ਪੰਜਾਬ ''ਚ ਬੰਦ ਕਰ ਦੇਣਗੇ ਟੀ. ਬੀ. ਦੀਆਂ ਦਵਾਈਆਂ ਦੀ ਵਿਕਰੀ

05/14/2018 4:48:17 AM

ਲੁਧਿਆਣਾ(ਸਹਿਗਲ)-ਪਿਛਲੇ ਦਿਨੀਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਹਰ ਟੀ. ਬੀ. ਦੇ ਮਰੀਜ਼ ਦਾ ਯੂਨੀਕ ਆਈ. ਡੀ. ਪਰੂਫ ਬਣਾ ਕੇ ਉਸ ਦਾ ਰਿਕਾਰਡ ਰੱਖਣ ਅਤੇ ਕੈਮਿਸਟਾਂ ਲਈ ਭਾਰਤੀ ਦੰਡਾਵਲੀ ਤਹਿਤ ਦੋ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਕਰਨ ਨਾਲ ਕੈਮਿਸਟਾਂ 'ਚ ਗਹਿਰਾ ਰੋਸ ਹੈ। ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਵਿਚ ਸਾਰੇ ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਨੇ ਇਕਸੁਰ ਵਿਚ ਸਰਕਾਰ ਦੇ ਇਸ ਨੋਟੀਫਿਕੇਸ਼ਨ 'ਚ ਬਦਲਾਅ ਕਰ ਕੇ ਸਰਲ ਕਾਨੂੰਨ ਬਣਾਉਣ ਦੀ ਗੱਲ ਕਹੀ। ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਜੀ. ਐੱਸ. ਚਾਵਲਾ, ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਕਿਹਾ ਕਿ ਸਰਕਾਰ ਦੇ ਇਸ ਕਾਨੂੰਨ ਨਾਲ ਕੈਮਿਸਟਾਂ 'ਚ ਡਰ ਪੈਦਾ ਹੋ ਗਿਆ। ਟੀ. ਬੀ. ਦੀ ਦਵਾਈ ਨਸ਼ੇ ਦੀ ਦਵਾਈ ਨਹੀਂ, ਜਿਸ ਨੂੰ ਸ਼ਡਿਊਲ ਐੱਚ. 1 'ਚ ਪਾ ਦਿੱਤਾ ਜਾਵੇ ਅਤੇ ਕੈਮਿਸਟਾਂ 'ਤੇ ਭਾਰਤੀ ਦੰਡਾਵਲੀ ਤਹਿਤ ਮਾਮਲਾ ਦਰਜ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਸਰਲ ਨਾ ਹੋਇਆ ਤਾਂ ਪੰਜਾਬ 'ਚ ਕੈਮਿਸਟ ਮਜਬੂਰਨ ਟੀ. ਬੀ. ਦੀਆਂ ਦਵਾਈਆਂ ਵੇਚਣਾ ਬੰਦ ਕਰ ਦੇਣਗੇ। ਜੀ. ਐੱਸ. ਚਾਵਲਾ ਨੇ ਕਿਹਾ ਕਿ ਸਾਰੇ ਕੈਮਿਸਟ ਸਰਕਾਰ ਦਾ ਸਹਿਯੋਗ ਕਰਨ ਨੂੰ ਤਿਆਰ ਹਨ, ਉਹ ਮਰੀਜ਼ ਦਾ ਅਡਰੈੱਸ ਪਰੂਫ ਲੈ ਕੇ ਡਾਕਟਰ ਦੀ ਪਰਚੀ 'ਤੇ ਦਵਾਈ ਵੇਚਣ ਨੂੰ ਤਿਆਰ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਈ-ਮੇਲ 'ਤੇ ਭੇਜਿਆ ਜਾ ਸਕਦਾ ਹੈ। ਮਰੀਜ਼ਾਂ ਦਾ ਰਿਕਾਰਡ ਇਸ ਤਰ੍ਹਾਂ ਵੀ ਰੱਖਿਆ ਜਾ ਸਕਦਾ ਹੈ। ਯੂਨੀਕ ਆਈ. ਡੀ. ਕਈ ਮਰੀਜ਼ ਵੀ ਬਣਵਾਉਣਾ ਨਹੀਂ ਚਾਹੁਣਗੇ ਕਿਉਂਕਿ ਕਈ ਚੰਗੇ ਘਰਾਂ ਦੇ ਹਨ। ਇਸ ਨੋਟੀਫਿਕੇਸ਼ਨ ਨਾਲ ਰਾਜ 'ਚ ਟੀ. ਬੀ. ਦੀਆਂ ਦਵਾਈਆਂ ਦੀ ਕਿੱਲਤ ਹੋ ਸਕਦੀ ਹੈ। ਇਸ ਨਾਲ ਸਰਕਾਰ ਦਾ ਟੀ. ਬੀ. ਮੁਕਤ ਪ੍ਰੋਗਰਾਮ ਵੀ ਗੜਬੜਾ ਸਕਦਾ ਹੈ। ਕੈਮਿਸਟ ਇਸ ਰਾਸ਼ਟਰੀ ਪ੍ਰੋਗਰਾਮ 'ਚ ਸਰਕਾਰ ਦੇ ਪੂਰਨ ਸਹਿਯੋਗ ਨੂੰ ਤਿਆਰ ਹਨ ਪਰ ਸਰਕਾਰ ਨੂੰ ਕੋਈ ਸੁਵਿਧਾਜਨਕ ਰਾਹ ਤਲਾਸ਼ ਕਰਨਾ ਪਵੇਗਾ, ਜਿਸ ਤੋਂ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ। 
ਸਰਬਸੰਮਤੀ ਨਾਲ ਹੋਵੇਗੀ ਚੋਣ 
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਚਾਵਲਾ ਨੇ ਕਿਹਾ ਕਿ ਅੱਜ ਐਸੋਸੀਏਸ਼ਨ ਦੇ 22 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਨੇ ਸਰਬਸੰਮਤੀ ਨਾਲ ਚੋਣ ਕਰਵਾਉਣ ਦੀ ਮੰਗ ਰੱਖੀ, ਜਿਸ 'ਤੇ ਜੂਨ ਦੇ ਬਾਅਦ ਜਦ ਵਰਤਮਾਨ ਕਾਰਜਕਾਲ ਸਮਾਪਤ ਹੋਵੇਗਾ, ਸਰਬਸੰਮਤੀ ਨਾਲ ਚੋਣ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਐਸੋਸੀਏਸ਼ਨ ਦਾ ਫਾਲਤੂ ਖਰਚ ਵੀ ਬਚੇਗਾ ਅਤੇ ਸਭ ਦੀ ਸਹਿਮਤੀ ਨਾਲ ਚੋਣ ਵੀ ਹੋ ਜਾਵੇਗੀ।


Related News