday, Dec 09, 2025 - 12:03 PM (IST)
ਜਲੰਧਰ (ਚੋਪੜਾ)– ਰਿਜਨਲ ਟਰਾਂਸਪੋਰਟ ਆਫਿਸ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਸਰਵਰ ਖਰਾਬੀ ਦੀ ਸਮੱਸਿਆ ਭਿਆਨਕ ਰੂਪ ਧਾਰ ਗਈ, ਜਦੋਂ ਬੀਤੀ ਸਵੇਰੇ ਲੱਗਭਗ 11 ਵਜੇ ਐੱਨ. ਆਈ. ਸੀ. ਦਾ ਸਰਵਰ ਤਕਨੀਕੀ ਖਰਾਬੀ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਿਆ। ਸਰਵਰ ਦੇ ਠੱਪ ਹੁੰਦੇ ਹੀ ਪੂਰੇ ਸੈਂਟਰ ਵਿਚ ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀਆਂ, ਜਿਸ ਨਾਲ ਬਿਨੈਕਾਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਸਵੇਰੇ ਜਦੋਂ ਨਿਯਮਿਤ ਰੂਪ ਨਾਲ ਡਰਾਈਵਿੰਗ ਟੈਸਟ ਸੈਂਟਰ ਦਾ ਕੰਮ ਸ਼ੁਰੂ ਹੋਇਆ ਅਤੇ ਲੋਕ ਟ੍ਰੈਕ ’ਤੇ ਡਰਾਈਵਿੰਗ ਟੈਸਟ ਲਈ ਜਾਣ ਲੱਗੇ, ਉਦੋਂ ਸ਼ੁਰੂਆਤੀ 7-8 ਉਮੀਦਵਾਰਾਂ ਦੇ ਟੈਸਟ ਹੀ ਪੂਰੇ ਹੋ ਸਕੇ ਕਿ ਅਚਾਨਕ ਸਰਵਰ ਹੈਂਗ ਹੋ ਕੇ ਬੰਦ ਪੈ ਗਿਆ। ਸਰਵਰ ਬੰਦ ਹੁੰਦੇ ਹੀ ਨਵੀਂ ਐਂਟਰੀ, ਡਾਟਾ ਅਪਲੋਡ, ਟੈਸਟ ਰਿਜ਼ਲਟ, ਪ੍ਰੋਸੈਸਿੰਗ ਸਮੇਤ ਸਾਰੀਆਂ ਪ੍ਰਕਿਰਿਆਵਾਂ ਰੁਕ ਗਈਆਂ। ਇਸ ਕਾਰਨ ਡਰਾਈਵਿੰਗ ਲਾਇਸੈਂਸ, ਡੁਪਲੀਕੇਟ ਲਾਇਸੈਂਸ, ਇੰਟਰਨੈਸ਼ਨਲ ਲਾਇਸੈਂਸ ਸਮੇਤ ਕੋਈ ਵੀ ਸੇਵਾ ਨਹੀਂ ਦਿੱਤੀ ਜਾ ਸਕੀ।
ਸਰਵਰ ਬੰਦ ਹੋਣ ਕਾਰਨ ਵੱਡੀ ਗਿਣਤੀ ਵਿਚ ਪਹੁੰਚ ਬਿਨੈਕਾਰ ਘੰਟਿਆਂਬੱਧੀ ਲੰਮੀਆਂ ਲਾਈਨਾਂ ਵਿਚ ਉਡੀਕ ਕਰਦੇ ਰਹੇ। ਕਈ ਲੋਕ ਸਵੇਰੇ 8 ਵਜੇ ਤੋਂ ਸੈਂਟਰ ਦੇ ਬਾਹਰ ਲਾਈਨ ਵਿਚ ਖੜ੍ਹੇ ਸਨ, ਜਦਕਿ ਕੁਝ ਦਿਹਾਤੀ ਇਲਾਕਿਆਂ ਅਤੇ ਦੂਜੇ ਸ਼ਹਿਰਾਂ ਤੋਂ ਲੰਮੀ ਦੂਰੀ ਤਹਿ ਕਰ ਕੇ ਆਏ ਸਨ ਪਰ ਸ਼ਾਮ ਤਕ ਸਰਵਰ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ, ਜਿਸ ਕਾਰਨ ਲੱਗਭਗ ਸਾਰੇ ਬਿਨੈਕਾਰਾਂ ਨੂੰ ਖਾਲੀ ਹੱਥ ਘਰ ਵਾਪਸ ਮੁੜਨਾ ਪਿਆ।
ਲਾਈਨ ਵਿਚ ਖੜ੍ਹੇ ਮੁਹੱਲਾ ਸੰਤੋਖਪੁਰਾ ਨਿਵਾਸੀ ਸੋਨੂੰ ਸ਼ਰਮਾ ਨੇ ਕਿਹਾ ਕਿ ਮੈਂ ਅੱਜ ਦੂਜੀ ਵਾਰ ਲਾਇਸੈਂਸ ਲਈ ਟੈਸਟ ਦੇਣ ਆਇਆ ਹਾਂ। ਹਰ ਵਾਰ ਸਰਵਰ ਡਾਊਨ ਹੋਣ ਦੀ ਵਜ੍ਹਾ ਨਾਲ ਵਾਪਸ ਜਾਣਾ ਪੈਂਦਾ ਹੈ। ਅੱਜ ਵੀ ਅੱਧਾ ਦਿਨ ਬਰਬਾਦ ਹੋ ਗਿਆ। ਸਰਕਾਰੀ ਸਿਸਟਮ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਥੇ ਹੀ, ਮਾਡਲ ਟਾਊਨ ਦੇ ਬਿਨੈਕਾਰ ਗੁਰਪ੍ਰੀਤ ਸਿੰਘ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇੰਟਰਨੈਸ਼ਨਲ ਲਾਇਸੈਂਸ ਦੀ ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਆਇਆ ਸੀ। ਮੇਰੀ ਫਲਾਈਟ 2 ਦਿਨ ਬਾਅਦ ਹੈ ਪਰ ਹੁਣ ਲਾਇਸੈਂਸ ਮਿਲਣ ਵਿਚ ਹੋਰ ਦੇਰੀ ਹੋ ਸਕਦੀ ਹੈ।
ਸੂਤਰਾਂ ਅਨੁਸਾਰ ਪਿਛਲੇ ਲੱਗਭਗ 7-8 ਦਿਨਾਂ ਤੋਂ ਸਰਵਰ ਦੀ ਸਮੱਸਿਆ ਵਾਰ-ਵਾਰ ਪੈਦਾ ਹੋ ਰਹੀ ਸੀ ਪਰ ਅੱਜ ਸਮੱਸਿਆ ਸਿਖਰ ’ਤੇ ਪਹੁੰਚ ਗਈ। ਕਰਮਚਾਰੀਆਂ ਨੇ ਵੀ ਮੰਨਿਆ ਕਿ ਤਕਨੀਕੀ ਦਿੱਕਤਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਵੀ ਕੰਮ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਇਹ ਸਥਿਤੀ ਵਿਭਾਗ ਦੇ ਅਕਸ ਨੂੰ ਪ੍ਰਭਾਵਿਤ ਕਰ ਰਹੀ ਹੈ।
