ਭੀੜ ਨੂੰ ਦੇਖਦਿਆਂ 3 ਟਰੇਨਾਂ ਦਾ ਬਦਲਿਆ ਠਹਿਰਾਅ, ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ

Saturday, Apr 27, 2024 - 11:39 AM (IST)

ਭੀੜ ਨੂੰ ਦੇਖਦਿਆਂ 3 ਟਰੇਨਾਂ ਦਾ ਬਦਲਿਆ ਠਹਿਰਾਅ, ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ

ਲੁਧਿਆਣਾ (ਜ. ਬ.) : ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਅੱਪਗ੍ਰੇਡ ਦੇ ਕੰਮ ਕਾਰਨ ਭੀੜ ਘੱਟ ਕਰਨ ਲਈ ਵਿਭਾਗ ਵੱਲੋਂ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਤਹਿਤ ਅੰਮ੍ਰਿਤਸਰ ਤੋਂ ਆਉਣ ਵਾਲੀਆਂ 3 ਟਰੇਨਾਂ ਦੇ ਠਹਿਰਾਅ ’ਚ ਬਦਲਾਅ ਕਰਨ ਦੇ ਨਾਲ ਹੀ ਪਲੇਟਫਾਰਮ ਟਿਕਟਾਂ ਵੇਚਣ ’ਤੇ ਰੋਕ ਲਗਾਈ ਗਈ ਹੈ। ਵਿਭਾਗੀ ਜਾਣਕਾਰੀ ਮੁਤਾਬਕ ਇਹ ਟਰੇਨਾਂ ਲੁਧਿਆਣਾ ਰੇਲਵੇ ਸਟੇਸ਼ਨ ਦੀ ਬਜਾਏ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਰੁਕਣਗੀਆਂ।

ਇਨ੍ਹਾਂ ਟਰੇਨਾਂ ’ਚ ਟਰੇਨ ਨੰਬਰ-22424 ਅੰਮ੍ਰਿਤਸਰ ਤੋਂ ਗੋਰਖਪੁਰ ਵੱਲ ਜਾਣ ਵਾਲੀ ਹਫ਼ਤਾਵਾਰੀ ਟਰੇਨ 28 ਅਪ੍ਰੈਲ ਤੋਂ 14 ਜੁਲਾਈ ਤੱਕ, ਟਰੇਨ ਨੰ. 14604 ਅੰਮ੍ਰਿਤਸਰ ਤੋਂ ਸਰਹਸਾ ਵੱਲ ਜਾਣ ਵਾਲੀ ਹਫ਼ਤਾਵਾਰੀ ਟਰੇਨ 1 ਮਈ ਤੋਂ 10 ਜੁਲਾਈ ਤੱਕ, ਟਰੇਨ ਨੰ. 15532 ਅੰਮ੍ਰਿਤਸਰ ਤੋਂ ਸਹਰਸਾ ਵੱਲ ਜਾਣ ਵਾਲੀ ਹਫਤਾਵਾਰੀ ਟਰੇਨ 29 ਅਪ੍ਰੈਲ ਤੋਂ 15 ਜੁਲਾਈ ਤੱਕ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਰੁਕੇਗੀ ਅਤੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਨਹੀਂ ਠਹਿਰੇਗੀ। ਇਸ ਕਾਰਨ ਵਿਭਾਗ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ’ਤੇ 4 ਜੂਨ ਤੱਕ ਰੋਕ ਲਗਾਈ ਗਈ ਹੈ।

ਸਥਾਨਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਯੂ. ਟੀ. ਐੱਸ., ਏ. ਟੀ. ਵੀ. ਐੱਮ. ਅਤੇ ਮੋਬਾਇਲ ਐੱਪ ਜ਼ਰੀਏ ਵੀ ਲੁਧਿਆਣਾ ਰੇਲਵੇ ਸਟੇਸ਼ਨ ਲਈ ਪਲੇਟਫਾਰਮ ਟਿਕਟ ਨਾ ਵੇਚੀ ਜਾਵੇ। ਰੇਲਵੇ ਸਟੇਸ਼ਨ ’ਤੇ ਭੀੜ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਇਸ ਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਨੂੰ 4 ਜੂਨ ਲਈ ਲਾਗੂ ਕਰ ਦਿੱਤਾ ਹੈ ਤਾਂ ਕਿ ਯਾਤਰੀਆਂ ਦੀ ਪਰੇਸ਼ਾਨੀ ਘੱਟ ਕੀਤੀ ਜਾ ਸਕੇ ਕਿਉਂਕਿ ਪਲੇਟਫਾਰਮ ਨੰਬਰ-1 ਬੰਦ ਹੋਣ ਕਾਰਨ ਬਾਕੀ ਪਲੇਟਫਾਰਮਾਂ ’ਤੇ ਜਾਣ ਲਈ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ-ਜਾਣ ਵਾਲੇ ਰਸਤਿਆਂ ਨੂੰ ਵੀ ਬਦਲ ਕੇ ਨਵੇਂ ਰਸਤੇ ਸ਼ੁਰੂ ਕੀਤੇ ਗਏ ਹਨ।
 


author

Babita

Content Editor

Related News