ਪੰਜਾਬ ''ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਅਹਿਮ ਖ਼ਬਰ, ਘਰੇਲੂ ਖ਼ਪਤਕਾਰਾਂ ਨੂੰ ਪਈ ਵੱਡੀ ਪਰੇਸ਼ਾਨੀ

Saturday, Nov 22, 2025 - 10:45 AM (IST)

ਪੰਜਾਬ ''ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਅਹਿਮ ਖ਼ਬਰ, ਘਰੇਲੂ ਖ਼ਪਤਕਾਰਾਂ ਨੂੰ ਪਈ ਵੱਡੀ ਪਰੇਸ਼ਾਨੀ

ਲੁਧਿਆਣਾ (ਖੁਰਾਣਾ) : ਸਰਦੀਆਂ ਦੇ ਦਸਤਕ ਦਿੰਦੇ ਹੀ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ’ਚ ਘਰੇਲੂ ਗੈਸ ਦੀ ਸਪਲਾਈ ’ਚ ਭਾਰੀ ਕਿੱਲਤ ਆ ਗਈ ਹੈ, ਜਿਸ ਕਾਰਨ ਖ਼ਪਤਕਾਰਾਂ ਦੀਆਂ ਪਰੇਸ਼ਾਨੀਆਂ ਅਚਾਨਕ ਵੱਧ ਗਈਆਂ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਇੰਡੇਨ ਗੈਸ ਅਤੇ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਨਾਲ ਸਬੰਧਿਤ ਜ਼ਿਆਦਾਤਰ ਗੈਸ ਏਜੰਸੀਆਂ ’ਤੇ 3 ਤੋਂ 5 ਦਿਨਾਂ ਤੱਕ ਦਾ ਬੈਕਲਾਗ ਲੱਗਾ ਹੋਇਆ ਹੈ। ਆਈ. ਓ. ਸੀ. ਐੱਲ. (ਇੰਡੇਨ ਆਇਲ ਕੰਪਨੀ ਅਤੇ ਐੱਚ. ਪੀ. ਸੀ.) ਹਿੰਦੋਸਤਾਨ ਪੈਟਰੋਲੀਅਮ ਕੰਪਨੀ) ਨਾਲ ਸਬੰਧਿਤ ਏਜੰਸੀਆਂ ’ਤੇ ਮਾਲ ਦੀ ਪੂਰੀ ਸਪਲਾਈ ਨਹੀਂ ਪੁੱਜ ਰਹੀ। ਇਹ ਜਾਣਕਾਰੀ ਦਿੰਦੇ ਹੋਏ ਕੁੱਝ ਡੀਲਰਾਂ ਨੇ ਦੱਸਿਆ ਕਿ ਗੈਸ ਕੰਪਨੀਆਂ ਤੋਂ ਮਾਲ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ, ਕਿਉਂਕਿ ਇਕ ਤਾਂ ਉਨ੍ਹਾਂ ਦੀ ਲੇਬਰ ਵਿਹਲੀ ਬੈਠੀ ਹੋਈ ਹੈ ਅਤੇ ਦੂਜਾ ਗੈਸ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰ ਦਾ ਸਿਲਸਿਲਾ ਰੁਕ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਜਾ ਰਹੀ ਵੱਡੀ INVESTMENT, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ (ਵੀਡੀਓ)

