ਸਰਕਾਰੀ ਫੀਸ ਤੋਂ ਕਈ ਗੁਣਾ ਵੱਧ ਵਸੂਲੀ ਕਰ ਰਹੇ ਨੇ ਨਾਜਾਇਜ਼ ਪਾਰਕਿੰਗ ਮਾਲਕ

06/04/2018 2:27:04 AM

ਅੰਮ੍ਰਿਤਸਰ,   (ਨੀਰਜ)-  ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਮਦਦ ਨਾਲ 40 ਕਰੋੜ ਰੁਪਏ ਦੀ ਲਾਗਤ ਨਾਲ ਅਟਾਰੀ ਬਾਰਡਰ 'ਤੇ ਬਣਾਈ ਗਈ ਵਾਹਨ ਪਾਰਕਿੰਗ 8 ਮਹੀਨੇ ਬੰਦ ਰਹਿਣ ਤੋਂ ਬਾਅਦ ਖੁੱਲ੍ਹ ਤਾਂ ਗਈ ਹੈ ਪਰ ਅਜੇ ਵੀ ਬੀ. ਐੱਸ. ਐੱਫ. ਤੇ ਪਾਕਿ ਰੇਂਜਰਸ 'ਚ ਪਰੇਡ ਦੇਖਣ ਆਉਣ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਟੂਰਿਸਟ ਗੈਰ-ਕਾਨੂੰਨੀ ਪਾਰਕਿੰਗ ਵਾਲਿਆਂ ਦੇ ਹੱਥੋਂ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਡੀ. ਸੀ. ਕਮਲਦੀਪ ਸਿੰਘ ਸੰਘਾ ਤੇ ਐੱਸ. ਐੱਸ. ਪੀ. ਪਰਮਪਾਲ ਸਿੰਘ ਸਮੇਤ ਕਈ ਪ੍ਰਬੰਧਕੀ ਤੇ ਪੁਲਸ ਅਧਿਕਾਰੀ ਗੈਰ-ਕਾਨੂੰਨੀ ਪਾਰਕਿੰਗ ਮਾਲਕਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਉਹ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦਾ ਸ਼ੋਸ਼ਣ ਬੰਦ ਕਰ ਦੇਣ ਪਰ ਇਸ ਚਿਤਾਵਨੀ ਦਾ ਅਸਰ ਇਕ ਹਫ਼ਤੇ ਤੋਂ ਵੱਧ ਨਹੀਂ ਰਹਿੰਦਾ।
ਮੌਜੂਦਾ ਸਮੇਂ 'ਚ ਹਾਲਾਤ ਇਹ ਬਣ ਚੁੱਕੇ ਹਨ ਕਿ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਤੇ ਅਦਾਲਤਾਂ 'ਚ ਛੁੱਟੀਆਂ ਹੋਣ ਕਰ ਕੇ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਟੂਰਿਸਟ ਪਰੇਡ ਦੇਖਣ ਲਈ ਆ ਰਹੇ ਹਨ ਤੇ ਗੈਰ-ਕਾਨੂੰਨੀ ਪਾਰਕਿੰਗ ਵਾਲਿਆਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਪਾਰਕਿੰਗ ਟੂਰਿਸਟਾਂ ਦੀ ਭਾਰੀ ਆਮਦ ਕਾਰਨ ਹਰ ਰੋਜ਼ ਫੁੱਲ ਹੋ ਰਹੀ ਹੈ, ਜਿਸ ਕਾਰਨ ਬਾਅਦ ਬਾਕੀ ਟੂਰਿਸਟਾਂ ਨੂੰ ਆਪਣੇ ਵਾਹਨ ਪ੍ਰਾਈਵੇਟ ਪਾਰਕਿੰਗ 'ਚ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟੂਰਿਸਟਾਂ ਦੇ ਇਸ ਸ਼ੋਸ਼ਣ ਬਾਰੇ ਬੀ. ਐੱਸ. ਐੱਫ. ਵੱਲੋਂ ਵੀ ਡੀ. ਸੀ. ਅੰਮ੍ਰਿਤਸਰ ਤੇ ਪੁਲਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਹੈ ਪਰ ਅਜੇ ਤੱਕ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਗੈਰ-ਕਾਨੂੰਨੀ ਪਾਰਕਿੰਗ ਮਾਲਕਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦਾ ਪਾਰਕਿੰਗ ਦੇ ਨਾਂ 'ਤੇ ਲਗਾਤਾਰ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਕੁਝ ਪੁਲਸ ਵਾਲਿਆਂ ਨੂੰ ਵੀ ਪ੍ਰਾਈਵੇਟ ਪਾਰਕਿੰਗ ਵੱਲ ਟੂਰਿਸਟਾਂ ਨੂੰ ਭੇਜਦੇ ਦੇਖਿਆ ਗਿਆ ਹੈ।
ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਤਿਆਰ ਕੀਤੀ ਹੈ ਪਾਰਕਿੰਗ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਮਦਦ ਨਾਲ 40 ਕਰੋੜ ਰੁਪਏ ਦੀ ਲਾਗਤ ਨਾਲ ਅਟਾਰੀ ਬਾਰਡਰ ਦੀ ਪਾਰਕਿੰਗ ਨੂੰ ਤਿਆਰ ਕੀਤਾ ਹੈ। ਜਾਣਕਾਰੀ ਅਨੁਸਾਰ ਮਈ 2017 'ਚ ਇਸ ਪਾਰਕਿੰਗ ਦੀ ਉਸਾਰੀ ਕੀਤੀ ਗਈ ਤੇ ਟਰਾਇਲ ਵੀ ਕੀਤਾ ਗਿਆ, ਜੋ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਪਰ ਕੁਝ ਕਾਰਨਾਂ ਕਰ ਕੇ ਅਗਸਤ 2017 ਤੋਂ ਇਸ ਪਾਰਕਿੰਗ ਨੂੰ ਬੰਦ ਕਰ ਦਿੱਤਾ ਗਿਆ ਤੇ ਅਪ੍ਰੈਲ 2018 'ਚ ਇਸ ਨੂੰ ਸ਼ੁਰੂ ਕੀਤਾ ਗਿਆ। ਆਖ਼ਿਰਕਾਰ 8-9 ਮਹੀਨੇ ਇਸ ਪਾਰਕਿੰਗ ਨੂੰ ਕਿਉਂ ਬੰਦ ਰੱਖਿਆ ਗਿਆ, ਇਹ ਵੀ ਇਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
8 ਏਕੜ ਜ਼ਮੀਨ 'ਤੇ ਖੜ੍ਹੇ ਕੀਤੇ ਜਾ ਸਕਦੇ ਹਨ 1500 ਤੋਂ ਵੱਧ ਵਾਹਨ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ 8 ਏਕੜ ਜ਼ਮੀਨ 'ਤੇ ਇਸ ਵਾਹਨ ਪਾਰਕਿੰਗ ਦੀ ਉਸਾਰੀ ਕੀਤੀ ਗਈ ਹੈ, ਜਿਸ ਵਿਚ 1500 ਤੋਂ ਵੱਧ ਵਾਹਨ ਖੜ੍ਹੇ ਕੀਤੇ ਜਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਟਾਰੀ ਬਾਰਡਰ 'ਤੇ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦੀ ਪ੍ਰਾਈਵੇਟ ਪਾਰਕਿੰਗ ਮਾਲਕਾਂ ਵੱਲੋਂ ਲੁੱਟ-ਖਸੁੱਟ ਕੀਤੀ ਜਾਂਦੀ ਸੀ। ਇਸ ਸਬੰਧੀ ਡੀ. ਸੀ. ਦਫਤਰ 'ਚ ਆਏ ਦਿਨ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਸੀ ਤੇ ਆਪਣੇ-ਆਪ ਡੀ. ਸੀ. ਤੇ ਐੱਸ. ਡੀ. ਐੱਮ. ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਪਾਰਕਿੰਗ ਦੀ ਸਰਕਾਰੀ ਫੀਸ ਤੈਅ ਕੀਤੀ ਗਈ ਪਰ ਫਿਰ ਵੀ ਪ੍ਰਾਈਵੇਟ ਪਾਰਕਿੰਗ ਵਾਲੇ ਮਨਮਾਨੇ ਢੰਗ ਨਾਲ ਪਾਰਕਿੰਗ ਫੀਸ ਦੀ ਵਸੂਲੀ ਕਰਦੇ ਸਨ।  
