ਬੱਚਿਆਂ ਦੀ ਜਾਨ ਦਾ ਖੌਅ ਬਣੇ ਬਿਜਲੀ ਦੇ ਟਰਾਂਸਫਾਰਮਰ

Wednesday, May 23, 2018 - 07:07 AM (IST)

ਜਲੰਧਰ, (ਸੁਨੀਲ)- ਨਾਰਥ ਵਿਧਾਨ ਸਭਾ ਖੇਤਰ 'ਚ ਪੈਂਦੇ ਵਾਰਡ ਨੰਬਰ 61 ਦੇ ਮੁਹੱਲਾ ਅਮਨ ਨਗਰ ਵਿਚ ਇਕ ਪ੍ਰਾਈਵੇਟ ਸਕੂਲ ਕੋਲ ਲੱਗੇ ਬਿਜਲੀ ਦੇ 2 ਟਰਾਂਸਫਾਰਮਰ ਬੱਚਿਆਂ ਦੀ ਜਾਨ ਦਾ ਖੌਅ ਬਣ ਗਏ ਹਨ ਕਿਉਂਕਿ ਇਹ ਉਸ ਜਗ੍ਹਾ ਲਾਏ ਗਏ ਹਨ, ਜਿਥੋਂ ਬੱਚੇ ਤੇ ਲੋਕ ਲੰਘਦੇ ਹਨ। ਇਕ ਟਰਾਂਸਫਾਰਮਰ ਤਾਂ ਜ਼ਮੀਨ 'ਤੇ ਹੀ ਰੱਖਿਆ ਹੋਇਆ ਹੈ, ਜਦਕਿ ਦੂਜੇ ਵਾਲੇ ਦੀ ਉਚਾਈ ਜ਼ਿਆਦਾ ਨਹੀਂ ਹੈ। ਨਾਲ ਹੀ ਲੱਗਦੇ ਕੁਆਰਟਰਾਂ ਵਿਚ ਰਹਿ ਰਹੇ ਬੱਚੇ ਵੀ ਇਥੇ ਖੇਡਦੇ ਰਹਿੰਦੇ ਹਨ। ਨਾ ਤਾਂ ਬਿਜਲੀ ਬੋਰਡ ਨੇ ਇਨ੍ਹਾਂ ਨੂੰ ਲਗਾਉਣ ਤੋਂ ਪਹਿਲਾਂ ਸੁਰੱਖਿਆ ਇੰਤਜ਼ਾਮ ਦੀ ਵਿਵਸਥਾ ਕੀਤੀ ਅਤੇ ਨਾ ਹੀ ਇਲਾਕੇ ਦੇ ਕੌਂਸਲਰ ਨੇ ਇਸ ਵੱਲ ਧਿਆਨ ਦਿੱਤਾ।
ਜੇਕਰ ਕਿਸੇ ਦਿਨ ਇਨ੍ਹਾਂ ਦੋਵਾਂ ਟਰਾਂਸਫਾਰਮਰਾਂ ਵਿਚ ਕੋਈ ਹਾਦਸਾ ਹੋਇਆ ਤਾਂ ਕੋਈ ਨਾ ਕੋਈ ਸਕੂਲੀ ਬੱਚਾ ਜਾਂ ਫਿਰ ਇਥੇ ਰਹਿਣ ਵਾਲੇ ਬੱਚੇ ਦੀ ਜਾਨ ਜੋਖਮ ਵਿਚ ਪੈ ਜਾਵੇਗੀ। ਉਥੇ ਦੂਜੇ ਪਾਸੇ ਸਕੂਲ ਤੋਂ ਥੋੜ੍ਹੀ ਦੂਰ ਪੈਂਦੇ ਮੰਦਰ ਦੇ ਗੁਬੰਦ ਦੇ ਆਲੇ-ਦੁਆਲੇ ਤੋਂ ਨੰਗੀਆਂ ਤਾਰਾਂ ਲੰਘਦੀਆਂ ਹਨ, ਜੋ ਕਿਸੇ ਦਿਨ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀਆਂ ਹਨ।
ਇਥੋਂ ਸ਼ਿਫਟ ਹੋਣ ਟਰਾਂਸਫਾਰਮਰ : ਮੁਹੱਲਾ ਵਾਸੀ
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਟਰਾਂਸਫਾਰਮਰਾਂ ਨੂੰ ਖੰਭੇ ਉਪਰ ਰੱਖ ਕੇ ਉੱਚਾ ਕੀਤਾ ਜਾਵੇ ਨਹੀਂ ਤਾਂ ਇਨ੍ਹਾਂ ਨੂੰ ਇਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਬੱਚਿਆਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ।  
ਕੌਣ ਹੋਵੇਗਾ ਹਾਦਸੇ ਦਾ ਜ਼ਿੰਮੇਵਾਰ?
ਬਿਜਲੀ ਦੇ ਟਰਾਂਸਫਾਰਮਰਾਂ ਦੀ ਜਗ੍ਹਾ ਨੂੰ ਲੈ ਕੇ ਇਹੀ ਖਿਆਲ ਆਉਂਦਾ ਹੈ ਕਿ ਆਖਿਰ ਇਸ ਨੂੰ ਲਗਾਉਣ ਵਾਲੇ ਜ਼ਿੰਮੇਵਾਰ ਹਨ ਜਾਂ ਫਿਰ ਇਲਾਕਾ ਵਾਸੀ, ਜਿਨ੍ਹਾਂ ਨੇ ਇਨ੍ਹਾਂ ਨੂੰ ਅਜਿਹੀ ਦਿਸ਼ਾ ਵਿਚ ਲਗਾਉਣ ਤੋਂ ਬਾਅਦ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਕੋਲ ਹੀ ਖੇਡਦੇ ਰਹਿੰਦੇ ਹਨ ਬੱਚੇ
ਇਨ੍ਹਾਂ ਦੋਵਾਂ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਬੱਚੇ ਅਕਸਰ ਖੇਡਦੇ ਦੇਖੇ ਜਾਂਦੇ ਹਨ। ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਗੇਂਦ ਨਾਲ ਖੇਡਦੇ ਹਨ ਤਾਂ  ਜ਼ਿਆਦਾਤਰ ਉਨ੍ਹਾਂ ਦਾ ਧਿਆਨ ਇਨ੍ਹਾਂ ਟਰਾਂਸਫਾਰਮਰਾਂ ਵੱਲ ਚਲਿਆ ਜਾਂਦਾ ਹੈ, ਜੋ ਬੱਚੇ ਦੀ ਜਾਨ ਨੂੰ ਜੋਖਮ ਵਿਚ ਪਾ ਦੇਣਗੇ। ਟਰਾਂਸਫਾਰਮਰ ਨਾਲ ਲੱਗੀਆਂ ਤਾਰਾਂ ਕਾਫੀ ਹੇਠਾਂ ਤੱਕ ਲਟਕੀਆਂ ਹੋਈਆਂ ਹਨ ਅਤੇ ਕੋਈ ਵੀ ਬੱਚਾ ਇਨ੍ਹਾਂ ਨੂੰ ਆਸਾਨੀ ਨਾਲ ਛੂਹ ਸਕਦਾ ਹੈ। ਮੁਹੱਲਾ ਵਾਸੀ ਆਪਣੇ ਬੱਚੇ ਨੂੰ ਇਸਦੇ ਕੋਲੋਂ ਵੀ ਨਹੀਂ ਲੰਘਣ ਦਿੰਦੇ ਕਿਉਂਕਿ ਉਨ੍ਹਾਂ ਦੇ ਮੰਨ ਅੰਦਰ ਟਰਾਂਸਫਾਰਮਰਾਂ ਨੂੰ ਲੈ ਕੇ ਡਰ ਜਿਹਾ ਬਣਿਆ ਹੋਇਆ ਹੈ। 


Related News