25,000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਗ੍ਰਿਫਤਾਰ
Thursday, Nov 20, 2025 - 08:02 PM (IST)
ਤਰਨਤਾਰਨ, (ਰਮਨ)- ਵਿਜੀਲੈਂਸ ਵਿਭਾਗ ਦੀ ਸ਼ਾਖਾ ਤਰਨਤਾਰਨ ਵੱਲੋਂ ਪਟਵਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੂੰ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਥਾਣਾ ਵਿਜੀਲੈਂਸ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਸ਼ਾਖਾ ਤਰਨਤਰਨ ਦੇ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ, ਪੁੱਤਰ ਕਾਹਨ ਸਿੰਘ ਨਿਵਾਸੀ ਅੰਮ੍ਰਿਤਸਰ ਵਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ ਪਿੰਡ ਬਾਲੇਚੱਕ ਜ਼ਿਲ੍ਹਾ ਤਰਨਤਾਰਨ ਵਿਖੇ 7 ਕਨਾਲ 4 ਮਰਲੇ ਦੇ ਕਰੀਬ ਖੇਤੀ ਯੋਗ ਜ਼ਮੀਨ ਹੈ। ਜਿਸ ਦਾ ਇੰਤਕਾਲ ਦਰੁਸਤ ਕਰਵਾਉਣ ਲਈ ਪਟਵਾਰੀ ਸਰਬਜੀਤ ਸਿੰਘ ਵਾਸੀ ਤਰਨਤਾਰਨ ਜੋ ਪਟਵਾਰੀ ਐਸੋਸੀਏਸ਼ਨ ਦਾ ਜਿਲ੍ਹਾ ਪ੍ਰਧਾਨ ਵੀ ਹੈ ਵੱਲੋਂ 1 ਲੱਖ ਰੁਪਏ ਰਿਸ਼ਵਤ ਮੰਗੀ ਗਈ ਹੈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਟ੍ਰੈਪ ਲਗਾਉਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ- 10ਵੀਂ ਪਾਸ ਨੇ ਘਰ 'ਚ ਹੀ ਖੋਲ੍ਹੀ ਨਕਲੀ ਨੋਟਾਂ ਦੀ ਫੈਕਟਰੀ, 2 ਲੱਖ ਦੀ ਜਾਲੀ ਕਰੰਸੀ ਸਮੇਤ ਕਾਬੂ
ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਟਵਾਰੀ ਵੱਲੋਂ ਮੁਦਈ ਨਾਲ ਬਾਅਦ ਵਿੱਚ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਜਿਸ ਦੇ ਸੰਬੰਧ ਵਿੱਚ 5 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਗਏ। ਵੀਰਵਾਰ ਸਥਾਨਕ ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਟ੍ਰੈਪ ਲਗਾਉਂਦੇ ਹੋਏ ਪਟਵਾਰੀ ਸਰਬਜੀਤ ਸਿੰਘ ਨੂੰ ਉਨ੍ਹਾਂ ਦੇ ਸਰਕਾਰੀ ਕੈਬਿਨ 'ਚੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਵਿਜਲੈਂਸ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸ਼ਰਾਬ ਪੀ ਕੇ ਬਾਈਕ ਚਲਾਉਣ ਵਾਲੇ ਦਾ ਚਲਾਨ ਕੱਟਣ ਦੀ ਬਜਾਏ ਦਿੱਤੀ ਅਜਿਹੀ ਸਜ਼ਾ ਕਿ ਹਰ ਥਾਂ ਹੋ ਰਹੀ ਚਰਚਾ