ਕੀ ਹੈ ਸਰਕਾਰੀ ਤੇ ਪ੍ਰਾਈਵੇਟ ਪਾਰਕਿੰਗ ਦੇ ਰੇਟ : ਸਰਕਾਰ ਵੱਲੋਂ ਬਣਾਈ ਗਈ ਪਾਰਕਿੰਗ ਤੇ ਪ੍ਰਾਈਵੇਟ ਪਾਰਕਿੰਗ ਵੱਲੋਂ ਵਸੂਲੀ ਜਾ ਰਹੀ ਫੀਸ ਨੂੰ ਦੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਜ਼ਾਰਾਂ ਟੂਰਿਸਟਾਂ ਦਾ ਕਿੰਨਾ ਸ਼ੋਸ਼ਣ ਹੋ ਰਿਹਾ ਹੈ।
ਸਰਕਾਰੀ ਪਾਰਕਿੰਗ 'ਚ ਚੰਗੀਆਂ ਸਹੂਲਤਾਂ, ਪ੍ਰਾਈਵੇਟ 'ਚ ਨਹੀਂ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਬਣਾਈ ਗਈ ਪਾਰਕਿੰਗ 'ਚ ਟੂਰਿਸਟਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਪ੍ਰਾਈਵੇਟ ਪਾਰਕਿੰਗ 'ਚ ਕੋਈ ਸਹੂਲਤ ਨਹੀਂ ਹੈ। ਜਾਣਕਾਰੀ ਅਨੁਸਾਰ ਸਰਕਾਰੀ ਪਾਰਕਿੰਗ 'ਚ ਸੀਨੀਅਰ ਸਿਟੀਜ਼ਨ ਤੇ ਅਪਾਹਜ ਲੋਕਾਂ ਦਾ ਵੀ ਕਾਫ਼ੀ ਖਿਆਲ ਰੱਖਿਆ ਗਿਆ ਹੈ ਤੇ ਇਨ੍ਹਾਂ ਲਈ ਕਾਰਟਸ ਤੇ ਵ੍ਹੀਲ ਚੇਅਰ ਦੀ ਫ੍ਰੀ ਸਹੂਲਤ ਦੀ ਵਿਵਸਥਾ ਹੈ। ਸੀਨੀਅਰ ਸਿਟੀਜ਼ਨ ਨੂੰ ਪਰੇਡ ਵਾਲੀ ਥਾਂ ਤੱਕ ਪਹੁੰਚਾਉਣ ਲਈ ਕਾਰਟਸ ਦੀ ਵਿਵਸਥਾ ਰੱਖੀ ਗਈ ਹੈ ਤਾਂ ਕਿ ਉਨ੍ਹਾਂ ਨੂੰ ਪੈਦਲ ਨਾ ਚੱਲਣਾ ਪਏ। ਸਰਕਾਰ ਵੱਲੋਂ ਟਾਇਲਟ ਤੇ ਪੀਣ ਵਾਲੇ ਪਾਣੀ ਦੀ ਵੀ ਸਹੂਲਤ ਰੱਖੀ ਗਈ ਹੈ। ਟੂਰਿਸਟ ਰਿਸੈਪਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਹੈ, ਜਿਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਟੂਰਿਸਟ ਅੰਮ੍ਰਿਤਸਰ ਦੇ ਹੋਰ ਟੂਰਿਸਟ ਸਪੌਟਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਸਰਕਾਰੀ ਪਾਰਕਿੰਗ 'ਚ ਬੀ. ਐੱਸ. ਐੱਫ. ਨੇ ਬਣਾਏ 8 ਫਰਿਸਕਿੰਗ ਪੁਆਇੰਟ, ਪ੍ਰਾਈਵੇਟ 'ਚ ਕੁਝ ਨਹੀਂ : ਪੰਜਾਬ ਟੂਰਿਜ਼ਮ ਵਿਭਾਗ ਦੀ ਪਾਰਕਿੰਗ ਦੇ ਐਂਟਰੀ ਪੁਆਇੰਟਸ 'ਚ ਬੀ. ਐੱਸ. ਐੱਫ. ਵੱਲੋਂ 8 ਫਰਿਸਕਿੰਗ ਪੁਆਇੰਟ ਬਣਾਏ ਗਏ ਹਨ, ਇਸ ਤੋਂ ਇਲਾਵਾ ਮੈਟਲ ਡਿਟੈਕਟਰ ਮਸ਼ੀਨਾਂ ਨੂੰ ਵੀ ਲਾਈਆਂ ਗਈਆਂ ਹਨ ਪਰ ਪ੍ਰਾਈਵੇਟ ਪਾਰਕਿੰਗਾਂ 'ਚ ਅਜਿਹਾ ਕੁਝ ਨਹੀਂ ਹੈ।


Related News