ਸਪਲਾਈ ਕਰੋ ਬੰਦ, ਕੱਲ ਨਹੀਂ ਕਰਾਂਗੇ ਲਿਹਾਜ਼

06/03/2018 6:28:58 AM

ਕਾਲਾ ਸੰਘਿਆਂ, (ਅਮਰਜੀਤ)- ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 1 ਤੋਂ ਲੈ ਕੇ 10 ਜੂਨ ਤਕ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਸ਼ੁਰੂ ਕੀਤੀ ਗਈ ਦੇਸ਼ ਪਿਆਪੀ ਹੜਤਾਲ ਦੇ ਦੂਸਰੇ ਦਿਨ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨ ਸੜਕਾਂ 'ਤੇ ਉਤਰ ਆਏ ਤੇ ਪਿਆਰ ਨਾਲ ਅੱਜ ਘੇਰੇ ਹੋਏ ਪਿੰਡਾਂ ਵਿਚੋਂ ਸ਼ਹਿਰਾਂ ਨੂੰ ਦੁੱਧ ਇਕੱਠਾ ਕਰ ਕੇ ਲਿਜਾ ਰਹੇ ਦੋਧੀਆਂ ਨੂੰ ਤਾੜਨਾ ਕਰ ਕੇ ਵਾਪਸ ਭੇਜ ਦਿੱਤਾ ਤੇ ਆਖਿਆ ਕਿ ਕਲ ਤੋਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।ਰਾਸ਼ਟਰੀ ਕਿਸਾਨ ਮਹਾਸੰਘ ਦੇ ਬੈਨਰ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਦੀ ਡੰਗ ਟਪਾਊ ਨੀਤੀ ਤੋਂ ਅੱਕ ਕੇ ਇਹ ਸੰਘਰਸ਼ 10 ਦਿਨਾਂ ਲਈ ਆਰੰਭ ਦਿੱਤਾ ਹੈ।
ਕਿਸਾਨਾਂ ਦਾ ਗੁੱਸਾ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਵੀ ਸੱਤਵੇਂ ਅਸਮਾਨ 'ਤੇ ਪੁੱਜ ਗਿਆ ਹੈ ਤੇ ਇਸੇ ਰੋਸ ਵਿਚ ਹਜ਼ਾਰਾਂ ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਜ਼ਿਲਾ ਪ੍ਰਸ਼ਾਸਨ ਨੂੰ ਸੌਂਪ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ, ਕਈ ਥਾਵਾਂ 'ਤੇ ਅੰਦੋਲਨ ਕਰ ਰਹੇ ਕਿਸਾਨ ਦੁੱਧ ਵਾਲੇ ਡਰੰਮਾਂ ਨੂੰ ਸੜਕ 'ਤੇ ਰੋੜ੍ਹਦੇ ਹੋਏ ਅਤੇ ਗੱਡੀਆਂ ਵਿਚੋਂ ਸਬਜ਼ੀਆਂ ਸੜਕ 'ਤੇ ਖਿਲਾਰਦੇ ਹੋਏ ਦੇਖੇ ਜਾਣ ਦੇ ਸੋਸ਼ਲ ਮੀਡੀਆ 'ਤੇ ਦ੍ਰਿਸ਼ ਆਉਣ ਦਾ ਆਮ ਜਨਤਾ ਭਾਵੇਂ ਬੁਰਾ ਮਨਾ ਰਹੀ ਹੈ ਪਰ ਉਹ ਕਿਸਾਨੀ ਦੀ ਬਾਂਹ ਫੜੇ ਜਾਣ ਦੀ ਵੀ ਸਰਕਾਰਾਂ ਨੂੰ ਗੁਹਾਰ ਲਗਾ ਰਹੀ ਹੈਇਸ ਇਲਾਕੇ ਦੇ ਪਿੰਡ ਨਿੱਝਰਾਂ ਵਿਖੇ ਸ਼ਾਮ 6.30 ਵਜੇ ਪਿੰਡ ਨਿੱਝਰਾਂ ਤੇ ਗੋਬਿੰਦਪੁਰ ਦੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਪਹਿਲਾਂ ਤਾਂ ਦੋਧੀਆਂ ਦੇ ਡਰੰਮ ਕਬਜ਼ੇ ਵਿਚ ਲਏ ਪਰ ਬਾਅਦ ਵਿਚ ਫੈਸਲਾ ਕਰ ਕੇ ਤਾੜਨਾ ਕਰ ਕੇ ਛੱਡ ਦਿੱਤਾ ਤੇ ਕਿਹਾ ਕਿ ਕਲ 3 ਜੂਨ ਤੋਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਤੇ ਕੋਈ ਵੀ ਜ਼ਰੂਰੀ ਵਸਤ ਵੇਚਣ ਲਈ ਸ਼ਹਿਰਾਂ ਵਿਚ ਲਿਜਾਣ ਦੀ ਸਖਤ ਮਨਾਹੀ ਹੋਵੇਗੀ। 
ਰਾਮਪੁਰ ਚੌਕ ਵਿਚ ਇਕੱਤਰ ਕਿਸਾਨਾਂ ਨੇ ਵੀ ਸਾਰਾ ਦਿਨ ਮੋਰਚਾ ਲਾਈ ਰੱਖਿਆ ਤੇ ਇਕ ਸਕੂਲੀ ਬੱਸ ਵਿਚ ਕਿਸੇ ਡੇਅਰੀ ਵਾਲੇ ਵਲੋਂ ਲੁਕਾ ਕੇ ਦੁੱਧ ਵਾਲੇ ਡਰੰਮ ਸ਼ਹਿਰ ਲਿਜਾਣ ਦੀ ਸੂਚਨਾ ਮਿਲਣ 'ਤੇ ਬੱਸ ਘੇਰ ਕੇ ਡਰੰਮ ਕਬਜ਼ੇ ਵਿਚ ਲੈ ਲਏ। ਸ਼ੇਖੁਪੁਰਾ ਵਿਖੇ ਵੀ ਇਕ ਮੋਟਰਸਾਈਕਲ ਸਵਾਰ ਦੋਧੀ ਵਲੋਂ ਮੁਜ਼ਾਹਰਾਕਾਰੀਆਂ ਨੂੰ ਵੇਖ ਕੇ ਮੋਟਰਸਾਈਕਲ ਭਜਾ ਲਿਆ ਗਿਆ ਪਰ ਪਿੱਛਾ ਕਰ ਕੇ ਦੋਧੀ ਫੜ ਲਿਆ ਤੇ ਉਸ ਦੇ ਪਾਸੋਂ ਮਿਲਿਆ ਦੁੱਧ ਡੋਲ੍ਹਣ ਦੀ ਬਜਾਏ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰ ਖਾਨਪੁਰ ਵਿਖੇ ਭੇਜਣ ਦਾ ਫੈਸਲਾ ਲਿਆ ਗਿਆ। ਪਿੰਡ ਨਿੱਝਰਾਂ ਦੇ ਬੱਸ ਅੱਡੇ 'ਤੇ ਸ਼੍ਰੀ ਪੁਸ਼ਪ ਬਾਦੀ ਐੱਸ. ਐੱਚ. ਓ. ਲਾਂਬੜਾ ਪੁੱਜੇ ਤੇ ਮੁਜ਼ਾਹਰਾਕਾਰੀਆਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਤਾਕੀਦ ਕਰ ਕੇ ਕਿਸੇ ਨਾਲ ਧੱਕਾ ਨਾ ਕੀਤੇ ਜਾਣ ਦੀ ਵੀ ਅਪੀਲ ਕੀਤੀ।


Related News