ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ! ਗਈ ਇਕ ਜਾਨ
Saturday, Nov 22, 2025 - 12:49 PM (IST)
ਲੁਧਿਆਣਾ: ਲੁਧਿਆਣਾ ਵਿਚ ਇਕ ਭਿਆਨਕ ਸੜਕ ਹਾਦਸੇ 'ਚ ਟਰੱਕ ਦੇ CNG ਸਿਲੰਡਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਪੂਰਾ ਟਰੱਕ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਟਰੱਕ ਦਾ ਡਰਾਈਵਰ ਕੈਬਿਨ ਵਿਚ ਫੱਸ ਕੇ ਹੀ ਜਿਉਂਦਾ ਸੜ ਗਿਆ। ਮੰਜ਼ਰ ਇੰਨਾ ਭਿਆਨਕ ਸੀ ਕਿ ਹਾਦਸੇ ਦੌਰਾਨ ਡਰਾਈਵਰ ਅੱਗ ਦੀਆਂ ਲਪਟਾਂ ਦੇ ਵਿਚਕਾਰੋਂ ਮਦਦ ਲਈ ਹੱਥ ਹਿਲਾਉਂਦਾ ਰਿਹਾ ਅਤੇ ਚੀਕਦਾ ਰਿਹਾ। ਪਰ ਅੱਗ ਜ਼ਿਆਦਾ ਹੋਣ ਕਾਰਨ ਕੋਈ ਵੀ ਉਸ ਦੇ ਨੇੜੇ ਨਹੀਂ ਜਾ ਸਕਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਡਰਾਈਵਰ ਦੀ ਕੈਬਿਨ ਵਿਚ ਹੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਡਰਾਈਵਰ ਦੀ ਪਛਾਣ ਭੂਸ਼ਣ ਵਜੋਂ ਹੋਈ ਹੈ। ਉਹ ਮਾਲਵਾ ਟਰਾਂਸਪੋਰਟ ਦਾ ਟਰੱਕ ਚਲਾਉਂਦਾ ਸੀ ਅਤੇ ਉਸ ਨੇ ਫਿਰੋਜ਼ਪੁਰ ਰੋਡ 'ਤੇ ਸਾਮਾਨ ਦੀ ਡਿਲੀਵਰੀ ਕਰਨੀ ਸੀ। ਉਹ ਸ਼ੁੱਕਰਵਾਰ ਰਾਤ ਨੂੰ ਟਰਾਂਸਪੋਰਟ ਨਗਰ ਤੋਂ ਟਰੱਕ ਵਿਚ ਸਾਮਾਨ ਲੋਡ ਕਰਕੇ ਫਿਰੋਜ਼ਪੁਰ ਰੋਡ ਵੱਲ ਰਵਾਨਾ ਹੋਇਆ ਸੀ। ਟਰੱਕ ਵਿਚ ਲੱਦਿਆ ਗਿਆ ਸਾਮਾਨ ਵੱਖ-ਵੱਖ ਦੁਕਾਨਾਂ ਵਿਚ ਪਹੁੰਚਾਇਆ ਜਾਣਾ ਸੀ। ਹਾਦਸਾ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਭਾਈਵਾਲਾ ਚੌਕ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਫਲਾਈਓਵਰ 'ਤੇ ਵਾਪਰਿਆ।
ਹਾਦਸੇ ਦੇ ਚਸ਼ਮਦੀਦ ਬਲ ਸਿੰਘ ਮੁਤਾਬਕ ਉਹ ਸਟੋਰ ਦੇ ਬਾਹਰ ਖੜ੍ਹੇ ਸਨ ਜਦੋਂ ਅਚਾਨਕ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਜਦੋਂ ਉਹ ਦੌੜ ਕੇ ਉੱਥੇ ਗਏ ਤਾਂ ਟਰੱਕ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ ਅਤੇ ਡਰਾਈਵਰ ਕੈਬਿਨ ਵਿਚ ਫਸਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਟਰੱਕ ਨੂੰ ਮੇਨ ਬੋਰਡ ਵਾਲੇ ਪਿੱਲਰ ਨਾਲ ਟੱਕਰ ਮਾਰ ਦਿੱਤੀ ਸੀ। ਜਿਸ ਨਾਲ ਟਰੱਕ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਕਿੰਟਾਂ ਵਿਚ ਪੂਰਾ ਟਰੱਕ ਲਪਟਾਂ ਨਾਲ ਘਿਰ ਗਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਸਿਵਲ ਹਸਪਤਾਲ 'ਚ ਲੱਗੀ ਅੱਗ! ਸਵੇਰੇ-ਸਵੇਰੇ ਪੈ ਗਈਆਂ ਭਾਜੜਾਂ
ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿਚ ਇਹ ਸਾਹਮਣੇ ਆਇਆ ਹੈ ਕਿ ਟਰੱਕ ਦੀ ਮੇਨ ਬੋਰਡ ਵਾਲੇ ਪਿੱਲਰ ਨਾਲ ਟੱਕਰ ਹੋਈ। ਇਹ ਟਰੱਕ CNG ਵਾਲਾ ਸੀ। ਸ਼ੁਰੂਆਤੀ ਜਾਂਚ ਅਨੁਸਾਰ ਇਸ ਹਾਦਸੇ ਵਿਚ CNG ਸਿਲੰਡਰ ਵਿਚ ਟੱਕਰ ਲੱਗੀ, ਜਿਸ ਕਾਰਨ ਉਸ ਵਿਚ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਫੈਲਦੇ ਹੋਏ ਪੂਰੇ ਟਰੱਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਪੁਲਸ ਇਸ ਹਾਦਸੇ ਦੀ ਪੂਰੀ ਜਾਂਚ ਕਰ ਰਹੀ ਹੈ।
ਅੱਧੇ ਘੰਟੇ ਤਕ ਅੱਗ 'ਚ ਫਸਿਆ ਰਿਹਾ ਡਰਾਈਵਰ
ਫਾਇਰ ਅਫਸਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ 11:30 ਵਜੇ ਹਾਦਸੇ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 2-3 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀ। ਫਾਇਰ ਅਫਸਰ ਨੇ ਦੱਸਿਆ ਕਿ ਟਰੱਕ ਵਿਚ ਦਵਾਈਆਂ ਦੇ ਪਾਰਸਲ ਭਰੇ ਹੋਏ ਸਨ, ਜਿਸ ਕਾਰਨ ਅੱਗ ਹੋਰ ਵੀ ਤੇਜ਼ ਹੋ ਗਈ ਸੀ। ਧੂੰਆਂ ਜ਼ਿਆਦਾ ਹੋਣ ਕਾਰਨ ਉਹ ਜਲਦੀ ਅੰਦਰ ਨਹੀਂ ਜਾ ਸਕੇ। ਡਰਾਈਵਰ ਕਰੀਬ ਅੱਧੇ ਘੰਟੇ ਤੱਕ ਫਸਿਆ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