ਗੈਸ ਏਜੰਸੀਆਂ ਨਾਲ ਸਬੰਧਿਤ ਡੀਲਰ ਭਾਈਚਾਰੇ ਨੇ ਦੱਸਿਆ ਕਿ ਇੰਡੇਨ ਗੈਸ ਕੰਪਨੀ ਵਲੋਂ ਡੀਲਰਾਂ ਦੀ ਮੰਗ ਮੁਤਾਬਕ ਪਲਾਂਟ ਤੋਂ ਗੈਸ ਸਿਲੰਡਰ ਨਾਲ ਭਰੇ ਟਰੱਕ ਨਹੀਂ ਭੇਜੇ ਜਾ ਰਹੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਏਜੰਸੀਆਂ ’ਤੇ ਤਾਂ ਇਕ ਦਿਨ ਛੱਡ ਕੇ ਮਾਲ ਦੀ ਸਪਲਾਈ ਆ ਰਹੀ ਹੈ, ਜਿਸ ਕਾਰਨ ਘਰੇਲੂ ਗੈਸ ਖ਼ਪਤਕਾਰਾਂ ਨੂੰ ਸਿਲੰਡਰ ਦੀ ਸਪਲਾਈ ਕਰਨ ’ਚ ਰੁਕਾਵਟ ਆ ਰਹੀ ਹੈ, ਤਾਂ ਉਹੀ ਐੱਚ. ਪੀ. ਨਾਲ ਸਬੰਧਿਤ ਡੀਲਰਾਂ ਮੁਤਾਬਕ ਕੰਪਨੀ ਵਲੋਂ ਪਲਾਂਟ ਵਿਚ ਮੇਨਟੇਨੈਂਸ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਸਬੰਧਿਤ ਏਜੰਸੀ ਮਾਲਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਕੰਪਨੀ ਵਲੋਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੇਨਟੇਨੈਂਸ ਦਾ ਕੰਮ ਮੁਕੰਮਲ ਕਰ ਲਿਆ ਜਾਂਦਾ ਤਾਂ ਜੋ ਸਰਦੀਆਂ ਦੇ ਸੀਜ਼ਨ ’ਚ ਡੀਲਰ ਭਾਈਚਾਰੇ ਸਮੇਤ ਆਮ ਜਨਤਾ ਨੂੰ ਘਰੇਲੂ ਗੈਸ ਸਪਲਾਈ ਪ੍ਰਾਪਤ ਕਰਨ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪੈਂਦੀ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਸ਼ੁਰੂ ਹੋਣਗੀਆਂ ਚਾਰ ਨਵੀਆਂ ਇੰਟਰਨੈਸ਼ਨਲ ਉਡਾਣਾਂ! ਹਵਾਈ ਸਫ਼ਰ ਕਰਨ ਵਾਲੇ ਦੇਣ ਧਿਆਨ

ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਸੀਜ਼ਨ ’ਚ ਐੱਲ. ਪੀ. ਜੀ. ਗੈਸ ਦੀ ਖ਼ਪਤ ਵਰਤੋਂ 20 ਤੋਂ 25 ਫ਼ੀਸਦੀ ਤੱਕ ਵੱਧ ਜਾਂਦੀ ਹੈ, ਜਿਸ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਮੰਗ ਦਾ ਅੰਕੜਾ ਵੀ ਅਚਾਨਕ ਅਸਮਾਨ ਛੂਹਣ ਲੱਗ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਵਾਰ-ਵਾਰ ਚਾਹ, ਕਾਫੀ ਦਾ ਬਣਨਾ, ਰੋਟੀ-ਸਬਜ਼ੀ ਅਤੇ ਪਾਣੀ ਆਦਿ ਗਰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹਾਲਾਤ ਨਾ ਸੁਧਰੇ ਤਾਂ ਸ਼ਹਿਰ ਭਰ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਸਥਿਤੀ ਪੈਨਿਕ ਬਣ ਸਕਦੀ ਹੈ। ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਅਰਜਨ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਸਰਦੀਆਂ ਦੇ ਸੀਜ਼ਨ ਅਤੇ ਬੀਤੇ ਦਿਨੀਂ ਪਲਾਂਟ ਬੰਦ ਰਹਿਣ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਮੰਗ ਅਚਾਨਕ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਡੇਢ ਤੋਂ ਦੋ ਦਿਨ ਤੱਕ ਦੀ ਵੇਟਿੰਗ ਚੱਲ ਰਹੀ ਹੈ, ਜਿਸ ਨੂੰ ਜਲਦ ਹੀ ਸੁਧਾਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News