ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀ ਗੈਸ ਸਿਲੰਡਰ ਦੀ ਵਰਤੋਂ ਤੋਂ ਅਣਜਾਣ
Sunday, May 13, 2018 - 05:26 AM (IST)

ਲੁਧਿਆਣਾ(ਖੁਰਾਣਾ)-ਮਹਾਨਗਰ ਵਿਚ ਪਿਛਲੇ ਕੁਝ ਸਮੇਂ ਦੌਰਾਨ ਘਰੇਲੂ ਗੈਸ ਸਿਲੰਡਰ ਧਮਾਕੇ ਦੀਆਂ ਹੋਈਆਂ ਘਟਨਾਵਾਂ ਵਿਚ 18 ਵਿਅਕਤੀਆਂ ਦੀ ਮੌਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਿਵਾਦਾਂ ਵਿਚ ਘਿਰਦੀ ਦਿਖਾਈ ਦਿੰਦੀ ਹੈ ਕਿਉਂਕਿ ਯੋਜਨਾ ਦੇ ਤਹਿਤ ਦਿਹਾਤੀ ਖੇਤਰਾਂ ਦੇ ਜਿਨ੍ਹਾਂ ਗਰੀਬਾਂ ਨੂੰ ਮੁਫਤ ਘਰੇਲੂ ਕੁਨੈਕਸ਼ਨ ਦਿੱਤੇ ਜਾ ਰਹੇ ਹਨ, ਉਹ ਗੈਸ ਸਿਲੰਡਰ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਅਣਜਾਣ ਹਨ। ਅਜਿਹੇ ਵਿਚ ਬਿਨਾਂ ਜਾਗਰੂਕਤਾ ਅਤੇ ਸਿਖਲਾਈ ਦੇ ਗੈਸ ਕਨੈਕਸ਼ਨ ਦੇਣਾ ਭਵਿੱਖ ਵਿਚ ਗੈਸ ਸਿਲੰਡਰ ਧਮਾਕੇ ਦੀਆਂ ਘਟਨਾਵਾਂ ਵਿਚ ਵਾਧਾ ਕਰ ਸਕਦਾ ਹੈ। ਇਸ ਯੋਜਨਾ ਦੇ ਅਧੀਨ ਆਉਂਦੇ ਜ਼ਿਆਦਾਤਰ ਦਿਹਾਤੀ ਪਰਿਵਾਰ ਅੱਜ ਵੀ ਲੱਕੜ, ਕੋਲੇ, ਕੈਰੋਸੀਨ ਤੇਲ ਅਤੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਬਾਲਣ ਵਜੋਂ ਕਰ ਰਹੇ ਹਨ। ਅਜਿਹੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਬਿਨਾਂ ਕਿਸੇ ਸਿਖਲਾਈ ਦੇ ਗੈਸ ਸਿਲੰਡਰ ਮੁਹੱਈਆ ਕਰਵਾ ਦਿੱਤੇ ਗਏ ਹਨ, ਜਿਸ ਨੂੰ ਮਾਹਰ ਅਣਜਾਣ ਦੇ ਹੱਥ ਵਿਚ ਗੱਡੀ ਫੜਾਉਣ ਵਰਗਾ ਮੰਨ ਰਹੇ ਹਨ।
ਕੀ ਹੈ ਮਾਜਰਾ
ਅਸਲ ਵਿਚ ਮੋਦੀ ਸਰਕਾਰ ਵੱਲੋਂ ਦੇਸ਼ ਭਰ ਵਿਚ ਕਰੀਬ 5 ਕਰੋੜ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਮੁਫਤ ਘਰੇਲੂ ਗੈਸ ਸਿਲੰਡਰ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੇ ਤਹਿਤ ਪਹਿਲੇ ਪੜਾਅ ਵਿਚ 3 ਅਤੇ ਦੂਜੇ ਵਿਚ 2 ਕਰੋੜ ਪਰਿਵਾਰਾਂ ਨੂੰ ਬੀਤੇ ਦਿਨੀਂ ਗੈਸ ਏਜੰਸੀਆਂ ਰਾਹੀਂ ਸਿਲੰਡਰ ਵੰਡੇ ਗਏ ਹਨ। ਜ਼ਿਆਦਾਤਰ ਥਾਵਾਂ 'ਤੇ ਲਾਭਪਾਤਰੀ ਪਰਿਵਾਰਾਂ ਦੇ ਰਸੋਈ ਘਰਾਂ ਦੀ ਹਾਲਤ ਜਾਣਨ ਤਕ ਦੀ ਜ਼ਹਿਮਤ ਨਹੀਂ ਚੁੱਕੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਗੈਸ ਸਿਲੰਡਰ ਦੇ ਕੋਲ ਅਤੇ ਹੋਰਨਾਂ ਤਰ੍ਹਾਂ ਦਾ ਬਾਲਣ ਬਾਲਣ ਤੋਂ ਮਨਾ ਹੀ ਕੀਤਾ ਗਿਆ। ਗੈਸ ਸਿਲੰਡਰ ਬਲਾਸਟ ਦੀਆਂ ਜ਼ਿਆਦਾਤਰ ਘਟਨਾਵਾਂ ਉਸ ਦੀ ਸਹੀ ਵਰਤੋਂ ਨਾ ਕੀਤੇ ਜਾਣ, ਰਸੋਈ ਘਰ ਦੀ ਬਨਾਵਟ ਠੀਕ ਨਾ ਹੋਣ ਅਤੇ ਗੈਸ ਸਿਲੰਡਰ ਅਤੇ ਚੁੱਲ੍ਹੇ ਨੂੰ ਠੀਕ ਜਗ੍ਹਾ 'ਤੇ ਨਾ ਰੱਖੇ ਜਾਣ ਕਾਰਨ ਹੀ ਵਾਪਰਦੀਆਂ ਹਨ।
ਗੈਸ ਏਜੰਸੀਆਂ 'ਤੇ ਰਿਹਾ ਜ਼ਿਆਦਾ ਕੁਨੈਕਸ਼ਨ ਦੇਣ ਦਾ ਦਬਾਅ
ਲਾਭਪਾਤਰੀ ਪਰਿਵਾਰਾਂ ਦੇ ਰਸੋਈਘਰਾਂ ਦੀ ਜਾਂਚ ਨਾ ਹੋਣ ਪਿੱਛੇ ਸੂਤਰਾਂ ਵੱਲੋਂ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਲਗਭਗ ਹਰ ਗੈਸ ਏਜੰਸੀ ਹੋਲਡਰ 'ਤੇ ਜ਼ਿਆਦਾ ਤੋਂ ਜ਼ਿਆਦਾ ਕੁਨੈਕਸ਼ਨ ਦੇਣ ਦਾ ਦਬਾਅ ਬਣਾਇਆ ਗਿਆ ਸੀ। ਅਜਿਹੇ ਵਿਚ ਉਕਤ ਜਾਂਚ ਦਾ ਕੰਮ ਸ਼ਾਇਦ ਏਜੰਸੀ ਮਾਲਕਾਂ ਲਈ ਅਸੰਭਵ ਗੱਲ ਹੋਵੇਗੀ ਪਰ ਕੰਪਨੀਆਂ ਦੀ ਜਲਦਬਾਜ਼ੀ ਵਿਚ ਕਿਤੇ ਲਾ ਕਿਤੇ ਨਿਯਮਾਂ ਨਾਲ ਖਿਲਵਾੜ ਹੋਣ ਅਤੇ ਕਈ ਜ਼ਿੰਦਗੀਆਂ ਦੇ ਦਾਅ 'ਤੇ ਲੱਗਣ ਦੀ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ।
ਕੀ ਹਨ ਨਿਯਮ
ਇਸ ਸਬੰਧੀ ਗੈਸ ਕੰਪਨੀਆਂ ਅਤੇ ਮਾਹਰਾਂ ਵੱਲੋਂ ਲਾਭਪਾਤਰੀ ਪਰਿਵਾਰਾਂ ਵਿਚ ਗੈਸ ਸਿਲੰਡਰ ਵੰਡਣ ਤੋਂ ਪਹਿਲਾਂ ਵਾਰਡ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਸੀ। ਜਿਥੇ ਡੈਮੋ ਰਾਹੀਂ ਲੋਕਾਂ ਨੂੰ ਸਿਲੰਡਰ ਦੀ ਵਰਤੋਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਅਤੇ ਹਾਦਸੇ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ, 'ਤੇ ਜ਼ੋਰ ਦਿੱਤਾ ਜਾਂਦਾ ਪਰ ਨਿਯਮਾਂ ਦੇ ਬਿਲਕੁਲ ਉਲਟ ਕੰਪਨੀਆਂ ਵੱਲੋਂ ਆਪਣਾ ਟਾਰਗੈੱਟ ਪੂਰਾ ਕਰਨ ਲਈ ਦੇਸ਼ ਭਰ ਵਿਚ ਇਕ ਹੀ ਦਿਨ 20 ਅਪ੍ਰੈਲ ਨੂੰ ਪੂਰੇ ਭਾਰਤ ਵਿਚ ਕਈ ਥਾਵਾਂ 'ਤੇ ਸਮਾਗਮ ਕੀਤੇ ਗਏ ਸਨ ਉਥੇ ਵੱਡੀ ਗਿਣਤੀ ਵਿਚ ਹਾਜ਼ਰ ਲਾਭਪਾਤਰੀਆਂ ਨੂੰ ਸੇਫਟੀ ਸਬੰਧੀ ਕੁਝ ਗਿਆਨ ਵੰਡਿਆ ਗਿਆ ਜੋ ਕਿ ਮੌਕੇ 'ਤੇ ਲੋਕਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਪਰਿਵਾਰਾਂ ਨੂੰ ਸਮਝ ਨਾ ਆਉਣਾ ਸੁਭਾਵਿਕ ਲਗਦਾ ਹੈ।
ਕੀ ਹਨ ਸਾਵਧਾਨੀਆਂ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਹਰ ਪਰਿਵਾਰ ਜੇਕਰ ਕੁਝ ਛੋਟੀਆਂ -ਛੋਟੀਆਂ ਸਾਵਧਾਨੀਆਂ ਅਪਣਾਉਂਦੇ ਹਨ ਤਾਂ ਉਹ ਆਪਣੇ-ਆਪ ਨੂੰ ਅਤੇ ਹੋਰਨਾਂ ਨੂੰ ਵੱਡੇ ਹਾਦਸਿਆਂ ਤੋਂ ਸੁਰੱਖਿਅਤ ਰੱਖ ਸਕਦੇ ਹਨ।
1. ਐੱਲ.ਪੀ.ਜੀ. ਗੈਸ ਸਿਲੰਡਰ ਨੂੰ ਕਦੇ ਉਲਟਾ ਨਾ ਕਰੋ, ਸਗੋਂ ਸਿੱਧਾ ਖੜ੍ਹਾ ਰੱਖੋ।
2. ਗੈਸ ਚੁੱਲ੍ਹਾ, ਸਿਲੰਡਰ ਤੋਂ ਘੱਟੋ-ਘੱਟ 6 ਇੰਚ ਉੱਪਰ ਕਿਸੇ ਸਲੈਬ, ਟੇਬਲ ਅਤੇ ਹੋਰ ਉੱਚੀ ਜਗ੍ਹਾ 'ਤੇ ਰੱਖੋ ਕਿਉਂਕਿ ਚੁੱਲ੍ਹਾ ਥੱਲੇ ਹੋਣ 'ਤੇ ਗੈਸ ਦੀ ਲੀਕੇਜ ਦੌਰਾਨ ਹਾਦਸੇ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
3. ਚੁੱਲੇ ਨੂੰ ਅਜਿਹੀ ਜਗ੍ਹਾ ਰੱਖੋ, ਜਿਥੇ ਬਾਹਰੋਂ ਸਿੱਧੀ ਹਵਾ ਨਾ ਲੱਗੇ।
4. ਰਸੋਈ ਵਿਚ ਗੈਸ ਸਿਲੰਡਰ ਤੋਂ ਇਲਾਵਾ ਕਿਸੇ ਤਰ੍ਹਾਂ ਦੀਆਂ ਹੋਰ ਜਲਣਸ਼ੀਲ ਚੀਜ਼ਾਂ ਦੀ ਵਰਤੋਂ ਨਾ ਕਰੋ।
5. ਚੁੱਲ੍ਹਾ ਬਾਲਦੇ ਸਮੇਂ ਪਹਿਲਾਂ ਮਾਚਿਸ ਦੀ ਤੀਲੀ ਬਾਲੋ, ਉਸ ਤੋਂ ਬਾਅਦ ਗੈਸ ਆਨ ਕਰੋ।
6. ਖਾਣਾ ਬਣਾਉਂਦੇ ਸਮੇਂ ਚੁੱਲੇ 'ਤੇ ਰੱਖੇ ਗਰਮ ਭਾਂਡੇ ਨੂੰ ਪੱਲੇ ਨਾਲ ਨਾ ਉਤਾਰੋ।
7. ਰਾਤ ਨੂੰ ਸੌਣ ਤੋਂ ਪਹਿਲਾਂ ਰੈਗੂਲੇਟਰ ਜ਼ਰੂਰ ਬੰਦ ਕਰੋ।
8. ਹਰ 5 ਸਾਲ ਵਿਚ ਆਪਣਾ ਸੁਰੱਖਿਆ ਹੋਜ ਜ਼ਰੂਰ ਬਦਲੋ।
9. ਗੈਸ ਦੀ ਬਦਬੂ ਆਉਣ 'ਤੇ ਬਿਜਲੀ ਦਾ ਬਟਨ, ਲਾਈਟਰ, ਮਾਚਿਸ ਨਾ ਬਾਲੋ, ਸਗੋਂ ਖਿੜਕੀਆਂ ਤੇ ਦਰਵਾਜ਼ੇ ਖੋਲ੍ਹ ਦਿਓ।