ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਪੁੱਤਰ ’ਤੇ ਚੱਲੀਆਂ ਗੋਲੀਆਂ, ਭਲਕੇ ਫਗਵਾੜਾ ਬੰਦ ਦਾ ਐਲਾਨ

Tuesday, Nov 18, 2025 - 10:49 PM (IST)

ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਪੁੱਤਰ ’ਤੇ ਚੱਲੀਆਂ ਗੋਲੀਆਂ, ਭਲਕੇ ਫਗਵਾੜਾ ਬੰਦ ਦਾ ਐਲਾਨ

ਫਗਵਾੜਾ (ਜਲੋਟਾ) - ਫਗਵਾੜਾ ’ਚ ਅੱਜ ਦੇਰ ਸ਼ਾਮ ਸੰਘਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੌਜਵਾਨਾਂ ਦੀ ਇਕ ਟੋਲੀ ਨੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ ਦੇ ਪੁੱਤਰ ਸ਼ਿਵ ਸੈਨਾ ਨੇਤਾ ਜਿੰਮੀ ਕਰਵਲ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਕੁੱਟ-ਮਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਜਿੰਮੀ ਕਰਵਲ ’ਤੇ ਹੋਏ ਜਾਨਲੇਵਾ ਹਮਲੇ ਦੀ ਸੂਚਨਾ ਉਸ ਦੇ ਪਿਤਾ ਇੰਦਰਜੀਤ ਕਰਵਲ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਹੋਏ। ਇਸ ’ਤੇ ਮੁਲਜ਼ਮ ਨੌਜਵਾਨਾਂ ਨੇ ਇੰਦਰਜੀਤ ਕਰਵਲ ’ਤੇ ਵੀ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ।

PunjabKesari

ਜ਼ਖਮੀ ਹੋਏ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਡਾਕਟਰਾਂ ਮੁਤਾਬਕ ਜਿੰਮੀ ਕਰਵਲ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦੌਰਾਨ ਸ਼ਹਿਰ ’ਚ ਵਾਪਰੇ ਗੋਲੀਕਾਂਡ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ’ਚ ਨਗਰ ਨਿਗਮ ਫਗਵਾੜਾ ਦੇ ਮੇਅਰ ਸ਼੍ਰੀ ਰਾਮਪਾਲ ਉੱਪਲ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਡੀ. ਐੱਸ. ਪੀ. ਫਗਵਾੜਾ ਸ਼੍ਰੀ ਭਾਰਤ ਭੂਸ਼ਣ ਸਮੇਤ ਬਹੁਤ ਵੱਡੀ ਗਿਣਤੀ ’ਚ ਫਗਵਾੜਾ ਦੇ ਵਸਨੀਕ ਮੌਜੂਦ ਹਨ ਅਤੇ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ।

ਫਗਵਾੜਾ ਚ ਹੋਈ ਉਕਤ ਵਾਰਦਾਤ ਤੋਂ ਬਾਅਦ ਸ਼ਹਿਰ ਚ ਭਾਰੀ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸ਼ਿਵ ਸੈਨਿਕਾਂ, ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਸਾਥੀ ਸਮਰਥਕਾਂ ਵੱਲੋਂ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹਨਾਂ ਸਾਰੀਆਂ ਵਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਜਦ ਤੱਕ ਫਗਵਾੜਾ ਪੁਲਿਸ ਮਾਮਲੇ ਚ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇਹਨਾਂ ਖਿਲਾਫ ਬਣਦੀ ਸਖਤ ਪੁਲਿਸ ਕਾਰਵਾਈ ਨੂੰ ਪੂਰਾ ਨਹੀਂ ਕਰਦੀ ਹੈ ਤਦ ਤੱਕ ਫਗਵਾੜਾ ਦੇ ਬਾਜ਼ਾਰ ਬੰਦ ਰੱਖੇ ਜਾਣਗੇ।
 


author

Inder Prajapati

Content Editor

Related News